ਕੋਲਕਾਤਾ: ਭਾਰਤੀ ਤੀਰਅੰਦਾਜ਼ੀ ਫੈਡਰੇਸ਼ਨ ਨੇ 2024 ਪੈਰਿਸ ਓਲੰਪਿਕ ਖੇਡਾਂ ਤੋਂ ਪਹਿਲਾਂ ਰਿਕਰਵ ਟੀਮ ਲਈ ਓਲੰਪਿਕ ਸੋਨ ਤਮਗਾ ਜੇਤੂ ਬੈਕ ਵੂੰਗ ਕੀ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ। ਲੰਡਨ ਓਲੰਪਿਕ ਵਿੱਚ ਮਹਿਲਾ ਵਿਅਕਤੀਗਤ ਅਤੇ ਟੀਮ ਵਰਗ ‘ਚ ਆਪਣੇ ਦੇਸ਼ ਲਈ ਦੋਹਰਾ ਸੋਨ ਤਮਗਾ ਜਿੱਤਣ ਵਾਲੀ ਦੱਖਣੀ ਕੋਰੀਆ ਦੀ ਵੂੰਗ ਕੀ ਮੰਗਲਵਾਰ ਤੋਂ ਤੁਰਕੀ ਦੇ ਅੰਤਾਲੀਆ ਵਿੱਚ ਵਿਸ਼ਵ ਕੱਪ ਦੇ ਪਹਿਲੇ ਪੜਾਅ ਤੋਂ ਭਾਰਤ ਨਾਲ ਆਪਣੇ ਕਾਰਜਕਾਲ ਦੀ ਸ਼ੁਰੂਆਤ ਕਰੇਗੀ। 2014 ਦੀਆਂ ਏਸ਼ੀਅਨ ਖੇਡਾਂ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਕੋਈ ਵਿਦੇਸ਼ੀ ਕੋਚ ਨਿਯੁਕਤ ਕੀਤਾ ਹੈ।ਇਸੇ ਤਰ੍ਹਾਂ ਆਰਚਰੀ ਐਸੋਸੀਏਸ਼ਨ ਆਫ ਇੰਡੀਆ (ਏਏਆਈ) ਨੇ ਇਟਲੀ ਦੇ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਸਰਜੀਓ ਪਗਨੀ ਨੂੰ ਕੰਪਾਊਂਡ ਟੀਮ ਲਈ ਨਿਯੁਕਤ ਕੀਤਾ ਹੈ। ਵੂੰਗ ਇਸ ਤੋਂ ਪਹਿਲਾਂ ਸਪੋਰਟਸ ਅਥਾਰਿਟੀ ਆਫ ਇੰਡੀਆ (ਐੱਸਏਆਈ) ਦੇ ਸੈਂਟਰ ਆਫ਼ ਐਕਸੀਲੈਂਸ ਦਾ ਹਿੱਸਾ ਸੀ ਅਤੇ ਹੁਣ ਉਸ ਨਾਲ ਓਲੰਪਿਕ ਤੱਕ ਦਾ ਕਰਾਰ ਕੀਤਾ ਗਿਆ ਹੈ। ਆਉਣ ਵਾਲਾ ਵਿਸ਼ਵ ਕੱਪ ਇਸ ਜੋੜੀ ਲਈ ਪਹਿਲਾ ਵੱਡਾ ਇਮਤਿਹਾਨ ਹੋਵੇਗਾ ਕਿਉਂਕਿ ਭਾਰਤ ਨੇ ਇਸ ਵਿਸ਼ਵ ਕੱਪ ਲਈ ਜ਼ਿਆਦਾਤਰ ਜੂਨੀਅਰ ਖਿਡਾਰੀਆਂ ਨੂੰ ਮੌਕੇ ਦਿੱਤੇ ਹਨ। ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਤਰੁਣਦੀਪ ਰਾਏ, ਦੋ ਵਾਰ ਦੇ ਓਲੰਪੀਅਨ ਅਤਨੂ ਦਾਸ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਕੰਪਾਊਂਡ ਤੀਰਅੰਦਾਜ਼ ਜੋਤੀ ਸੁਰੇਖਾ ਵੇਨਮ ਨੂੰ ਛੱਡ ਕੇ ਭਾਰਤੀ ਟੀਮ ‘ਚ ਕਈ ਨਵੇਂ ਖਿਡਾਰੀਆਂ ਨੂੰ ਥਾਂ ਦਿੱਤੀ ਗਈ ਹੈ। -ਪੀਟੀਆਈ