ਭੋਪਾਲ: ਭਾਰਤ ਨੇ ਅੱਜ ਇੱਥੇ ਆਈਐੱਸਐੱਸਐੱਫ ਪਿਸਟਲ/ਰਾਈਫਲ ਵਿਸ਼ਵ ਕੱਪ ਵਿੱਚ ਚਾਂਦੀ ਸਣੇ ਦੋ ਤਗ਼ਮੇ ਜਿੱਤੇ। ਇਸ ਨਾਲ ਭਾਰਤ ਦੇ ਟੂਰਨਾਮੈਂਟ ਵਿੱਚ ਤਗ਼ਮਿਆਂ ਦੀ ਗਿਣਤੀ ਚਾਰ ਹੋ ਗਈ ਹੈ। ਇਨ੍ਹਾਂ ਵਿੱਚ ਇੱਕ ਸੋਨਾ ਤੇ ਇੱਕ ਚਾਂਦੀ ਤੋਂ ਇਲਾਵਾ ਦੋ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਭਾਰਤ ਲਈ ਵਰੁਣ ਤੋਮਰ ਅਤੇ ਰਿਦਮ ਸਾਂਗਵਾਨ ਦੀ ਏਅਰ ਪਿਸਟਲ ਮਿਕਸਡ ਟੀਮ ਜੋੜੀ ਨੇ ਦੂਸਰਾ ਸਥਾਨ, ਜਦਕਿ ਰੁਦਰਾਕਸ਼ ਪਾਟਿਲ ਅਤੇ ਆਰ. ਨਰਮਦਾ ਨਿਤਿਨ ਨੇ ਏਅਰ ਰਾਈਫਲ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਚੀਨ ਨੇ ਟੂਰਨਾਮੈਂਟ ਵਿੱਚ ਅੱਜ ਦੋ ਸੋਨ ਤਗ਼ਮੇ ਜਿੱਤੇ। ਵਰੁਣ ਨੇ ਬੁੱਧਵਾਰ ਨੂੰ ਏਅਰ ਪਿਸਟਲ ਦੇ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਉਸ ਨੇ ਰਿਦਮ ਸਾਂਗਵਾਨ ਨਾਲ ਮਿਲ ਕੇ ਚੀਨ ਦੀ ਕਿਆਨ ਵੇਈ ਅਤੇ ਲਿਊ ਜਿਨਯਾਓ ਦੀ ਜੋੜੀ ਨੂੰ ਸਖ਼ਤ ਟੱਕਰ ਦਿੱਤੀ, ਪਰ ਏਅਰ ਪਿਸਟਲ ਮਿਕਸਡ ਟੀਮ 11-17 ਨਾਲ ਹਾਰ ਗਈ। -ਪੀਟੀਆਈ