ਦੁਬਈ: ਭਾਰਤੀ ਆਫ਼ ਸਪਿੰਨਰ ਰਵੀਚੰਦਰਨ ਅਸ਼ਵਿਨ(36) ਵਿਸ਼ਵ ਦਾ ਨੰਬਰ ਇਕ ਟੈਸਟ ਗੇਂਦਬਾਜ਼ ਬਣ ਗਿਆ ਹੈ। ਅਸ਼ਵਿਨ ਨੇ ਆਈਸੀਸੀ ਵੱਲੋਂ ਪੁਰਸ਼ਾਂ ਦੇ ਵਰਗ ਵਿੱਚ ਟੈਸਟ ਗੇਂਦਬਾਜ਼ੀ ਲਈ ਜਾਰੀ ਦਰਜਾਬੰਦੀ ਵਿੱਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੂੰ ਪਛਾੜ ਕੇ ਪਹਿਲਾ ਸਥਾਨ ਮੱਲਿਆ ਹੈ। ਭਾਰਤੀ ਗੇਂਦਬਾਜ਼ ਨੂੰ ਨਵੀਂ ਦਿੱਲੀ ਵਿੱਚ ਆਸਟਰੇਲੀਆ ਖਿਲਾਫ਼ ਖੇਡੇ ਦੂਜੇ ਟੈਸਟ ਕ੍ਰਿਕਟ ਵਿੱਚ ਛੇ ਵਿਕਟਾਂ ਲੈ ਕੇ ਟੀਮ ਦੀ ਜਿੱਤ ਵਿੱਚ ਪਾਏ ਯੋਗਦਾਨ ਸਦਕਾ ਦਰਜਾਬੰਦੀ ਵਿੱਚ ਦੋ ਸਥਾਨਾਂ ਦਾ ਫਾਇਦਾ ਹੋਇਆ ਹੈ। ਇੰਗਲੈਂਡ ਨੂੰ ਵੈਲਿੰਗਟਨ ਟੈਸਟ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਹੱਥੋਂ ਮਿਲੀ ਹਾਰ ਮਗਰੋਂ ਐਂਡਰਸਨ ਦਰਜਾਬੰਦੀ ਵਿੱਚ ਦੂਜੀ ਥਾਵੇਂ ਆ ਗਿਆ ਹੈ। ਅਸ਼ਵਿਨ ਦੇ 864 ਤੇ ਐਂਡਰਸਨ ਦੇ 859 ਦਰਜਾਬੰਦੀ ਪੁਆਇੰਟ ਹਨ। ਉਧਰ ਆਸਟਰੇਲੀਆ ਖਿਲਾਫ਼ ਦੂਜੇ ਟੈਸਟ ਵਿੱਚ ਦਸ ਵਿਕਟਾਂ ਲੈਣ ਵਾਲਾ ਰਵਿੰਦਰ ਜਡੇਜਾ ਦਰਜਾਬੰਦੀ ਵਿੱਚ 8ਵੀਂ ਪਾਇਦਾਨ ‘ਤੇ ਹੈ। -ਪੀਟੀਆਈ