ਇੰਦੌਰ: ਭਾਰਤੀ ਟੀਮ ਅੱਜ ਇੱਥੇ ਆਸਟਰੇਲੀਆ ਖ਼ਿਲਾਫ਼ ਬਾਰਡਰ-ਗਾਵਸਕਾਰ ਟਰਾਫੀ ਦੇ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਪਹਿਲੀ ਪਾਰੀ ਵਿੱਚ ਸਿਰਫ 109 ਦੌੜਾਂ ‘ਤੇ ਹੀ ਆਊਟ ਹੋ ਗਈ। ਭਾਰਤ ਵੱਲੋਂ ਵਿਰਾਟ ਕੋਹਲੀ ਨੇ ਸਭ ਤੋਂ ਵੱੱਧ 22 ਦੌੜਾਂ ਜਦਕਿ ਸ਼ੁਭਮਨ ਗਿੱਲ ਨੇ 21 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ 12 ਜਦਕਿ ਸਿਰਕਾਰ ਭਾਰਤ ਤੇ ਉਮੇਸ਼ ਯਾਦਵ 17-17 ਦੌੜਾਂ ਬਣਾ ਕੇ ਆਊਟ ਹੋਏ। ਆਸਟਰੇਲੀਆ ਵੱਲੋਂ ਸਪਿੰਨ ਗੇਂਦਬਾਜ਼ ਮੈਥਿਊ ਕੁਹਨੇਮੈਨ ਨੇ 5 ਅਤੇ ਨਾਥਨ ਲਿਓਨ ਨੇ 3 ਵਿਕਟਾਂ ਲਈਆਂ। ਇਸ ਦੇ ਜਵਾਬ ‘ਚ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ ਸਲਾਮੀ ਬੱਲੇਬਾਜ਼ਾਂ ਉਸਮਾਨ ਖਵਾਜ਼ਾ ਦੇ ਅਰਧ ਸੈਂਕੜੇ ਸਦਕਾ ਦਿਨ ਦੀ ਖੇਡ ਖਤਮ ਹੋਣ ਤੱਕ 4 ਵਿਕਟਾਂ ਗੁਆ ਕੇ 156 ਦੌੜਾਂ ਬਣਾਉਂਦਿਆਂ ਮੇਜ਼ਬਾਨ ਟੀਮ ਤੋਂ 47 ਦੌੜਾਂ ਦੀ ਲੀਡ ਹਾਸਲ ਕਰ ਲਈ। ਖਵਾਜ਼ਾ ਨੇ 60 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਮਾਰਨਸ ਲਾਬੂਸ਼ੇਨ ਨੇ 31 ਦੌੜਾਂ ਅਤੇ ਸਟੀਵ ਸਮਿਥ 26 ਦੌੜਾਂ ਬਣਾਉਂਦਿਆਂ ਟੀਮ ਨੂੰ 47 ਦੌੜਾਂ ਦੀ ਲੀਡ ਦਿਵਾਈ। ਦਿਨ ਦੀ ਖੇਡ ਖਤਮ ਹੋਣ ਸਮੇਂ ਪੀਟਰ ਹੈਂਡਸਕੌਂਬ 7 ਦੌੜਾਂ ਅਤੇ ਕੈਮਰੌਨ ਗਰੀਨ 6 ਦੌੜਾਂ ਬਣਾ ਕੇ ਕਰੀਜ਼ ‘ਤੇ ਸਨ। ਭਾਰਤ ਵੱਲੋਂ ਚਾਰੋਂ ਵਿਕਟਾਂ ਰਵਿੰਦਰ ਜਡੇਜਾ ਨੇ ਹਾਸਲ ਕੀਤੀਆਂ। ਇਸੇ ਦੌਰਾਨ ਹਰਫਨਮੌਲਾ ਰਵਿੰਦਰ ਜਡੇਜਾ ਕੌਮਾਂਤਰੀ ਮੈਚਾਂ (ਟੈਸਟ, ਇੱਕ ਦਿਨਾਂ, ਟੀ-20) ਵਿੱਚ 500 ਵਿਕਟਾਂ ਲੈਣ ਅਤੇ 5000 ਦੌੜਾਂ ਬਣਾਉਣ ਵਾਲਾ ਦੂਜਾ ਭਾਰਤੀ ਕ੍ਰਿਕਟਰ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਪ੍ਰਾਪਤੀ ਕਪਿਲ ਦੇਵ ਦੇ ਨਾਂ ਦਰਜ ਹੈ। -ਏਜੰਸੀ