ਨਵੀਂ ਦਿੱਲੀ, 16 ਮਾਰਚ
ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ ਨੇ ਅੱਜ ਇੱਥੇ ਅਜ਼ਰਬਾਇਜਾਨ ਦੀ ਆਨਾਖਾਨਿਮ ਇਸਮਾਇਲੋਵਾ ਨੂੰ ਆਰਐੱਸਸੀ (ਰੈਫਰੀ ਵੱਲੋਂ ਮੁਕਾਬਲਾ ਰੋਕਣਾ) ਜ਼ਰੀਏ ਕਰਾਰੀ ਹਾਰ ਦਿੰਦਿਆਂ ਵਿਸ਼ਵ ਮਹਿਲਾ ਮੁੱਕੇਬਾਜ਼ੀ ਵਿੱਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਟੂਰਨਾਮੈਂਟ ਵਿੱਚ ਸ਼ੁਰੂ ਤੋਂ ਹੀ ਮੁਕਾਬਲਾ ਖਿਤਾਬ ਦੀ ਪ੍ਰਮੁੱਖ ਦਾਅਵੇਦਾਰ ਨਿਖਤ ਦੇ ਹੱਕ ‘ਚ ਸੀ, ਜਿਸ ਨੇ ਘਰੇਲੂ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕੀਤਾ। ਰਾਸ਼ਟਰਮੰਡਲ ਖੇਡਾਂ 2022 ਦੀ ਸੋਨ ਤਗ਼ਮਾ ਜੇਤੂ ਨਿਖਤ ਨੇ 50 ਕਿਲੋ ਭਾਰ ਵਰਗ ਵਿੱਚ ਆਪਣੀ ਵਿਰੋਧੀ ਨੂੰ ਪਛਾੜਨ ਵਿੱਚ ਥੋੜ੍ਹਾ ਸਮਾਂ ਲਿਆ ਪਰ ਇੱਕ ਵਾਰ ਅਜ਼ਰਬਾਇਜਾਨ ਦੀ ਮੁੱਕੇਬਾਜ਼ ਦੀ ਖੇਡ ਸਮਝਣ ਮਗਰੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਭਾਰਤੀ ਮੁੱਕੇਬਾਜ਼ ਦਾ ਦਬਦਬਾ ਇੱਥੋਂ ਤੱਕ ਸੀ ਕਿ ਰੈਫਰੀ ਨੇ ਤਿੰਨ ਤੱਕ ਗਿਣਤੀ ਕਰਕੇ ਇਸਮਾਇਲੋਵਾ ਨੂੰ ਸਮਾਂ ਦਿੱਤਾ ਅਤੇ ਫਿਰ ਦੂਜੇ ਰਾਊਂਡ ਵਿੱਚ ਹੀ ਮੁਕਾਬਲਾ ਰੋਕ ਦਿੱਤਾ। ਚੈਂਪੀਅਨਸ਼ਿਪ ਵਿੱਚ ਗ਼ੈਰ ਦਰਜਾ ਪ੍ਰਾਪਤ ਹੋਣ ਬਾਰੇ ਨਿਕਹਤ ਨੇ ਕਿਹਾ, ”ਇਹ ਕੋਈ ਸਮੱਸਿਆ ਨਹੀਂ ਹੈ। ਇਹ ਡਰਾਅ ‘ਤੇ ਨਿਰਭਰ ਹੈ ਅਤੇ ਕੋਈ ਵੀ ਦਰਜਾ ਹਾਸਲ ਕੀਤਾ ਜਾ ਸਕਦਾ ਹੈ।” ਨਿਖਤ ਦਾ ਅਗਲਾ ਮੁਕਾਬਲਾ ਸਿਖਰਲਾ ਦਰਜਾ ਪ੍ਰਾਪਤ ਅਤੇ 2022 ਦੀ ਅਫ਼ਰੀਕੀ ਚੈਂਪੀਅਨ ਰੌਮਾਇਸਾ ਬੌਆਲਮ ਨਾਲ ਹੋਵੇਗਾ। -ਪੀਟੀਆਈ