ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 13 ਅਪਰੈਲ
ਸ਼ੁਭਮਨ ਗਿੱਲ ਦੀ ਸ਼ਾਨਦਾਰ ਪਾਰੀ ਸਦਕਾ ਗੁਜਰਾਤ ਟਾਈਟਨਜ਼ ਨੇ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਹੋਏ ਆਈਪੀਐੱਲ ਦੇ ਬੇਹੱਦ ਫਸਵੇਂ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਟੀਮ ਵਿੱਚ ਖੇਡ ਰਹੇ ਮੁਹਾਲੀ ਦੇ ਸ਼ੁਭਮਨ ਗਿੱਲ ਨੇ 49 ਗੇਂਦਾਂ ਵਿੱਚ 67 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਗੁਜਰਾਤ ਦੀ ਜਿੱਤ ਯਕੀਨੀ ਬਣਾਈ। ਉਸ ਨੇ ਸੱਤ ਚੌਕੇ ਅਤੇ ਇੱਕ ਛੱਕਾ ਲਗਾਇਆ ਤੇ ਆਖਰੀ ਓਵਰ ਤੱਕ ਕਰੀਜ਼ ‘ਤੇ ਡਟਿਆ ਰਿਹਾ। ਪੰਜਾਬ ਕਿੰਗਜ਼ ਦੇ ਅੱਠ ਵਿਕਟਾਂ ਉੱਤੇ 153 ਦੌੜਾਂ ਦੇ ਸਕੋਰ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਜ਼ ਨੇ 19.5 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 154 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਗੁਜਰਾਤ ਦੇ ਸਾਹਾ ਨੇ 30 ਦੌੜਾਂ, ਸਾਈ ਸੁਦਰਸ਼ਨ ਨੇ 19 ਦੌੜਾਂ, ਕਪਤਾਨ ਹਾਰਦਿਕ ਪਾਂਡਿਆ ਨੇ ਅੱਠ ਦੌੜਾਂ ਬਣਾਈਆਂ। ਡੇਵਿਡ ਮਿਲਰ 17 ਅਤੇ ਰਾਹੁਲ ਤਵਾਟੀਆ ਪੰਜ ਦੌੜਾਂ ਬਣਾ ਕੇ ਨਾਬਾਦ ਰਹੇ। ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਵਿੱਚੋਂ ਅਰਸ਼ਦੀਪ ਸਿੰਘ, ਕਗੀਸੋ ਰਬਾਡਾ, ਸੈਮਕਰਨ ਅਤੇ ਹਰਪ੍ਰੀਤ ਬਰਾੜ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਪੰਜਾਬ ਕਿੰਗਜ਼ ਦੇ ਬੱਲੇਬਾਜ਼ ਗੁਜਰਾਤ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਵਧੀਆ ਪ੍ਰਦਰਸ਼ਨ ਨਾ ਕਰ ਸਕੇ। ਪੰਜਾਬ ਕਿੰਗਜ਼ ਦੇ ਖਿਡਾਰੀਆਂ ਨੇ ਪਹਿਲੀਆਂ 50 ਦੌੜਾਂ 34 ਗੇਂਦਾ ਵਿੱਚ ਬਣਾਈਆਂ ਪਰ ਇਸ ਤੋਂ ਅਗਲੀਆਂ 50 ਦੌੜਾਂ ਬਣਾਉਣ ਲਈ 54 ਗੇਂਦਾਂ ਖੇਡੀਆਂ। ਸਲਾਮੀ ਬੱਲੇਬਾਜ਼ ਪ੍ਰਭਸਿਮਰਨ ਸਿੰਘ ਬਿਨਾਂ ਕੋਈ ਦੌੜ ਬਣਾਏ ਪਹਿਲੇ ਓਵਰ ਵਿੱਚ ਹੀ ਆਊਟ ਹੋ ਗਿਆ। ਕਪਤਾਨ ਸ਼ਿਖਰ ਧਵਨ ਨੇ ਵੀ ਅੱਠ ਗੇਂਦਾਂ ਵਿੱਚ ਸਿਰਫ ਅੱਠ ਦੌੜਾਂ ਹੀ ਬਣਾਈਆਂ। ਇਸ ਤੋਂ ਇਲਾਵਾ ਐੱਮ ਸ਼ਾਰਟ ਨੇ 24 ਗੇਂਦਾਂ ਵਿੱਚ 36 ਦੌੜਾਂ, ਰਾਜਾਪਕਸ਼ ਨੇ 26 ਗੇਂਦਾਂ ਵਿੱਚ 20 ਦੌੜਾਂ, ਜਿਤੇਸ਼ ਕੁਮਾਰ ਨੇ 23 ਗੇਂਦਾਂ ਵਿੱਚ 25 ਦੌੜਾਂ, ਸੈਮਕਰਨ ਨੇ 22 ਗੇਂਦਾਂ ਵਿੱਚ 22 ਦੌੜਾਂ, ਸ਼ਾਹਰੁਖ ਖਾਨ ਨੇ 9 ਗੇਂਦਾਂ ਵਿੱਚ 22 ਦੌੜਾਂ, ਰਿਸ਼ੀ ਧਵਨ ਨੇ ਇੱਕ ਦੌੜ ਅਤੇ ਹਰਪ੍ਰੀਤ ਬਰਾੜ ਪੰਜ ਗੇਂਦਾਂ ਵਿੱਚ 8 ਦੌੜਾਂ ਬਣਾ ਕੇ ਨਾਟ ਆਊਟ ਰਿਹਾ। ਗੁਜਰਾਤ ਟਾਈਟਨਜ਼ ਦੇ ਗੇਂਦਬਾਜ਼ਾਂ ਵਿੱਚੋਂ ਮੁਹੰਮਦ ਸੰਮੀ ਨੇ ਚਾਰ ਓਵਰਾਂ ਵਿੱਚ 44 ਦੌੜਾਂ ਦੇ ਕੇ ਇੱਕ ਵਿਕਟ, ਲਿਟਲ ਨੇ ਚਾਰ ਓਵਰਾਂ ਵਿੱਚ 31 ਦੌੜਾਂ ਦੇ ਕੇ ਇੱਕ ਵਿਕਟ, ਏ ਜੋਸਫ਼ ਨੇ ਚਾਰ ਓਵਰਾਂ ਵਿੱਚ 32 ਦੌੜਾਂ ਦੇ ਇੱਕ ਵਿਕਟ ਲਈ।
ਵੱਡੀ ਗਿਣਤੀ ਟਿਕਟਾਂ ਵਾਲੇ ਦਰਸ਼ਕ ਕੁਰਸੀਆਂ ਤੋਂ ਰਹੇ ਵਾਂਝੇ
ਐੱਸ.ਏ.ਐੱਸ. ਨਗਰ(ਮੁਹਾਲੀ): ਮੁਹਾਲੀ ਦੇ ਫੇਜ਼ ਨੌਂ ਦੇ ਪੀਸੀਏ ਸਟੇਡੀਅਮ ਵਿੱਚ ਅੱਜ ਰਾਤ ਪੰਜਾਬ ਕਿੰਗਜ਼ ਇਲੈਵਨ ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਹੋਏ ਮੈਚ ਵਿੱਚ ਵੱਡੀ ਗਿਣਤੀ ਟਿਕਟਾਂ ਵਾਲੇ ਦਰਸ਼ਕ ਵੀ ਕੁਰਸੀਆਂ ਤੋਂ ਵਾਂਝੇ ਰਹੇ। ਨੱਕੋ-ਨੱਕ ਭਰੇ ਕ੍ਰਿਕਟ ਸਟੇਡੀਅਮ ਦੇ ਸਮੁੱਚੇ ਬਲਾਕਾਂ ਵਿੱਚ ਕੁਰਸੀਆਂ ਦੇ ਅੱਗੇ ਵੱਡੀ ਗਿਣਤੀ ਖੜ੍ਹੇ ਦਰਸ਼ਕਾਂ ਨੇ ਕੁਰਸੀਆਂ ‘ਤੇ ਬੈਠੇ ਦਰਸ਼ਕਾਂ ਦਾ ਮਜ਼ਾ ਵੀ ਕਿਰਕਿਰਾ ਕੀਤਾ। ਇਸ ਮੈਚ ਦੌਰਾਨ ਬੇਟਿਕਟੇ ਦਰਸ਼ਕਾਂ ਦੀ ਐਂਟਰੀ ਪਿਛਲੇ ਮੈਚ ਨਾਲੋਂ ਵੱਧ ਨਜ਼ਰ ਆਈ। ਸਟੇਡੀਅਮ ਦੇ ਆਲੇ ਦੁਆਲੇ ਦੀਆਂ ਸੜਕਾਂ ਉੱਤੇ ਮੈਚ ਆਰੰਭ ਹੋਣ ਤੋਂ ਪਹਿਲਾਂ ਜਾਮ ਵਰਗਾ ਮਾਹੌਲ ਰਿਹਾ। ਨਿਯਮਿਤ ਪਾਰਕਿੰਗ ਦੀ ਥਾਂ ਬਹੁਤ ਸਾਰੇ ਦਰਸ਼ਕ ਸੜਕਾਂ ਕਿਨਾਰੇ ਹੀ ਆਪਣੀਆਂ ਗੱਡੀਆਂ ਖੜ੍ਹੀਆਂ ਕਰ ਕੇ ਮੈਚ ਦੇਖਣ ਚਲੇ ਗਏ।