ਨਵੀਂ ਦਿੱਲੀ, 16 ਮਾਰਚ
ਭਾਰਤੀ ਮਹਿਲਾ ਫੁਟਬਾਲ ਟੀਮ ਦੇ ਮੁੱਖ ਕੋਚ ਥੌਮਸ ਡੈਨਰਬੀ ਨੇ ਇਸ ਮਹੀਨੇ ਦੇ ਆਖ਼ਿਰ ਵਿੱਚ ਜਾਰਡਨ ਅਤੇ ਉਜ਼ਬੇਕਿਸਤਾਨ ਵਿੱਚ ਹੋਣ ਵਾਲੇ ਕੌਮਾਂਤਰੀ ਦੋਸਤਾਨਾ ਮੈਚਾਂ ਲਈ 23 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਸੀਨੀਅਰ ਮਹਿਲਾਵਾਂ ਦੀ ਨੈਸ਼ਨਲ ਟੀਮ 17 ਤੋਂ 22 ਮਾਰਚ ਤੱਕ ਜਾਰਡਨ, ਜਦਕਿ 23 ਤੋਂ 29 ਮਾਰਚ ਤੱਕ ਉਜ਼ਬੇਕਿਸਤਾਨ ਵਿੱਚ ਮੈਚ ਖੇਡੇਗੀ। ਇਹ ਮੈਚ ਏਐੱਫਸੀ (ਏਸ਼ਿਆਈ ਫੁਟਬਾਲ ਐਸੋਸੀਏਸ਼ਨ) ਮਹਿਲਾ ਓਲੰਪਿਕ ਕੁਆਲੀਫਾਇਰਜ਼ ਦੇ ਪਹਿਲੇ ਗੇੜ ਦੇ ਮੈਚਾਂ ਦੀ ਤਿਆਰੀ ਲਈ ਖੇਡੇ ਜਾ ਰਹੇ ਹਨ। ਭਾਰਤ ਦਾ ਮੁਕਾਬਲਾ ਚਾਰ ਤੋਂ 10 ਅਪਰੈਲ ਤੱਕ ਏਐੱਫਸੀ ਓਲੰਪਿਕ ਕੁਆਲੀਫਾਇਰ ਦੇ ਰਾਊਂਡ ਰੋਬਿਨ ਦੇ ਗਰੁੱਪ ਜੀ ਵਿੱਚ ਮੇਜ਼ਬਾਨ ਕਿਰਗਿਜ਼ ਰਿਪਬਲਿਕ ਅਤੇ ਤੁਰਕਮੇਨਿਸਤਾਨ ਨਾਲ ਹੋਵੇਗਾ। ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਲਈ ਟੀਮ ਦਾ ਐਲਾਨ ਜਾਰਡਨ ਅਤੇ ਉਜ਼ਬੇਕਿਸਤਾਨ ਖ਼ਿਲਾਫ਼ ਦੋਸਤਾਨਾ ਮੈਚਾਂ ਮਗਰੋਂ ਕੀਤਾ ਜਾਵੇਗਾ। ਦੋਸਤਾਨਾ ਮੈਚਾਂ ਲਈ ਭਾਰਤੀ ਟੀਮ ਵਿੱਚ ਗੋਲਕੀਪਰ: ਸੌਮਿਆ ਨਾਰਾਇਣਸਾਮੀ, ਸ਼੍ਰੇਯਾ ਹੁੱਡਾ ਅਤੇ ਇਲਾਂਗਬਾਮ ਪੰਥੋਈ ਚਾਨੂ, ਡਿਫੈਂਡਰ: ਆਸ਼ਾਲਤਾ ਦੇਵੀ ਲੋਈਤੋਂਗਬਾਮ, ਸਵੀਟੀ ਦੇਵੀ ਨਗਾਂਗਬਾਮ, ਰਿਤੂ ਰਾਣੀ, ਰੰਜਨਾ ਚਾਨੂ ਸੋਰੋਖੈਬਾਮ, ਮਿਸ਼ੈਲ ਕਾਸਤਾਨਹਾ, ਦਲਿਮਾ ਛਿੱਬਰ, ਮਨੀਸ਼ਾ ਪੰਨਾ ਅਤੇ ਜੂਲੀ ਕਿਸ਼ਨ, ਮਿੱਡਫੀਲਡਰ: ਸ਼ਿਲਕੀ ਦੇਵੀ ਹੇਮਾਮ, ਅੰਜੂ ਤਮਾਂਗ, ਇੰਦੂਮਤੀ ਕਥਿਰੇਸਨ, ਸੰਗੀਤਾ ਬਸਫੋਰ, ਰੋਜਾ ਦੇਵੀ ਅਸੇਮ, ਕਾਰਤਿਕਾ ਅੰਗਮੁਥੂ ਅਤੇ ਕਸ਼ਮੀਨਾ, ਫਾਰਵਰਡ: ਗਰੇਸ ਡੰਗਮੇਈ, ਰੇਣੂ, ਕਰਿਸ਼ਮਾ ਸ਼ਿਰਵੋਈਕਰ, ਸੰਧਿਆ ਰੰਗਨਾਥਨ ਅਤੇ ਅਪੂਰਣਾ ਨਾਰਜ਼ਾਰੀ ਸ਼ਾਮਲ ਹਨ। -ਪੀਟੀਆਈ