ਪੱਤਰ ਪ੍ਰੇਰਕ
ਪਟਿਆਲਾ, 6 ਮਾਰਚ
ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਖੇਡ ਮੰਤਰਾਲੇ ਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਸਾਂਝੇ ਉੱਦਮ ਨਾਲ ਇੱਥੇ ਐੱਨਆਈਐੱਸ ਵਿੱਚ ਸਾਈਕਲਿੰਗ ਵੈਲੋਡਰੰਮ ਵਿੱਚ ਦੋ ਰੋਜ਼ਾ ਖੇਲੋ ਇੰਡੀਆ ਮਹਿਲਾ ਟਰੈਕ ਸਾਈਕਲਿੰਗ ਲੀਗ ਜ਼ੋਨ 1 ਸਮਾਪਤ ਹੋ ਗਈ। ਲੀਗ ਦੇ ਇਨਾਮ ਵੰਡ ਸਮਾਰੋਹ ਵਿਚ ਪਦਮਸ੍ਰੀ ਐਵਾਰਡੀ ਜਗਜੀਤ ਸਿੰਘ ਦਰਦੀ ਚੇਅਰਮੈਨ ਚੜ੍ਹਦੀਕਲਾ ਗਰੁੱਪ, ਭਾਰਤੀ ਮਹਿਲਾ ਹਾਕੀ ਟੀਮ ਦੇ ਸਾਬਕਾ ਕਪਤਾਨ ਰਿਤੂ ਰਾਣੀ, ਏਸ਼ੀਅਨ ਗੇਮਜ਼ ਸੋਨ ਤਗਮਾ ਜੇਤੂ ਅਤੇ ਅਰਜਨ ਐਵਾਰਡੀ ਸੁਖਮੀਤ ਸਿੰਘ, ਡਾਇਰੈਕਟਰ ਸਪੋਰਟਸ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਡਾ. ਰਾਜ ਕੁਮਾਰ ਸ਼ਰਮਾ, ਇਸਮਤ ਵਿਜੈ ਸਿੰਘ ਐੱਸਡੀਐੱਮ ਪਟਿਆਲਾ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ।
ਲੀਗ ਨੂੰ ਕਰਵਾਉਣ ਵਿੱਚ ਸੁਸਾਇਟੀ ਫਾਰ ਸਪੋਰਟਸਪਰਸਨ ਵੈੱਲਫੇਅਰ ਨੇ ਅਹਿਮ ਭੂਮਿਕਾ ਨਿਭਾਈ। ਅੱਜ ਦੇ ਮੁਕਾਬਲਿਆਂ ਵਿੱਚ ਸੱਤ ਕਿਲੋਮੀਟਰ ਸਕ੍ਰੇਚ ਰੇਸ (ਸੀਨੀਅਰ ਵਰਗ) ਵਿੱਚ ਆਰਤੀ ਨੇ ਸੋਨ, ਮੁਕਲ ਨੇ ਚਾਂਦੀ ਅਤੇ ਲੀਕਜੇਸ ਅੰਗਮੋ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਚਾਰ ਕਿਲੋਮੀਟਰ ਸਕ੍ਰੇਚ ਰੇਸ (ਜੂਨੀਅਰ ਵਰਗ) ਵਿੱਚ ਹਿਮਾਂਸ਼ੀ ਸਿੰਘ ਨੇ ਸੋਨਾ, ਰੀਤ ਕਪੂਰ ਨੇ ਚਾਂਦੀ ਅਤੇ ਬਿਮਲਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਤਿੰਨ ਕਿਲੋਮੀਟਰ ਸਕ੍ਰੇਚ ਰੇਸ (ਸਬ ਜੂਨੀਅਰ ਵਰਗ) ਵਿੱਚ ਐੱਨਆਈਐੱਸ ਪਟਿਆਲਾ ਦੀਆਂ ਖਿਡਾਰਨਾਂ ਹਰਸ਼ੀਤਾ ਜਾਖੜ ਨੇ ਸੋਨਾ, ਸਰੀਤਾ ਕੁਮਾਰੀ ਨੇ ਚਾਂਦੀ ਅਤੇ ਸੁਹਾਨੀ ਕੁਮਾਰੀ ਨੇ ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਕਰੇਨ ਰੇਸ (ਸੀਨੀਅਰ ਵਰਗ) ਵਿੱਚ ਮੁਕਲ ਨੇ ਸੋਨਾ, ਲੀਕਜੇਸ ਅਗੰਮ ਨੇ ਚਾਂਦੀ ਅਤੇ ਆਰਤੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਮੌਕੇ, ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਜ਼ੋਨਲ ਕੋਆਰਡੀਨੇਟਰ ਨੀਰਜ ਤੰਵਰ,ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਤਕਨੀਕੀ ਕੋਆਰਡੀਨੇਟਰ ਜੋਗਿੰਦਰ ਸਿੰਘ , ਡਾ. ਗੁਰਮੀਤ ਸਿੰਘ, ਸਾਈਕਲਿਸਟ ਬਖ਼ਸ਼ੀਸ਼ ਸਿੰਘ ਆਦਿ ਹਾਜ਼ਰ ਸਨ।