ਨਵੀਂ ਦਿੱਲੀ: ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੈਨਿਸ ਖਿਡਾਰਨ ਵੈਦੇਹੀ ਚੌਧਰੀ ਨੂੰ ਆਗਾਮੀ ਏਸ਼ੀਆ ਓਸ਼ਿਆਨਾ ਗਰੁੱਪ ਇੱਕ ਮੁਕਾਬਲੇ ਲਈ ਭਾਰਤ ਦੀ ਬਿਲੀ ਜੀਨ ਕਿੰਗ ਕੱਪ ਟੈਨਿਸ ਟੀਮ ਲਈ ਚੁਣਿਆ ਗਿਆ ਹੈ ਜਦਿਕ ਤਜਰਬੇਕਾਰ ਅੰਕਿਤਾ ਰੈਨਾ ਅਤੇ ਕਰਮਨ ਕੌਰ ਥਾਂਦੀ ਵੀ ਟੀਮ ਵਿੱਚ ਸ਼ਾਮਲ ਹਨ। ਚੌਧਰੀ ਨੇ ਹਾਲ ਹੀ ਵਿੱਚ ਹਮਵਤਨ ਸੰਦੀਪਤੀ ਸਿੰਘ ਨੂੰ ਹਰਾ ਕੇ ਗੁਰੂਗ੍ਰਾਮ ਵਿੱਚ ਆਪਣਾ ਦੂਜਾ ਆਈਟੀਐੱਫ ਮਹਿਲਾ ਸਿੰਗਲ ਖਿਤਾਬ ਜਿੱਤਿਆ ਸੀ। ਪੰਜ ਖਿਡਾਰੀਆਂ ਦੀ ਟੀਮ ਵਿੱਚ ਸਹਿਜਾ ਯਮਲਾਪੱਲੀ ਵੀ ਸ਼ਾਮਲ ਹੈ ਜਦਕਿ ਰਿਤੁਜਾ ਭੋਸਲੇ ਵੀ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਰੱਖਣ ਵਿੱਚ ਕਾਮਯਾਬ ਰਹੀ ਹੈ। ਚੋਣ ਕਮੇਟੀ ਨੇ ਰੀਆ ਭਾਟੀਆ ਦੀ ਟੀਮ ਵਿੱਚ ਚੋਣ ਨਹੀਂ ਕੀਤੀ। ਇਹ ਮੁਕਾਬਲੇ 10 ਅਪਰੈਲ ਤੋਂ ਤਾਸ਼ਕੰਦ ਵਿੱਚ ਖੇਡੇ ਜਾਣਗੇ। ਏਆਈਟੀਏ ਨੇ ਵਿਸ਼ਾਲ ਉੱਪਲ ਦੀ ਜਗ੍ਹਾ ਇਸ ਵਾਰ ਸ਼ਾਲਿਨੀ ਠਾਕੁਰ ਚਾਵਲਾ ਨੂੰ ਕਪਤਾਨ ਬਣਾਇਆ ਹੈ, ਜੋ ਪਿਛਲੇ ਮੁਕਾਬਲੇ ਵਿੱਚ ਕੋਚ ਸੀ। ਏਆਈਟੀਏ ਦੇ ਜਨਰਲ ਸਕੱਤਰ ਅਨਿਲ ਧੂਪਰ ਨੇ ਕਿਹਾ ਕਿ ਇਸ ਪਿੱਛੇ ਕੋਈ ਸਿਆਸਤ ਜਾਂ ਏਜੰਡਾ ਨਹੀਂ ਹੈ। ਉਨ੍ਹਾਂ ਕਿਹਾ, ”ਉਸ (ਵਿਸ਼ਾਲ ਉੱਪਲ) ਨੂੰ ਬਰਖਾਸਤ ਨਹੀਂ ਕੀਤਾ ਗਿਆ। ਇਹ ਇੱਕ ਮਹਿਲਾ ਟੀਮ ਹੈ ਅਤੇ ਅਸੀਂ ਸਿਰਫ਼ ਮਹਿਲਾ ਕੋਚਿੰਗ ਸਟਾਫ਼ ਚਾਹੁੰਦੇ ਸੀ। ਖੇਡ ਮੰਤਰਾਲਾ ਵੀ ਇਸ ਦਾ ਸਮਰਥਨ ਕਰਦਾ ਹੈ। ਵਿਸ਼ਾਲ ਬਹੁਤ ਮਿਹਨਤੀ ਹੈ ਅਤੇ ਭਵਿੱਖ ਵਿੱਚ ਉਸ ਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।” -ਪੀਟੀਆਈ