ਚੇਨੱਈ: ਭਾਰਤ ਚੇਨੱਈ ਵਿੱਚ 3 ਤੋਂ 12 ਅਗਸਤ ਤੱਕ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦੀ ਪਹਿਲੀ ਵਾਰ ਮੇਜ਼ਬਾਨੀ ਕਰੇਗਾ। ਤਿੰਨ ਵਾਰ ਦੇ ਚੈਂਪੀਅਨ ਪਾਕਿਸਤਾਨ ਤੋਂ ਇਲਾਵਾ ਚੀਨ ਨੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਹੈ। ਤਾਮਿਲਨਾਡੂ ਦੇ ਖੇਡ ਮੰਤਰੀ ਉਦੈਨਿਧੀ ਸਟਾਲਿਨ ਨੇ ਕਿਹਾ ਕਿ ਦੱਖਣੀ ਮਹਾਨਗਰ ਵਿੱਚ ਟੂਰਨਾਮੈਂਟ ਦੀ ਮੇਜ਼ਬਾਨੀ ਇਸ ਖੇਤਰ ਵਿੱਚ ਖੇਡ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ, ”ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਦੀ ਮੇਜ਼ਬਾਨੀ ਕਰਨਾ ਬਹੁਤ ਖੁਸ਼ੀ ਅਤੇ ਸਨਮਾਨ ਦੀ ਗੱਲ ਹੈ। ਇਹ ਸ਼ਹਿਰ ਕਿਸੇ ਸਮੇਂ ਦੱਖਣੀ ਭਾਰਤ ਦੀ ਹਾਕੀ ਦੀ ਰਾਜਧਾਨੀ ਸੀ ਅਤੇ ਇੱਥੇ ਕਈ ਵੱਕਾਰੀ ਘਰੇਲੂ ਅਤੇ ਕੌਮਾਂਤਰੀ ਟੂਰਨਾਮੈਂਟ ਕਰਵਾਏ ਜਾਂਦੇ ਸਨ।” ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਭਾਰਤ ਤੋਂ ਇਲਾਵਾ ਮੌਜੂਦਾ ਚੈਂਪੀਅਨ ਦੱਖਣੀ ਕੋਰੀਆ, ਮਲੇਸ਼ੀਆ ਅਤੇ ਜਾਪਾਨ ਹਿੱਸਾ ਲੈ ਰਹੇ ਹਨ। ਪਾਕਿਸਤਾਨ ਅਤੇ ਚੀਨ 25 ਅਪਰੈਲ ਤੱਕ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕਰਨਗੇ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਟੂਰਨਾਮੈਂਟ ਵਿਚ ਹਿੱਸਾ ਲੈਂਦਾ ਹੈ ਤਾਂ ਉਸ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਨੇ ਕਿਹਾ ਕਿ ਅਧਿਕਾਰੀ ਪਹਿਲਾਂ ਹੀ ਚੇਨੱਈ ਦਾ ਦੌਰਾ ਕਰ ਚੁੱਕੇ ਹਨ। -ਪੀਟੀਆਈ