ਨਵੀਂ ਦਿੱਲੀ: ਭਾਰਤ ਨੇ ਜਰਮਨੀ ਦੇ ਸੁਹਲ ਵਿੱਚ ਇੱਕ ਤੋਂ ਛੇ ਜੂਨ ਤੱਕ ਹੋਣ ਵਾਲੀ ਆਈਐੱਸਐੱਸਐੱਫ ਵਿਸ਼ਵ ਕੱਪ ਜੂਨੀਅਰ ਰਾਈਫ਼ਲ/ਪਿਸਟਲ/ ਸ਼ਾਰਟਗੰਨ ਨਿਸ਼ਾਨੇਬਾਜ਼ੀ ਮੁਕਾਬਲੇ ਲਈ ਅੱਜ 39 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਭਾਰਤੀ ਰਾਸ਼ਟਰੀ ਰਾਈਫ਼ਲ ਸੰਘ (ਐੱਲਆਰਏਆਈ) ਵੱਲੋਂ ਐਲਾਨੀ ਗਈ ਟੀਮ ਵਿੱਚ ਕਈ ਅਜਿਹੇ ਨਿਸ਼ਾਨੇਬਾਜ਼ ਹਨ, ਜੋ ਪਿਛਲੇ ਕੁਝ ਸਮੇਂ ਤੋਂ ਜੂਨੀਅਰ ਪੱਧਰ ‘ਤੇ ਦੇਸ਼ ਦੀ ਅਗਵਾਈ ਕਰ ਰਹੇ ਹਨ। ਇਨ੍ਹਾਂ ਵਿੱਚ ਪਿਸਟਲ ਵਰਗ ‘ਚ ਸਿਮਰਨਜੀਤ ਕੌਰ ਬਰਾੜ, ਰਾਜਕੰਵਰ ਸਿੰਘ ਸੰਧੂ ਤੇ ਸਮੀਰ ਅਤੇ ਰਾਈਫ਼ਲ ਵਰਗ ਵਿੱਚ ਅਭਿਨਵ ਸ਼ਾਵ ਤੇ ਧਨੁਸ਼ ਸ੍ਰੀਕਾਂਤ ਤੋਂ ਇਲਾਵਾ ਸ਼ਾਰਟਗੰਨ ਵਰਗ ਵਿੱਚ ਸ਼ਰਦੁਲ ਵਿਹਾਨ ਅਤੇ ਪ੍ਰੀਤੀ ਰਾਜਕ ਸ਼ਾਮਲ ਹਨ। ਗੌਤਮੀ ਭਨੋਟ ਅਤੇ ਸਵਾਤੀ ਚੌਧਰੀ (ਰਾਈਫ਼ਲ), ਅਭਿਨਵ ਚੌਧਰੀ ਤੇ ਸ਼ੁਭਮ ਬਿਮਲਾ (ਪਿਸਟਲ) ਅਤੇ ਸਬੀਰਾ ਹੈਰਿਸ ਤੇ ਹਰਮੇਰ ਸਿੰਘ ਲਾਲੀ (ਸ਼ਾਰਟਗੰਨ) ਵਰਗੇ ਉੱਭਰਦੇ ਨਿਸ਼ਾਨੇਬਾਜ਼ਾਂ ਨੂੰ ਵੀ ਟੀਮ ਵਿੱਚ ਜਗ੍ਹਾ ਮਿਲੀ ਹੈ। -ਪੀਟੀਆਈ