ਨਵੀਂ ਦਿੱਲੀ: ਹਾਕੀ ਇੰਡੀਆ ਵੱਲੋਂ ਵਿੱਤੀ ਕਾਰਨਾਂ ਕਰਕੇ ਬੰਦ ਕੀਤੀ ਗਈ ਹਾਕੀ ਇੰਡੀਆ ਲੀਗ (ਐੱਚਆਈਐੱਲ) ਮੁੜ ਸ਼ੁਰੂ ਕਰਨ ਦੀ ਯੋਜਨਾ ਹੈ। ਹਾਕੀ ਇੰਡੀਆ ਨੇ ਆਪਣੇ ਲਈ ਅੱਜ ਵਿਸ਼ੇਸ਼ ਵਪਾਰਕ ਅਤੇ ਮਾਰਕੀਟਿੰਗ ਭਾਈਵਾਲ ਦਾ ਐਲਾਨ ਕੀਤਾ ਹੈ। ਵਿੱਤੀ ਕਾਰਨਾਂ ਕਰਕੇ ਹਾਕੀ ਇੰਡੀਆ ਲੀਗ 2017 ਵਿੱਚ ਬੰਦ ਕਰ ਦਿੱਤੀ ਗਈ ਸੀ ਅਤੇ ਹਾਕੀ ਇੰਡੀਆ ਇਸ ਨੂੰ ਮੁੜ ਸ਼ੁਰੂ ਕਰਨ ਲਈ ਨਵੇਂ ਭਾਈਵਾਲ ਦੀ ਤਲਾਸ਼ ਵਿੱਚ ਹੈ। ਹਾਕੀ ਇੰਡੀਆ ਦੇ ਸੂਤਰ ਨੇ ਕਿਹਾ, ”ਐੱਚਆਈਐੱਲ ਨਾਲ ਇਸ ਖੇਡ ਨੂੰ ਵੱਡੀ ਸਫਲਤਾ ਮਿਲੀ ਸੀ ਅਤੇ ਅਸੀਂ ਇਸ ਨੂੰ ਅਗਲੇ ਸਾਲ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਾਂ।”ਉਧਰ ਹਾਕੀ ਇੰਡੀਆ ਨੇ ਅੱਜ ਬਿਗ ਬੈਂਗ ਮੀਡੀਆ ਵੈਂਚਰਜ਼ ਪ੍ਰਾਈਵੇਟ ਲਿਮਿਟਡ ਨੂੰ ਆਪਣੀ ਵਿਸ਼ੇਸ਼ ਵਪਾਰਕ ਅਤੇ ਮਾਰਕੀਟਿੰਗ ਭਾਈਵਾਲ ਏਜੰਸੀ ਐਲਾਨ ਦਿੱਤੀ ਹੈ। ਲੀਗ ਮੁੜ ਸ਼ੁਰੂ ਕਰਨ ਵੱਲ ਇਹ ਪਹਿਲਾ ਵੱਡਾ ਕਦਮ ਹੈ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ, “ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਜਦੋਂ ਮੈਂ ਹਾਕੀ ਇੰਡੀਆ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ ਤਾਂ ਹਾਕੀ ਇੰਡੀਆ ਲੀਗ ਸ਼ੁਰੂ ਕਰਨਾ ਮੇਰੀਆਂ ਮੁੱਖ ਤਰਜੀਹਾਂ ‘ਚੋਂ ਇੱਕ ਸੀ। ਇਹ ਭਾਰਤ ਲਈ ਇੱਕ ਅਹਿਮ ਕਦਮ ਹੋਵੇਗਾ।” -ਪੀਟੀਆਈ