ਤਾਮੁਲਪੁਰ (ਅਸਾਮ), 24 ਮਾਰਚ
ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਅਸਾਮ ਦੇ ਤਾਮੁਲਪੁਰ ‘ਚ ਸਮਾਪਤ ਹੋਈ ਚੌਥੀ ਏਸ਼ਿਆਈ ਖੋ-ਖੋ ਚੈਂਪੀਅਨਸ਼ਿਪ ਵਿੱਚ ਖਿਤਾਬੀ ਜਿੱਤ ਦਰਜ ਕੀਤੀ ਹੈ। ਦੋਵਾਂ ਵਰਗਾਂ ਵਿੱਚ ਸ੍ਰੀਲੰਕਾ ਤੇ ਬੰਗਲਾਦੇਸ਼ ਦੀਆਂ ਟੀਮਾਂ ਸਾਂਝੇ ਰੂਪ ਵਿੱਚ ਤੀਜੇ ਥਾਂ ‘ਤੇ ਰਹੀਆਂ। ਫਾਈਨਲ ‘ਚ ਭਾਰਤੀ ਪੁਰਸ਼ ਟੀਮ ਨੇ ਨੇਪਾਲ ਨੂੰ 6 ਅੰਕਾਂ ਤੇ ਇਕ ਪਾਰੀ ਨਾਲ ਹਰਾਇਆ ਜਦੋਂਕਿ ਭਾਰਤੀ ਮਹਿਲਾਵਾਂ ਨੇ ਨੇਪਾਲ ਦੀ ਹੀ ਟੀਮ ਨੂੰ 33 ਅੰਕਾਂ ਤੇ ਇਕ ਪਾਰੀ ਨਾਲ ਸ਼ਿਕਸਤ ਦਿੱਤੀ। ਇਸ ਤੋਂ ਪਹਿਲਾਂ ਸੈਮੀਫਾਈਨਲਜ਼ ‘ਚ ਭਾਰਤੀ ਪੁਰਸ਼ ਟੀਮ ਨੇ ਸ੍ਰੀਲੰਕਾ ਵੱਲੋਂ ਦਿੱਤੀ 45 ਅੰਕਾਂ ਦੀ ਚੁਣੌਤੀ ਨੂੰ ਸਰ ਕੀਤਾ ਜਦੋਂਕਿ ਦੂਜੇ ਸੈਮੀਫਾਈਨਲ ‘ਚ ਨੇਪਾਲ ਨੇ ਬੰਗਲਾਦੇਸ਼ ਨੂੰ 12 ਨੁਕਤਿਆਂ ਨਾਲ ਹਰਾਇਆ। ਮਹਿਲਾ ਵਰਗ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 49 ਅੰਕਾਂ ਤੇ ਇਕ ਪਾਰੀ ਨਾਲ ਬਾਹਰ ਦਾ ਰਾਹ ਵਿਖਾਇਆ। ਭਾਰਤੀ ਟੀਮ ਦੇ ਕਪਤਾਨ ਅਕਸ਼ੈ ਭਾਂਗਰੇ ਨੇ ਕਿਹਾ ਕਿ ਉਹ ਚੈਂਪੀਅਨਸ਼ਿਪ ਜਿੱਤ ਕੇ ਬੇਹੱਦ ਖੁਸ਼ ਤੇ ਉਤਸ਼ਾਹ ਵਿੱਚ ਹਨ। -ਪੀਟੀਆਈ