ਅਸਤਾਨਾ (ਕਜ਼ਾਖਸਤਾਨ), 13 ਅਪਰੈਲ
ਭਾਰਤ ਦੇ ਅਮਨ ਸਹਿਰਾਵਤ ਨੇ ਅੱਜ ਕਿਰਗਿਜ਼ਸਤਾਨ ਦੇ ਅਲਮਾਜ਼ ਸਮਾਨਬੈਕੋਵ ਨੂੰ ਹਰਾ ਕੇ ਇੱਥੇ ਚੱਲ ਰਹੀ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ ਹੈ। ਉਹ ਸੀਨੀਅਰ ਵਰਗ ‘ਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਸਹਿਰਾਵਤ ਨੇ 57 ਕਿੱਲੋ ਭਾਰ ਵਰਗ ਦੇ ਫਾਈਨਲ ਵਿੱਚ ਅਲਮਾਜ਼ ਨੂੰ 9-4 ਅੰਕਾਂ ਦੇ ਫਰਕ ਨਾਲ ਹਰਾਇਆ। ਸਹਿਰਾਵਤ ਦੇ ਇਸ ਸੋਨ ਤਗ਼ਮੇ ਨਾਲ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਤਗ਼ਮਿਆਂ ਦੀ ਗਿਣਤੀ 12 ਹੋ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਸਿਖਲਾਈ ਲੈਣ ਵਾਲੇ ਸਹਿਰਾਵਤ ਨੇ ਕੁਆਰਟਰ ਫਾਈਨਲ ਵਿੱਚ ਜਾਪਾਨ ਦੇ ਰਿਕੁਤੋ ਅਰਾਈ ਨੂੰ 7-1 ਨਾਲ ਹਰਾਉਣ ਮਗਰੋਂ ਸੈਮੀਫਾਈਨਲ ਵਿੱਚ ਚੀਨ ਦੇ ਵਾਨਹਾਊ ਝੂ ਨੂੰ 7-4 ਨਾਲ ਮਾਤ ਦਿੱਤੀ। ਸਹਿਰਾਵਤ ਦਾ ਇਹ 2023 ਦਾ ਦੂਜਾ ਤਗ਼ਮਾ ਹੈ। ਉਸ ਨੇ ਫਰਵਰੀ ਵਿੱਚ ਜ਼ਾਗਰੇਬ ਓਪਨ ਵਿੱਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
ਇਸੇ ਦੌਰਾਨ ਦੋ ਹੋਰ ਭਾਰਤੀ ਪਹਿਲਵਾਨ ਕਾਂਸੇ ਦੇ ਤਗ਼ਮੇ ਲਈ ਮੁਕਾਬਲੇ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਹੇ। ਦੀਪਕ ਕੁਕਨਾ (79 ਕਿੱਲੋ ਭਾਰ ਵਰਗ) ਅਤੇ ਦੀਪਕ ਨਹਿਰਾ (97 ਕਿੱਲੋ ਭਾਰ ਵਰਗ) ਵਿੱਚ ਆਪਣੇ ਸੈਮੀਫਾਈਨਲ ਮੁਕਾਬਲੇ ਹਾਰਨ ਮਗਰੋਂ ਕਾਂਸੇ ਦੇ ਤਗ਼ਮੇ ਲਈ ਮੁਕਾਬਲੇ ਖੇਡਣਗੇ। -ਪੀਟੀਆਈ