12.4 C
Alba Iulia
Tuesday, March 19, 2024

ਫਿਨਲੈਂਡ ਦਾ ਅਫ਼ਲਾਤੂਨ ਦੌੜਾਕ ਪਾਵੋ ਨੁਰਮੀ

Must Read


ਪ੍ਰਿੰ. ਸਰਵਣ ਸਿੰਘ

ਪਾਵੋ ਨੁਰਮੀ ਨੂੰ ‘ਫਲਾਈਂਗ ਫਿੱਨ’, ‘ਫੈਂਟਮ ਫਿੰਨ’, ‘ਕਿੰਗ ਆਫ ਰਨਰਜ਼’ ਤੇ ‘ਪੀਅਰਲੈੱਸ ਪਾਵੋ’ ਦੇ ਖ਼ਿਤਾਬ ਮਿਲੇ। ਉਹ ਦੌੜਾਂ ਦਾ ਅਫ਼ਲਾਤੂਨ ਸੀ। ਦਰਮਿਆਨੀਆਂ ਤੇ ਲੰਮੀਆਂ ਦੌੜਾਂ ਵਿੱਚ ਉਹਦੀ ਵੀਹ ਸਾਲ ਦੁਨੀਆ ‘ਤੇ ਝੰਡੀ ਰਹੀ। ਉਹਦਾ ਪੂਰਾ ਨਾਂ ਪਾਵੋ ਜੁਹਾਨਸ ਨੁਰਮੀ ਸੀ। ਉਹ 13 ਜੂਨ 1897 ਨੂੰ ਗ਼ਰੀਬ ਕਾਰੀਗਰ ਜੌਨ੍ਹ ਫ੍ਰੈੱਡਰਿਕ ਨੁਰਮੀ ਦੇ ਘਰ ਫਿਨਲੈਂਡ ਦੇ ਬੰਦਰਗਾਹੀ ਸ਼ਹਿਰ ਟੁਰਕੂ ਵਿੱਚ ਜੰਮਿਆ ਸੀ। ਫਿਨਲੈਂਡ ਨੂੰ ਜੰਗਲਾਂ, ਨਦੀਆਂ, ਝੀਲਾਂ ਤੇ ਬਰਫ਼ਾਂ ਦਾ ਦੇਸ਼ ਕਿਹਾ ਜਾਂਦਾ ਹੈ। ਸਿਆਲਾਂ ‘ਚ ਦਿਨ ਘਟ ਕੇ ਸਿਰਫ਼ ਛੇ ਘੰਟਿਆਂ ਦਾ ਰਹਿ ਜਾਂਦੈ। ਪਾਵੋ ਦਾ ਬਚਪਨ ਬਰਫ਼ਾਂ ਵਿੱਚ ਨਦੀਆਂ ਤੇ ਝੀਲਾਂ ਕਿਨਾਰੇ ਦੌੜਦਿਆਂ ਬੀਤਿਆ। ਉਹ ਅਜੇ 13 ਸਾਲਾਂ ਦਾ ਸੀ ਕਿ ਉਸ ਦਾ ਬਾਪ ਗੁਜ਼ਰ ਗਿਆ। ਵਿਧਵਾ ਮਾਂ ਅਤੇ ਭੈਣ ਭਰਾਵਾਂ ਦੀ ਪਾਲਣਾ ਲਈ ਪਾਵੋ ਨੂੰ ਸਖ਼ਤ ਮਿਹਨਤ ਕਰਨੀ ਪਈ। ਕਰੜੀ ਮਿਹਨਤ ਮੁਸ਼ੱਕਤ ਨੇ ਉਸ ਨੂੰ ਲੰਮੀਆਂ ਦੌੜਾਂ ਦਾ ਸਿਰੜੀ ਦੌੜਾਕ ਬਣਾ ਦਿੱਤਾ। ਬੇਸ਼ੱਕ ਲੰਮੀਆਂ ਦੌੜਾਂ ਰੱਤ-ਪੀਣੀਆਂ ਕਹੀਆਂ ਜਾਂਦੀਆਂ ਹਨ, ਫਿਰ ਵੀ ਲੱਖਾਂ ਦੌੜਾਕ ਇਹ ਦੌੜਾਂ ਦੌੜਦੇ ਆ ਰਹੇ ਹਨ। ਪਾਵੋ ਨੁਰਮੀ ਵਰ੍ਹਿਆਂ-ਬੱਧੀ ਲਹੂ-ਪੀਣੀਆਂ ਦੌੜਾਂ ਦੌੜਦਾ ਰਿਹਾ।

1920 ਤੋਂ 1930 ਵਿਚਕਾਰ ਲੰਮੀਆਂ ਦੌੜਾਂ ਦੌੜਨ ‘ਚ ਉਹਦਾ ਕੋਈ ਸਾਨੀ ਨਹੀਂ ਸੀ। ਇਸ ਦੌਰਾਨ ਉਸ ਨੇ ਇੱਕ ਮੀਲ, ਦੋ ਮੀਲ, ਤਿੰਨ ਮੀਲ, ਚਾਰ ਮੀਲ, ਪੰਜ ਮੀਲ, ਛੇ ਮੀਲ, 1500 ਮੀਟਰ, 2000 ਮੀਟਰ, 3000 ਮੀਟਰ, 5000 ਮੀਟਰ, 10000 ਮੀਟਰ ਤੇ 20000 ਮੀਟਰ ਦੌੜਾਂ ਦੇ ਵਿਸ਼ਵ ਰਿਕਾਰਡ ਰੱਖੇ। ਇੱਕ ਘੰਟੇ ‘ਚ ਇਕੇਰਾਂ ਉਹ 11 ਮੀਲ 1448 ਗਜ਼ ਦੌੜਿਆ। ਉਸ ਨੇ ਤਿੰਨ ਓਲੰਪਿਕ ਖੇਡਾਂ ਵਿੱਚ ਭਾਗ ਲਿਆ ਜਿਨ੍ਹਾਂ ‘ਚੋਂ ਨੌਂ ਸੋਨੇ ਤੇ ਤਿੰਨ ਚਾਂਦੀ ਦੇ ਤਗ਼ਮੇ ਜਿੱਤਿਆ। ਉਸ ਤੋਂ ਪਹਿਲਾਂ ਕਿਸੇ ਵੀ ਖਿਡਾਰੀ ਨੇ ਓਲੰਪਿਕ ਖੇਡਾਂ ਦੇ ਏਨੇ ਮੈਡਲ ਨਹੀਂ ਸਨ ਜਿੱਤੇ।

ਐਂਟਵਰਪ-1920 ਦੀਆਂ ਓਲੰਪਿਕ ਖੇਡਾਂ ਵਿੱਚ 5000 ਮੀਟਰ ਦੀ ਦੌੜ ਦਾ ਮੁਕਾਬਲਾ ਸ਼ੁਰੂ ਹੋਇਆ ਤਾਂ ਉਹ ਸਭ ਤੋਂ ਮੂਹਰੇ ਸੀ। ਫਰਾਂਸ ਦਾ ਮੰਨਿਆ ਦੰਨਿਆ ਦੌੜਾਕ ਜੈਕਸ ਗੁਲੀਮੋਟ ਉਹਦੇ ਪਿੱਛੇ ਸੀ। ਗੁਲੀਮੋਟ ਵਿਸ਼ਵ ਯੁੱਧ ਵਿੱਚ ਜ਼ਖ਼ਮੀ ਹੋ ਕੇ ਆਇਆ ਸੀ ਜਿਸ ਕਰਕੇ ਬਹੁਤੇ ਦਰਸ਼ਕਾਂ ਦੀ ਹਮਦਰਦੀ ਉਹਦੇ ਨਾਲ ਸੀ। ਆਖ਼ਰੀ ਚੱਕਰ ਤੱਕ ਗੁਲੀਮੋਟ ਪਾਵੋ ਨੁਰਮੀ ਦੇ ਮੋਢਿਆਂ ‘ਤੇ ਚੜ੍ਹਿਆ ਰਿਹਾ ਅਤੇ ਅਖ਼ੀਰ ਵਿੱਚ ਝੁੱਟੀ ਮਾਰ ਕੇ ਫੀਤੇ ਨੂੰ ਪਹਿਲਾਂ ਜਾ ਛੋਹਿਆ। ਇਸ ਹਾਰ ਨੇ ਪਾਵੋ ਨੁਰਮੀ ਨੂੰ ਅਜਿਹਾ ਸਬਕ ਸਿਖਾਇਆ ਕਿ ਉਹ 10000 ਮੀਟਰ ਦੀ ਸਪਾਟ ਅਤੇ ਕਰਾਸ ਕੰਟਰੀ ਤੇ ਕਰਾਸ ਕੰਟਰੀ ਰਿਲੇਅ ਦੀਆਂ ਤਿੰਨੇ ਦੌੜਾਂ ਜਿੱਤ ਗਿਆ। 10000 ਮੀਟਰ ਦੀ ਸਪਾਟ ਦੌੜ ਉਸ ਨੇ ਗੁਲੀਮੋਟ ਦੇ ਪਿੱਛੇ ਲੱਗ ਕੇ ਦੌੜੀ ਅਤੇ ਐਨ ਆਖ਼ਰੀ ਮੌਕੇ ਗੁਲੀਮੋਟ ਨੂੰ ਕੱਟ ਕੇ 5000 ਮੀਟਰ ਦੌੜ ਦੀ ਹਾਰ ਦਾ ਬਦਲਾ ਲਿਆ। ਅਥਲੈਟਿਕ ਖੇਡਾਂ ਵਿੱਚ ਅਮਰੀਕੀ ਤੇ ਫਿਨਲੈਂਡੀਏ ਅਥਲੀਟ ਅੱਠ-ਅੱਠ ਗੋਲਡ ਮੈਡਲ ਜਿੱਤ ਕੇ ਬਰਾਬਰੀ ਉੱਤੇ ਰਹੇ। ਪਾਵੋ ਨੁਰਮੀ ਤੋਂ ਬਿਨਾਂ ਸਟਾਕਹੋਮ-1912 ਦਾ ਫਿਨਲੈਂਡੀਆ ਹੀਰੋ ਕੋਲ੍ਹੇਮੈਨਨ ਮੈਰਾਥਨ ਦੌੜ 2 ਘੰਟੇ, 32 ਮਿੰਟ 35. 8 ਸੈਕੰਡ ਵਿੱਚ ਲਾ ਕੇ ਸੋਨੇ ਦਾ ਤਗ਼ਮਾ ਜਿੱਤਿਆ।

ਪਾਵੋ ਨੁਰਮੀ ਦਾ ਕੱਦ 5 ਫੁੱਟ 9 ਇੰਚ ਸੀ ਤੇ ਵਜ਼ਨ 65 ਕਿਲੋਗ੍ਰਾਮ। ਜੁੱਸਾ ਇੰਜ ਜਾਪਦਾ ਸੀ ਜਿਵੇਂ ਸਟੀਲ ਦਾ ਬਣਿਆ ਹੋਵੇ। ਬਿੱਲੀਆਂ ਅੱਖਾਂ, ਖੜ੍ਹਵੇਂ ਕੰਨ ਤੇ ਤਿੱਖਾ ਨੱਕ। ਐਂਟਵਰਪ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚੋਂ ਉਸ ਨੇ 3 ਗੋਲਡ ਮੈਡਲ ਤੇ 1 ਚਾਂਦੀ ਦਾ ਤਗ਼ਮਾ ਜਿੱਤ ਕੇ ਧੰਨ ਧੰਨ ਕਰਾ ਦਿੱਤੀ ਸੀ। ਬਾਅਦ ਵਿੱਚ ਫਿਨਲੈਂਡੀਆਂ ਨੇ ਉਹਦੇ ਜਿਉਂਦੇ ਜੀਅ ਉਹਦਾ ਬੁੱਤ, ਓਲੰਪਿਕ ਸਟੇਡੀਅਮ ਹੈਲਸਿੰਕੀ ਸਾਹਮਣੇ ਸਥਾਪਤ ਕੀਤਾ ਜੋ ਬੁੱਤ ਕਲਾ ਦਾ ਸ਼ਾਨਦਾਰ ਨਮੂਨਾ ਹੈ। ਉਸੇ ਬੁੱਤ ਵਰਗੇ ਦੋ ਹੋਰ ਬੁੱਤ ਉਹਦੇ ਜਨਮ ਸਥਾਨ ਟੁਰਕੂ ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਹਾਲ ਆਫ ਫੇਮ ਲੁਸਾਨੇ ‘ਚ ਲਏ ਗਏ। ਬੁੱਤ ਵਿੱਚ ਉਹ ਪੁਰਾਤਨ ਓਲੰਪਿਕ ਖੇਡਾਂ ਦੇ ਜੇਤੂਆਂ ਵਾਂਗ ਨਗਨ ਜੁੱਸੇ ਨਾਲ ਦੌੜ ਰਿਹੈ।

ਪੈਰਿਸ-1924 ਵਿੱਚ ਪਾਵੋ ਨੁਰਮੀ ਨੇ ਸੋਨੇ ਦੇ ਪੰਜ ਤਗ਼ਮੇ ਜਿੱਤੇ। ਛੇ ਦਿਨਾਂ ਵਿੱਚ ਪੰਜ ਤਗ਼ਮੇ। 10 ਜੁਲਾਈ 1924 ਦਾ ਦਿਨ ਪਾਵੋ ਨੁਰਮੀ ਦੇ ਜਲਵੇ ਲਈ ਯਾਦ ਰੱਖਿਆ ਜਾਂਦਾ ਹੈ। ਪਹਿਲਾਂ 1500 ਮੀਟਰ ਦੀ ਦੌੜ ਲੱਗੀ। ਸਵਿਟਜ਼ਰਲੈਂਡ ਦੇ ਵਿੱਲੀ ਸ਼ਾਰਰ, ਬਰਤਾਨੀਆ ਦੇ ਹੈਨਰੀ ਸਟਾਲਰਡ ਤੇ ਫਿਨਲੈਂਡ ਦੇ ਪਾਵੋ ਨੁਰਮੀ ਵਿਚਕਾਰ ਖਹਿਵਾਂ ਮੁਕਾਬਲਾ ਸੀ। ਅਖ਼ੀਰਲੀ ਸੇਧ ਤੱਕ ਕੋਈ ਪਤਾ ਨਹੀਂ ਸੀ ਕੌਣ ਫੀਤੇ ਨੂੰ ਪਹਿਲਾਂ ਛੋਹੇਗਾ? ਪਾਵੋ ਨੁਰਮੀ ਦੇ ਨਿੱਗਰ ਕਦਮ ਉਹਨੂੰ ਸਭ ਤੋਂ ਮੂਹਰੇ ਲੈ ਗਏ। ਉਹਨੇ 3 ਮਿੰਟ 53.6 ਸੈਕੰਡ ਦੇ ਨਵੇਂ ਓਲੰਪਿਕ ਰਿਕਾਰਡ ਨਾਲ ਦੌੜ ਜਿੱਤੀ। ਵਿੱਲੀ ਸ਼ਾਰਰ ਦਾ ਸਮਾਂ 3.55 ਤੇ ਸਟਾਲਰਡ ਦਾ 3 ਮਿੰਟ 55.6 ਸੈਕੰਡ ਸੀ। ਪੈਰਿਸ ਨੇ ਦੂਜੀ ਵਾਰ ਖੇਡਾਂ ਏਨੇ ਵਧੀਆ ਢੰਗ ਨਾਲ ਕਰਵਾਈਆਂ ਕਿ ਪੈਰਿਸ-1900 ਵਾਲੀਆਂ ਪਹਿਲੀਆਂ ਓਲੰਪਿਕ ਖੇਡਾਂ ਦੀਆਂ ਸਾਰੀਆਂ ਸ਼ਿਕਾਇਤਾਂ ਦੇ ਧੋਣੇ ਧੋ ਦਿੱਤੇ। ਉੱਥੇ ਖੇਡਾਂ ਦਾ ਰੇਡੀਓ ਤੋਂ ਪ੍ਰਸਾਰਨ ਕੀਤਾ ਗਿਆ। ਜਿੱਥੇ ਮੁਲਕਾਂ ਤੇ ਖਿਡਾਰੀਆਂ ਦੇ ਭਾਗ ਲੈਣ ਦੀ ਰਿਕਾਰਡਤੋੜ ਗਿਣਤੀ ਸ਼ਾਮਲ ਹੋਈ ਉੱਥੇ ਖੇਡ ਮੁਕਾਬਲਿਆਂ ਵਿੱਚ ਰਿਕਾਰਡ ਵੀ ਵੱਧ ਟੁੱਟੇ। ‘ਕੱਲੀਆਂ ਅਥਲੈਟਿਕ ਖੇਡਾਂ ਵਿੱਚ ਅੱਠ ਵਿਸ਼ਵ ਅਤੇ ਚੌਦਾਂ ਨਵੇਂ ਓਲੰਪਿਕ ਰਿਕਾਰਡ ਕਾਇਮ ਹੋਏ। ਟਰੈਕ ਵਿੱਚ ‘ਫਲਾਈਂਗ ਫਿਨਲੈਂਡੀਏ’ ਪਾਵੋ ਨੁਰਮੀ ਤੇ ਤੈਰਨ ਤਲਾਅ ਵਿੱਚ ‘ਅਮਰੀਕੀ ਟਾਰਜ਼ਨ’ ਜੌਨ੍ਹੀ ਵੀਜ਼ਮੂਲਰ ਦੀ ਗੁੱਡੀ ਚੜ੍ਹੀ ਰਹੀ। ਇਸੇ ਕਰਕੇ ਪੈਰਿਸ ਦੀਆਂ ਖੇਡਾਂ ਪਾਵੋ ਨੁਰਮੀ ਤੇ ਜੌਨ੍ਹੀ ਵੀਜ਼ਮੂਲਰ ਦੀਆਂ ਖੇਡਾਂ ਕਹੀਆਂ ਜਾਂਦੀਆਂ ਹਨ।

ਪੈਰਿਸ ਵਿੱਚ 1500 ਮੀਟਰ ਦੀ ਦੌੜ ਮੁੱਕਣ ਤੋਂ ਪੌਣਾ ਘੰਟਾ ਮਗਰੋਂ 5000 ਮੀਟਰ ਦੀ ਦੌੜ ਸ਼ੁਰੂ ਹੋਈ। ਇਸ ਦੌੜ ਵਿੱਚ ਨੁਰਮੀ ਦਾ ਮੁਕਾਬਲਾ ਆਪਣੇ ਹੀ ਹਮਵਤਨੀ ਵਿੱਲੀ ਰਿਟੋਲਾ ਨਾਲ ਸੀ। ਦੌੜ ਦੇ ਅਖ਼ੀਰ ਤੱਕ ਉਹ ਇੱਕ ਦੂਜੇ ਦੇ ਮੋਢਿਆਂ ‘ਤੇ ਚੜ੍ਹੇ ਰਹੇ, ਪਰ ਅਖ਼ੀਰਲੇ ਕਦਮ ਵਿੱਚ ਪਾਵੋ ਨੁਰਮੀ ਬਾਜ਼ੀ ਮਾਰ ਗਿਆ। ਨੁਰਮੀ ਦਾ ਸਮਾਂ ਸੀ 14:31.2 ਸੈਕੰਡ ਤੇ ਰਿਟੋਲਾ ਦਾ 14:31.4 ਸੈਕੰਡ। ਜਦੋਂ ਨੁਰਮੀ ਦੂਜੀ ਦੌੜ ਜਿੱਤਿਆ ਉਦੋਂ ਤੱਕ ਕਈਆਂ ਦੀ ਪਹਿਲੀ ਦੌੜ ਵਾਲੀ ਹੌਂਕਣੀ ਨਹੀਂ ਸੀ ਟਿਕੀ।

ਪਾਵੋ ਨੁਰਮੀ ਹੱਥ ‘ਚ ਸਟਾਪ ਵਾਚ ਲੈ ਕੇ ਦੌੜਦਾ ਸੀ। ਹਰੇਕ ਗੇੜੇ ਉਹ ਘੜੀ ਵੱਲ ਵੇਖ ਕੇ ਆਪਣੀ ਰਫ਼ਤਾਰ ਦਾ ਹਿਸਾਬ ਰੱਖਦਾ। ਦਰਸ਼ਕ ਹੈਰਾਨ ਹੁੰਦੇ ਕਿ ਹਰੇਕ ਚੱਕਰ ਪਿੱਛੋਂ ਉਹ ਆਪਣੇ ਹੱਥ ‘ਚੋਂ ਕੀ ਵੇਖਦਾ ਹੈ? ਉਹ ਕਿਆਸ ਕਰਦੇ ਕਿ ਉਹਦੇ ਹੱਥ ‘ਚ ਉਹਦੀ ਮਾਂ ਦੀ ਤਸਵੀਰ ਹੋਵੇਗੀ। ਕੋਈ ਕਹਿੰਦਾ ਯਸੂ ਮਸੀਹ ਦੀ ਤਸਵੀਰ ਹੈ, ਪਰ ਉਹ ਜੇਬੀ ਘੜੀ ਹੁੰਦੀ ਸੀ ਜਿਹੜੀ ਉਸ ਨੂੰ ਦੱਸਦੀ ਰਹਿੰਦੀ ਕਿ ਉਹ ਲੋੜ ਤੋਂ ਤੇਜ਼ ਦੌੜ ਰਿਹੈ ਜਾਂ ਹੌਲੀ? ਅਖੀਰਲੇ ਚੱਕਰ ‘ਤੇ ਉਹ ਘੜੀ ਸੁੱਟ ਦਿੰਦਾ ਸੀ।

ਉਸ ਨੇ 1921 ਤੋਂ 29 ਤੱਕ ਚੌਵੀ ਵਿਸ਼ਵ ਰਿਕਾਰਡ ਰੱਖੇ ਅਤੇ 1500 ਮੀਟਰ ਦੀ ਦੌੜ ਤੋਂ ਲੈ ਕੇ ਵੀਹ ਕਿਲੋਮੀਟਰ ਤੱਕ ਦੀਆਂ ਦੌੜਾਂ ਵਿੱਚ ਮੀਰੀ ਰਹਿੰਦਾ ਰਿਹਾ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਸਮੇਂ ਓਲੰਪਿਕ ਸਟੇਡੀਅਮ ਸਾਹਮਣੇ ਉਹਦਾ ਬੁੱਤ ਸਥਾਪਤ ਕੀਤਾ ਗਿਆ। ਓਲੰਪਿਕ ਖੇਡਾਂ ਦੀ ਜੋਤ ਜਗਾਉਣ ਵਾਲੇ ਖਿਡਾਰੀ ਦਾ ਨਾਂ ਗੁਪਤ ਰੱਖਿਆ ਗਿਆ ਸੀ। ਸੱਤਰ ਹਜ਼ਾਰ ਦਰਸ਼ਕਾਂ ਨਾਲ ਭਰੇ ਸਟੇਡੀਅਮ ਵਿੱਚ ਜਦੋਂ 55 ਸਾਲਾਂ ਦਾ ਪਾਵੋ ਨੁਰਮੀ ਮਸ਼ਾਲ ਚੁੱਕੀ ਦੌੜਦਾ ਨਜ਼ਰੀਂ ਪਿਆ ਤਾਂ ਦਰਸ਼ਕ ਉਹਦੇ ਕਦਮਾਂ ਨਾਲ ‘ਪਾਵੋ ਨੁਰਮੀ’ ‘ਪਾਵੋ ਨੁਰਮੀ’ ਪੁਕਾਰਦੇ ਉੱਠ ਖੜ੍ਹੇ ਹੋਏ। ਉਨ੍ਹਾਂ ਨੇ ਆਪਣੇ ਹੀਰੋ ਨੂੰ ਵੀਹ ਸਾਲਾਂ ਬਾਅਦ ਦੌੜਦਿਆਂ ਵੇਖਿਆ ਸੀ।

ਸੁਭਾਅ ਵਜੋਂ ਚੁਪਕੀਤੇ ਪਾਵੋ ਨੁਰਮੀ ਨੇ ਤਿੰਨ ਓਲੰਪਿਕ ਖੇਡਾਂ ‘ਚ ਭਾਗ ਲਿਆ ਅਤੇ 9 ਸੋਨੇ ਤੇ 3 ਚਾਂਦੀ ਦੇ ਤਗ਼ਮੇ ਜਿੱਤਣ ਦਾ ਰਿਕਾਰਡ ਰੱਖਿਆ। ਆਮ ਲੋਕ ਉਸ ਨੂੰ ਦੌੜਨ ਦੀ ਮਸ਼ੀਨ ਕਹਿੰਦੇ ਸਨ। ਪੈਰਿਸ ਵਿੱਚ ਉਸ ਨੇ 1500 ਤੇ 5000 ਮੀਟਰ ਦੌੜਾਂ ਤੋਂ ਬਿਨਾਂ 10000 ਮੀਟਰ ਕਰਾਸ ਕੰਟਰੀ ਦੌੜ, 10000 ਮੀਟਰ ਕਰਾਸ ਕੰਟਰੀ ਰਿਲੇਅ ਅਤੇ 3000 ਮੀਟਰ ਤਿੰਨ ਹੋਰ ਦੌੜਾਂ ਜਿੱਤੀਆਂ। 10000 ਮੀਟਰ ਕਰਾਸ ਕੰਟਰੀ ਦੌੜ 45 ਡਿਗਰੀ ਸੈਲਸੀਅਸ ਦੀ ਗਰਮੀ ਵਿੱਚ ਲੱਗੀ ਸੀ ਜਿਸ ਕਾਰਨ ਕਈ ਦੌੜਾਕ ਹਾਕਲ ਬਾਕਲ ਹੋ ਕੇ ਦੌੜ ਤੋਂ ਬਾਹਰ ਹੋ ਗਏ ਸਨ। ਕੁਲ 39 ਦੌੜਾਕਾਂ ਵਿੱਚੋਂ ਕੇਵਲ 15 ਦੌੜਾਕ ਦੌੜ ਪੂਰੀ ਕਰ ਸਕੇ। ਇੱਕ ਦੌੜਾਕ ਤਾਂ ਅੱਖਾਂ ਮੂਹਰੇ ਹਨੇਰਾ ਆ ਜਾਣ ਕਾਰਨ ਇੱਕ ਕੰਧ ਨਾਲ ਜਾ ਟਕਰਾਇਆ ਤੇ ਲਹੂ ਲੁਹਾਣ ਹੋ ਗਿਆ। ਗਰਮੀ ਕਾਰਨ ਮੈਰਾਥਨ ਦੌੜ ਦਾ ਸਮਾਂ ਆਥਣ ਵੇਲੇ ਕਰ ਦਿੱਤਾ ਗਿਆ ਸੀ ਜਿਸ ਵਿੱਚ 19 ਮੁਲਕਾਂ ਦੇ 58 ਦੌੜਾਕਾਂ ਨੇ ਭਾਗ ਲਿਆ। ਉਹ ਦੌੜ ਫਿਨਲੈਂਡ ਦੇ ਏ. ਸਟੀਨਰੂਸ ਨੇ 2 ਘੰਟੇ 41 ਮਿੰਟ 22. 6 ਸੈਕੰਡ ਵਿੱਚ ਜਿੱਤੀ। ਸਟੀਨਰੂਸ ਪਹਿਲਾਂ ਪਹਿਲਵਾਨੀ ਕਰਿਆ ਕਰਦਾ ਸੀ, ਪਰ ਪਿੱਛੋਂ ਇੱਕ ਟੰਗ ਟੁੱਟੀ ਹੋਣ ਦੇ ਬਾਵਜੂਦ ਦੌੜਨ ਲੱਗਾ ਤੇ ਪੈਰਿਸ ਵਿੱਚ ਜਦੋਂ ਉਸ ਨੇ ਮੈਰਾਥਨ ਦੌੜ ਦਾ ਸੋਨ-ਤਗ਼ਮਾ ਜਿੱਤਿਆ ਤਾਂ ਉਹਦੀ ਉਮਰ ਚਾਲੀ ਸਾਲਾਂ ਦੀ ਸੀ। ਸਿਰੜੀ ਖਿਡਾਰੀਆਂ ਦਾ ਵੀ ਲੇਖਾ ਨਹੀਂ। ਔਰਤਾਂ ਦੀ 800 ਮੀਟਰ ਦੌੜ ਵਿੱਚ ਕਈ ਜਣੀਆਂ ਹਫ਼ ਕੇ ਡਿੱਗ ਪਈਆਂ ਸਨ। ਕੁਝ ਇਕਨਾਂ ਦੀ ਬੇਹੋਸ਼ੀ ਨੂੰ ਖ਼ਤਰਨਾਕ ਸਮਝ ਕੇ ਅੱਗੇ ਤੋਂ 800 ਮੀਟਰ ਦੌੜ ਔਰਤਾਂ ਲਈ ਬੰਦ ਕਰ ਦਿੱਤੀ ਗਈ ਸੀ। ਉਦੋਂ ਕਿਸੇ ਦੇ ਖਿਆਲ ਵਿੱਚ ਵੀ ਨਹੀਂ ਸੀ ਕਿ ਭਵਿੱਖ ‘ਚ ਔਰਤਾਂ ਮੈਰਾਥਨ ਦੌੜਾਂ ਵੀ ਲਾਉਣ ਲੱਗ ਪੈਣਗੀਆਂ।

ਐਮਸਟਰਡਮ-1928 ਦੀਆਂ ਓਲੰਪਿਕ ਖੇਡਾਂ ਵਿੱਚ ਪਹਿਲੇ ਦਿਨ 10000 ਮੀਟਰ ਦੌੜ ਲੱਗੀ ਤਾਂ ਮੁੜ ਪਾਵੋ ਨੁਰਮੀ ਹੀ ਪ੍ਰਥਮ ਆਇਆ। ਉਸ ਨੇ ਇਹ ਦੌੜ 30 ਮਿੰਟ 18.8 ਸੈਕੰਡ ਦੇ ਨਵੇਂ ਓਲੰਪਿਕ ਰਿਕਾਰਡ ਸਮੇਂ ਨਾਲ ਜਿੱਤੀ। ਓਲੰਪਿਕ ਖੇਡਾਂ ਵਿੱਚ ਪਾਵੋ ਨੁਰਮੀ ਦਾ ਇਹ ਨੌਵਾਂ ਸੋਨ-ਤਗ਼ਮਾ ਸੀ। 5000 ਮੀਟਰ ਦੀ ਦੌੜ ਵਿੱਚ ਉਹ ਦੋਇਮ ਰਿਹਾ ਜਦੋਂ ਕਿ ਸੋਨੇ ਦਾ ਤਗ਼ਮਾ ਉਹਦਾ ਹੀ ਦੇਸ਼ ਵਾਸੀ ਵਿਲੀ ਰਿਟੋਲਾ 14 ਮਿੰਟ 38 ਸੈਕੰਡ ਦੇ ਸਮੇਂ ਨਾਲ ਜਿੱਤਿਆ। ਉਹ ਲਾਸ ਏਂਜਲਸ ਦੀਆਂ ਓਲੰਪਿਕ ਖੇਡਾਂ ਵਿੱਚ ਭਾਗ ਲਈ ਪੂਰਾ ਤਿਆਰ ਸੀ, ਪਰ 1931-32 ਵਿੱਚ ਜਰਮਨੀ ਵਿੱਚ ਦੌੜਾਂ ਦੌੜਨ ਦੇ ਕੁਝ ਪੈਸੇ ਲੈਣ ਕਾਰਨ ਉਸ ਨੂੰ ਪ੍ਰੋਫੈਸ਼ਨਲ ਖਿਡਾਰੀ ਕਰਾਰ ਦਿੰਦਿਆਂ ਓਲੰਪਿਕ ਖੇਡਾਂ-1932 ਵਿੱਚ ਭਾਗ ਲੈਣੋਂ ਰੋਕ ਦਿੱਤਾ ਗਿਆ ਸੀ।

ਪਾਵੋ ਨੁਰਮੀ ਦਾ ਵਿਆਹ ਸਿਲਵੀ ਨੁਰਮਾ ਨਾਲ ਕੇਵਲ ਤਿੰਨ ਸਾਲ (1932-35) ਹੀ ਚੱਲ ਸਕਿਆ। ਪੁੱਤਰ ਮੈਟੀ ਨੁਰਮੀ ਨੂੰ ਪਿਉ ਦੌੜਾਕ ਬਣਾਉਣਾ ਚਾਹੁੰਦਾ ਸੀ, ਪਰ ਮਾਂ ਨਹੀਂ ਸੀ ਮੰਨਦੀ। ਇਸ ਗੱਲੋਂ ਉਨ੍ਹਾਂ ਦਾ ਤਕਰਾਰ ਤੇ ਤਲਾਕ ਹੋ ਗਿਆ। ਪਤਨੀ ਸਮਝਦੀ ਸੀ ਕਿ ਦੌੜਾਕ ਦੀ ਪਤਨੀ ਦੌੜ ਹੀ ਹੁੰਦੀ ਹੈ! ਉਹ 1968 ਵਿੱਚ ਮਰੀ ਜਦੋਂ ਕਿ ਪਾਵੋ ਦੀ ਮ੍ਰਿਤੂ 2 ਅਕਤੂਬਰ 1973 ਨੂੰ ਹੋਈ। ਦੌੜਨਾ ਛੱਡਣ ਪਿੱਛੋਂ ਉਸ ਨੇ ਕੱਪੜਿਆਂ ਦੇ ਹੈਲਸਿੰਕੀ ਸਟੋਰ ਤੋਂ ਲੈ ਕੇ ਰੀਅਲ ਅਸਟੇਟ ਤੇ ਮਕਾਨ ਬਣਾਉਣ ਦੇ ਕਈ ਬਿਜ਼ਨਿਸ ਕੀਤੇ। ਉਹ ਕੱਖਪਤੀ ਤੋਂ ਕਰੋੜਾਂਪਤੀ ਬਣਿਆ। ਉਸ ਨੇ ਜੀਵਨ ਦਾ ਪਹਿਲਾ ਸਾਹ ਟੁਰਕੂ ਵਿੱਚ ਲਿਆ ਸੀ ਤੇ ਆਖ਼ਰੀ ਸਾਹ ਹੈਲਸਿੰਕੀ ਦੇ ਹਸਪਤਾਲ ਵਿੱਚ ਲਿਆ। 11 ਅਕਤੂਬਰ 1973 ਦੇ ਦਿਨ ਉਸ ਨੂੰ ਹੈਲਸਿੰਕੀ ਦੇ ਓਲਡ ਚਰਚ ਵਿੱਚ ਰਾਜਕੀ ਸਨਮਾਨ ਨਾਲ ਅੰਤਿਮ ਸਲਾਮੀ ਦਿੱਤੀ ਗਈ। ਫਿਨਲੈਂਡ ਦੀ ਸਿੱਖਿਆ ਮੰਤਰੀ ਨੇ ਸ਼ਰਧਾਂਜਲੀ ਦਿੰਦਿਆਂ ਕਿਹਾ ਸੀ, ”ਰਿਕਾਰਡ ਟੁੱਟਦੇ ਰਹਿਣਗੇ, ਜੇਤੂ ਜਿੱਤਦੇ ਰਹਿਣਗੇ, ਪਰ ਪਾਵੋ ਨੁਰਮੀ ਨੂੰ ਇਤਿਹਾਸ ਵਿੱਚ ਅਜਿੱਤ ਅਥਲੀਟ ਵਜੋਂ ਜਾਣਿਆ ਜਾਂਦਾ ਰਹੇਗਾ।” ਸ਼ਰਧਾਂਜਲੀ ਦੇਣ ਪਿੱਛੋਂ ‘ਫਲਾਈਂਗ ਫਿਨਲੈਂਡੀਏ’ ਦੀ ਦੇਹ ਉਹਦੇ ਜਨਮ ਸਥਾਨ ਟੁਰਕੂ ਵਿਖੇ ਪਰਿਵਾਰਕ ਕਬਰਾਂ ਵਿੱਚ ਦਫ਼ਨਾ ਦਿੱਤੀ ਗਈ।

ਬਾਅਦ ਵਿੱਚ ਪਾਵੋ ਨੁਰਮੀ ਬਾਰੇ ਕਿਤਾਬਾਂ ਲਿਖੀਆਂ ਗਈਆਂ, ਫਿਲਮਾਂ ਬਣੀਆਂ, ਡਾਕ ਟਿਕਟਾਂ ਜਾਰੀ ਹੋਈਆਂ, ਗਲੀਆਂ ਤੇ ਸਟੇਡੀਅਮਾਂ ਦੇ ਨਾਂ ‘ਪਾਵੋ ਨੁਰਮੀ’ ਰੱਖੇ ਗਏ, ਬੁੱਤ ਲੱਗੇ, ਉਹਦੇ ਨਾਂ ‘ਤੇ ਅਥਲੈਟਿਕ ਮੀਟਾਂ ਸ਼ੁਰੂ ਹੋਈਆਂ, ਉਹਦੀਆਂ ਦੌੜਦੇ ਦੀਆਂ ਤਸਵੀਰਾਂ ਨਾਲ ਅਜਾਇਬ ਘਰ ਸਜੇ ਤੇ 1987 ਵਿੱਚ ਬੈਂਕ ਆਫ ਫਿਨਲੈਂਡ ਨੇ ਦਸ ਮਾਰਕ ਦਾ ਨੋਟ ਜਾਰੀ ਕੀਤਾ ਜਿਸ ਦੇ ਇੱਕ ਪਾਸੇ ਓਲੰਪਿਕ ਸਟੇਡੀਅਮ ਤੇ ਦੂਜੇ ਪਾਸੇ ਪਾਵੋ ਨੁਰਮੀ ਦੌੜ ਰਿਹੈ। ਉਹ ਦੌੜਾਕ ਹੋਣ ਨਾਲ ਫ਼ੌਜੀ ਵੀ ਸੀ, ਬਿਜ਼ਨਿਸਮੈਨ ਵੀ ਤੇ ਵਿਆਹਿਆ ਵੀ ਤੇ ਛੜਾ ਛਾਂਟ ਵੀ। ਉਹ ਜੋ ਨਹੀਂ ਸੋ ਸੀ।
ਈ-ਮੇਲ: principalsarwansingh@gmail.com



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -