ਮੁੰਬਈ, 15 ਮਾਰਚ
‘ਨੁੱਕੜ’ ਅਤੇ ‘ਸਰਕਸ’ ਜਿਹੇ ਉੱਘੇ ਟੀਵੀ ਲੜੀਵਾਰਾਂ ‘ਚ ਆਪਣੀਆਂ ਯਾਦਗਾਰ ਭੂਮਿਕਾਵਾਂ ਲਈ ਜਾਣੇ ਜਾਂਦੇ ਸਮੀਰ ਖੱਖੜ (71) ਦਾ ਅੱਜ ਸਵੇਰੇ ਇਥੋਂ ਦੇ ਹਸਪਤਾਲ ‘ਚ ਦੇਹਾਂਤ ਹੋ ਗਿਆ। ‘ਨੁੱਕੜ’ ‘ਚ ਖੋਪੜੀ ਦੇ ਕਿਰਦਾਰ ਲਈ ਨਿਭਾਈ ਭੂਮਿਕਾ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦਾ ਬੋਰੀਵਲੀ ਦੇ ਸ਼ਮਸ਼ਾਨਘਾਟ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਭਰਾ ਗਣੇਸ਼ ਖੱਖੜ ਨੇ ਦੱਸਿਆ ਕਿ ਸਮੀਰ ਦੇ ਕਈ ਸ਼ਰੀਰਕ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਸਾਹ ਦੀ ਤਕਲੀਫ਼ ਕਾਰਨ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਬੋਰੀਵਲੀ ਦੇ ਐੱਮ ਐੱਮ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਗਣੇਸ਼ ਨੇ ਦੱਸਿਆ ਕਿ ਸਮੀਰ ਨੇ ਅੱਜ ਸਵੇਰੇ ਸਾਢੇ ਚਾਰ ਵਜੇ ਦਮ ਤੋੜਿਆ। ਸਮੀਰ ਨੇ ਮਸ਼ਹੂਰ ਲੜੀਵਾਰ ‘ਸ੍ਰੀਮਾਨ ਸ੍ਰੀਮਤੀ’ ‘ਚ ਵੀ ਕੰਮ ਕੀਤਾ ਸੀ। ਉਨ੍ਹਾਂ ਫਿਲਮਾਂ ‘ਪਰਿੰਦਾ’, ਸਲਮਾਨ ਖ਼ਾਨ ਦੀ ‘ਜੈ ਹੋ’, ਸਿਧਾਰਥ ਮਲਹੋਤਰਾ ਤੇ ਪਰਿਨੀਤੀ ਚੋਪੜਾ ਦੀ ‘ਹਸੀ ਤੋਂ ਫਸੀ’, ਸੁਧੀਰ ਮਿਸ਼ਰਾ ਨਿਰਦੇਸ਼ਿਤ ‘ਸੀਰੀਅਸ ਮੈੱਨ’ ਅਤੇ ਵਿਕਾਸ ਬਹਿਲ ਦੀ ਵੈੱਬ ਸੀਰੀਜ਼ ‘ਸਨਫਲਾਵਰ’ ‘ਚ ਅਹਿਮ ਭੂਮਿਕਾ ਨਿਭਾਈ। -ਪੀਟੀਆਈ