ਨਵੀਂ ਦਿੱਲੀ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦਿਆਂ ਪਿਤਾ ਵੱਲੋਂ ਪਈ ਕੁੱਟ ਦਾ ਕਿੱਸਾ ਸਾਂਝਾ ਕੀਤਾ ਹੈ। ਕਪਿਲ ਦੇ ਪਿਤਾ ਮਰਹੂਮ ਜਤਿੰਦਰ ਕੁਮਾਰ ਪੁੰਜ ਪੰਜਾਬ ਪੁਲੀਸ ਵਿੱਚ ਹੈੱਡ ਕਾਂਸਟੇਬਲ ਸਨ। ਕਪਿਲ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਇਸ ਤਰੀਕੇ ਕੁੱਟਿਆ ਸੀ ਕਿ ਉਸ ਦੀ ਪੂਰੀ ਕਾਲੋਨੀ ਨੇ ਇਹ ਨਜ਼ਾਰਾ ਦੇਖਿਆ ਸੀ। ਹਾਲ ਹੀ ‘ਚ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਪ੍ਰੋਮੋ ਦੌਰਾਨ ਮੇਜ਼ਬਾਨ ਨੇ ਸ਼ੋਅ ਦੇ ਸੈਲੇਬ੍ਰਿਟੀ ਗੈਸਟ ਤੇ ਮਸ਼ਹੂਰ ਅਦਾਕਾਰ ਰਾਜ ਬੱਬਰ ਨਾਲ ਆਪਣੇ ਬਚਪਨ ਨਾਲ ਜੁੜਿਆ ਇਹ ਕਿੱਸਾ ਸਾਂਝਾ ਕੀਤਾ ਹੈ। ਉਸ ਨੇ ਦੱਸਿਆ, ”ਜਦੋਂ ਮੈਂ ਪੰਦਰਾਂ ਸਾਲਾਂ ਦਾ ਸੀ ਤਾਂ ਮੇਰੇ ਪਿਤਾ ਆਪਣੇ ਦੋਸਤ ਨਾਲ ਪੁਲੀਸ ਦੀ ਜੀਪ ਵਿੱਚ ਘਰ ਆਏ ਸਨ ਤੇ ਗੱਡੀ ਦੀ ਚਾਬੀ ਮੇਜ਼ ਉੱਤੇ ਰੱਖ ਕੇ ਕਮਰੇ ਅੰਦਰ ਚਲੇ ਗਏ। ਮੈਂ ਬੜੀ ਉਤਸੁਕਤਾ ਨਾਲ ਚਾਬੀ ਚੁੱਕੀ ਤੇ ਗੱਡੀ ਸਟਾਰਟ ਕਰ ਲਈ। ਮੈਨੂੰ ਪਤਾ ਨਹੀਂ ਲੱਗਿਆ ਕਿ ਗੱਡੀ ਦਾ ਕਦੋਂ ਪਿੱਛੇ ਖੜ੍ਹੇ ਸਬਜ਼ੀ ਵੇਚਣ ਵਾਲੇ ਦੇ ਰੇਹੜੇ ਵਿੱਚ ਜਾ ਵੱਜੀ ਤੇ ਸਬਜ਼ੀ ਵਾਲੇ ਦੇ ਘੀਆ ਬੜੇ ਫਿਲਮੀ ਅੰਦਾਜ਼ ਵਿੱਚ ਖਿੱਲ੍ਹਰੀਆਂ ਸਨ।” ਕਪਿਲ ਨੇ ਦੱਸਿਆ ਕਿ ਉਸ ਨੇ ਉਮੀਦ ਕੀਤੀ ਸੀ ਕਿ ਦੂਜੇ ਮਾਪਿਆਂ ਦੀ ਤਰ੍ਹਾਂ ਉਸ ਦੇ ਪਿਤਾ ਵੀ ਉਸ ਦਾ ਹਾਲ ਜਾਣਨਗੇ ਪਰ ਇਸ ਤੋਂ ਪਹਿਲਾਂ ਕਿ ਉਹ ਘੀਆ ਇਕੱਠੇ ਕਰਦਾ ਤੇ ਕੁਝ ਦੱਸਦਾ ਉਸ ਦੇ ਪਿਤਾ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। -ਆਈਏਐੱਨਐੱਸ