ਮੁੰਬਈ: ਅਦਾਕਾਰ ਅਨਿਲ ਕਪੂਰ ਹੁਣ ਖ਼ੁਦ ਨੂੰ ਫਿਟ ਰੱਖਣ ਲਈ ਜਿਮ ਦੀ ਥਾਂ ਆਕਸੀਜਨ ਥੈਰੇਪੀ ਲੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸੀਨੀਅਰ ਅਦਾਕਾਰ ਅਨੁਪਮ ਖੇਰ ਨੇ ਅੱਜ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਅਨਿਲ ਕਪੂਰ ਇੱਕ ਹਾਈਪਰਬੈਰਿਕ ਆਕਸੀਜਨ ਥੈਰੇਪੀ ਚੈਂਬਰ ਵਿੱਚ ਆਕਸੀਜਨ ਮਾਸਕ ਪਾ ਕੇ ਬੈਠਾ ਹੋਇਆ ਹੈ। ਅਨਿਲ ਕਪੂਰ ਇਸ ਵੀਡੀਓ ਵਿੱਚ ਅਨੁਪਮ ਖੇਰ ਵੱਲ ਵੇਖ ਕੇ ਹੱਥ ਹਿਲਾ ਰਿਹਾ ਹੈ। ਇਸ ਵੀਡੀਓ ਨਾਲ ਅਨੁਪਮ ਨੇ ਲਿਖਿਆ ਹੈ, ‘ਕਪੂਰ ਸਾਹਿਬ…ਤੁਸੀਂ ਦੱਸਿਆ ਨਹੀਂ ਕਿ ਤੁਸੀਂ ਚੰਨ ‘ਤੇ ਜਾ ਰਹੇ ਹੋ? ਜਾਂ ਫਿਰ ਇਹ ਮਸ਼ੀਨ ਹੀ ਤੁਹਾਡੀ ਸਦਾਬਹਾਰ ਜਵਾਨੀ ਦਾ ਰਾਜ਼ ਹੈ।’ ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਅਨਿਲ ਕਪੂਰ ਨੇ ਫਿੱਟ ਰਹਿਣ ਲਈ ਕੁਝ ਵੱਖਰਾ ਕੀਤਾ ਹੋਵੇ। ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਮਨਫ਼ੀ 110 ਡਿਗਰੀ ਸੈਲਸੀਅਸ ਤਾਪਮਾਨ ਵਿੱਚ ਕਮੀਜ਼ ਉਤਾਰ ਦੇ ਦੌੜਦਾ ਦਿਖਾਈ ਦੇ ਰਿਹਾ ਸੀ। -ਆਈਏਐੱਨਐੱਸ