ਡਾ. ਗੁਰਤੇਜ ਸਿੰਘ
ਜ਼ਿੰਦਗੀ ਇੱਕ ਸਫ਼ਰ ਹੈ ਤੇ ਹਰ ਜੀਵਿਤ ਮਨੁੱਖ ਇਸ ਦਾ ਹਿੱਸਾ ਹੈ। ਇਸ ਦਾ ਆਗਾਜ਼ ਜਨਮ ਦੇ ਨਾਲ ਹੁੰਦਾ ਹੈ ਅਤੇ ਅੱਖਾਂ ਮੀਟਣ ਤੱਕ ਪ੍ਰਤੱਖ ਰੂਪ ਵਿੱਚ ਸੰਸਾਰ ਅੰਦਰ ਨਸ਼ਰ ਹੁੰਦਾ ਹੈ। ਸਫ਼ਰ ਅਤੇ ਟਹਿਲਣ ਵਿੱਚ ਇੰਨਾ ਕੁ ਹੀ ਫ਼ਰਕ ਹੈ, ਸਫ਼ਰ ਸਮੇਂ ਮਨੁੱਖ ਪੁਖ਼ਤਾ ਤਿਆਰੀ ਕਰਕੇ ਘਰੋਂ ਨਿਕਲਦਾ ਹੈ, ਟਹਿਲਣ ਸਮੇ ਇਹ ਸਭ ਜ਼ਰੂਰੀ ਨਹੀਂ ਹੁੰਦਾ। ਚਹਿਲਕਦਮੀ ਕਦਮਾਂ ਨੂੰ ਤਾਂ ਚਾਹੇ ਤੰਦਰੁਸਤ ਬਣਾਉਣ ਦੇ ਸਮਰੱਥ ਹੁੰਦੀ ਹੀ ਹੈ ਬਲਕਿ ਰਾਤ ਦਾ ਖਾਣਾ ਖਾ ਕੇ 100 ਕਦਮ ਚੱਲਣਾ ਪਾਚਨ ਤੰਤਰ ਨੂੰ ਵੀ ਸੁਧਾਰਦਾ ਹੈ, ਪਰ ਵੱਖ ਵੱਖ ਥਾਵਾਂ ਦੀ ਯਾਤਰਾ ਮਨੁੱਖ ਦੇ ਗਿਆਨ ਨੂੰ ਅਸਮਾਨ ਦੀ ਉੱਚਾਈ ਦਿੰਦੀ ਹੈ, ਹੋਰਨਾਂ ਸੱਭਿਅਤਾਵਾਂ ਨੂੰ ਪਰਸਪਰ ਨੇੜਤਾ ਦਿੰਦੀ ਹੈ। ਦੋਵਾਂ ਹਾਲਤਾਂ ਵਿੱਚ ਸਰੀਰ ਅਤੇ ਮਨ ਨੂੰ ਉਸ ਦੀ ਲੋੜੀਂਦੀ ਖ਼ੁਰਾਕ ਮਿਲਦੀ ਹੈ ਜੋ ਤੰਦਰੁਸਤ ਜੀਵਨ ਦਾ ਸਬੱਬ ਹੋ ਨਿੱਬੜਦੀ ਹੈ। ਜੀਵਨ ਅਗਾਂਹਵਧੂ ਸੋਚ ਦਾ ਨਾਮ ਹੈ, ਪਿੱਛਖਿੱਚੂ ਸੋਚ ਦੇ ਲੋਕ ਇਸ ਨਾਂ ਨਾਲ ਅਕਸਰ ਹੀ ਨਿਆਂ ਨਹੀਂ ਕਰ ਪਾਉਂਦੇ, ਜਿਸ ਦਾ ਨਤੀਜਾ ਜੀਵਨ ਅਤੇ ਸੰਸਾਰ ਪ੍ਰਤੀ ਉਦਾਸੀਨਤਾ ਤੇ ਆਖ਼ਰ ਖ਼ੁਦਕੁਸ਼ੀ ਹੈ। ਸਫ਼ਰ ਦੌਰਾਨ ਮਨੁੱਖ ਨੂੰ ਮੰਜ਼ਿਲ ‘ਤੇ ਪੁੱਜਣ ਦਾ ਚਾਅ ਤੇ ਭੈਅ ਹੁੰਦਾ ਹੈ ਜਿਸ ਕਰਕੇ ਉਹ ਓਪਰੇ ਰਾਹਾਂ ਦੀ ਨਵੀਨਤਾ ਨੂੰ ਨਹੀਂ ਮਾਣਦਾ ਤੇ ਮੰਜ਼ਿਲ ‘ਤੇ ਪੁੱਜ ਕੇ ਇਨ੍ਹਾਂ ਰਾਹਾਂ ਨੂੰ ਯਾਦ ਕਰਕੇ ਭਾਵੁਕ ਹੁੰਦਾ ਹੈ। ਖਿੰਡਾਵਾਂ ਅਤੇ ਭਟਕਣ ਜਦੋਂ ਸਫ਼ਰ ਦੀ ਨੀਰਸਤਾ ਦਾ ਸਬੱਬ ਬਣ ਜਾਣ ਤਾਂ ਹਸੀਨ ਵਾਦੀਆਂ ਵੀ ਉਜਾੜ ਜਾਪਦੀਆਂ ਹਨ।
ਜ਼ਿੰਦਗੀ ‘ਚ ਅੱਗੇ ਵਧਣ ਲਈ ਕਈ ਵਾਰ ਆਸ-ਪਾਸ, ਪਰ ਸਾਡੇ ਨਾਲ ਹੀ ਸਬੰਧਿਤ ਵਰਤਾਰਿਆਂ ਪ੍ਰਤੀ ਮੌਨ ਧਾਰਨਾ, ਅਣਗੌਲ੍ਹਿਆ ਕਰਨਾ ਲਾਜ਼ਮੀ ਹੋ ਜਾਂਦਾ ਹੈ। ਭਟਕਣ ਲੱਗਦਿਆਂ, ਧਿਆਨ ਭਟਕਦਿਆਂ ਹੀ ਰਸਤਾ ਹਾਸ਼ੀਏ ‘ਚ ਤਬਦੀਲ ਹੋ ਜਾਂਦਾ ਹੈ। ਮੁੱਖ ਧਾਰਾ ‘ਚ ਪਰਤਦੇ-ਪਰਤਦੇ ਬੜੀ ਦੇਰ ਹੋ ਜਾਂਦੀ ਹੈ। ਪਿੱਛਲੱਗ ਲੋਕ ਅਜਿਹੇ ਵਰਤਾਰਿਆਂ ਦੇ ਅਕਸਰ ਸ਼ਿਕਾਰ ਹੋ ਜਾਂਦੇ ਹਨ ਤੇ ਸਫ਼ਰ ਦੀ ਰੌਚਕਤਾ ਦੇ ਖ਼ਾਤਮੇ ਦਾ ਸਬੱਬ ਹੋ ਨਿੱਬੜਦੇ ਹਨ। ਆਪਣਾ ਕਾਰਜ ਛੱਡ ਜੋ ਆਪਣੇ ਆਪ ਨੂੰ ਗਿਆਨ ਗੁਰੂ ਹੋਣ ਦਾ ਭਰਮ ਪਾਲ ਬੈਠਦੇ ਹਨ ਅਤੇ ਉਸ ਰਸਤੇ ‘ਤੇ ਸਿਰਫ਼ ਟਹਿਲਣ ਆਏ ਲੋਕਾਂ ਨੂੰ ਆਪਣਾ ਹਮਸਫ਼ਰ ਸਮਝਣ ਦੀ ਭੁੱਲ ਕਰਦੇ ਹਨ, ਉਨ੍ਹਾਂ ਦਾ ਹਸ਼ਰ ਮਾੜਾ ਹੋਣੋਂ ਕੋਈ ਤਾਕਤ ਰੋਕ ਹੀ ਨਹੀਂ ਸਕਦੀ।
ਸਫ਼ਰ ਹਮੇਸ਼ਾਂ ਚੁਕੰਨੇ ਹੋ ਕੇ ਕੀਤੇ ਜਾਂਦੇ ਹਨ, ਕਰਨੇ ਲਾਜ਼ਮੀ ਵੀ ਹਨ ਤੇ ਅਜਿਹੇ ਸਮੇਂ ਚੌਕਸ ਰਹਿਣਾ ਜ਼ਰੂਰੀ ਹੁੰਦਾ ਹੈ। ਜਦ ਤੁਹਾਡੇ ਹਾਲਾਤ ਸੁਖ਼ਦ ਨਾ ਹੋਣ ਉੱਪਰੋਂ ਬੇਸ਼ਕੀਮਤੀ ਸਾਮਾਨ ਕੋਲ ਹੋਵੇ ਤਾਂ ਹਰ ਪਲ ਜਾਗਰੂਕ ਰਹਿਣਾ ਹੀ ਸਮਝਦਾਰ ਮਨੁੱਖ ਦੀ ਨਿਸ਼ਾਨੀ ਹੁੰਦੀ ਹੈ। ਉਹ ਹਰ ਕੰਮ, ਆਚਾਰ-ਵਿਹਾਰ-ਆਹਾਰ, ਲੋਕ ਲਾਜ, ਆਦਤ ਆਦਿ ਦਾ ਤਿਆਗ ਲਾਜ਼ਮੀ ਹੈ ਜੋ ਸਾਨੂੰ ਸਾਡੇ ਰਸਤੇ ਤੋਂ ਭਟਕਣ ਲਈ ਮਜਬੂਰ ਕਰਦੇ ਹਨ। ਇਹ ਕੰਮ ਸੌਖਾ ਨਹੀਂ ਹੈ, ਪਰ ਨਾਮੁਮਕਿਨ ਨਹੀਂ ਹੈ। ਭਟਕਣ ਅਤੇ ਖਿੰਡਾਵਾਂ ਤਰੱਕੀ ਦੇ ਰਾਹ ‘ਚ ਅੜਿੱਕਾ ਹਨ, ਇਨ੍ਹਾਂ ਦੇ ਕਾਰਕਾਂ ਜਿਵੇਂ ਕਿ ਪੁਰਾਣੇ ਤੇ ਘਟੀਆ ਵਿਚਾਰ, ਅਸੰਤੁਲਿਤ ਆਹਾਰ ਤੇ ਵਿਹਾਰ, ਅਨੁਸ਼ਾਸਨਹੀਣਤਾ ਆਦਿ ਦਾ ਤਿਆਗ ਲਾਜ਼ਮੀ ਹੈ। ਇਹ ਤਿਆਗ ਸਫਲ ਲੋਕਾਂ ਦੇ ਜੀਵਨ ਦਾ ਅਹਿਮ ਅੰਗ ਹੁੰਦਾ ਹੈ। ਨਿਰੰਤਰ ਵਿਕਾਸ ਹਿੱਤ ਪੱਤਝੜ ਦੌਰਾਨ ਦਰੱਖਤ ਆਪਣੇ ਮਹੱਤਵਪੂਰਨ ਅੰਗ ਪੁਰਾਣੇ ਪੱਤਿਆਂ ਦਾ ਤਿਆਗ ਕਰਦੇ ਹਨ ਤੇ ਨਵੀਨਤਾ ਨਾਲ ਅਸਮਾਨ ਵੱਲ ਰੁਖ਼ ਕਰਦੇ ਹਨ। ਮੌਕੇ ਦਾ ਸਹੀ ਇਸਤੇਮਾਲ ਸਫਲਤਾ ਦਾ ਸਬੱਬ ਹੋ ਨਿੱਬੜਦਾ ਹੈ। ਕਣਕ ਦੇ ਨਾਜ਼ੁਕ ਪੌਦੇ ਤੋਂ ਸਵਾਦੀ ਪਕਵਾਨ ਬਣਨ ਲਈ ਧੁੱਪਾਂ ਛਾਵਾਂ, ਹੱਢ ਚੀਰਵੀਂ ਸਰਦੀ ਤੇ ਸਰੀਰ ਜਲਾਉਣ ਸਮਰੱਥ ਗਰਮੀ ਨੂੰ ਸਹਿਣ ਕਰਨਾ ਪੈਂਦਾ ਹੈ। ਕਈ ਲੋਕ ਅਸਫਲ ਹੁੰਦੇ ਹਨ ਤੇ ਕਈਆਂ ਨੂੰ ਮੌਕਾ ਨਹੀਂ ਮਿਲਦਾ। ਅਕਸਰ ਲੋਕਾਂ ਨੇ ਮਿਲੇ ਅਵਸਰ ਦਾ ਠੋਸ ਰਣਨੀਤੀ ਨਾਲ ਫਾਇਦਾ ਹੀ ਨਹੀਂ ਉਠਾਇਆ ਹੁੰਦਾ।
ਸਫ਼ਰ ਦੌਰਾਨ ਜ਼ਿਆਦਾ ਸਾਮਾਨ ਝੰਜਟ ਹੀ ਸਹੇੜਦਾ ਹੈ ਜਿਸ ਦੀ ਸਾਂਭ ਸੰਭਾਲ ਹਮੇਸ਼ਾਂ ਧਿਆਨ ਭਟਕਾਉਂਦੀ ਹੈ। ਇਸ ਨਾਜ਼ੁਕ ਦੌਰ ‘ਚ ਹਰ ਕਿਸੇ ਤੋਂ ਮਦਦ ਦੀ ਉਮੀਦ ਨਾ ਰੱਖ ਕੇ ਇਕੱਲੇ ਸੋਚ ਵਿਚਾਰ ਕੇ ਸਾਹਸ ਨਾਲ ਤੁਰਨ ਦੀ ਆਦਤ ਪਾਉ, ਤੇਜ਼ ਚੱਲੋਗੇ। ਇਸ ਯਾਤਰਾ ਦੌਰਾਨ ਜ਼ਿਆਦਾ ਸਾਮਾਨ ਅਤੇ ਭੀੜ ਦੇ ਝੰਜਟ ਤੋਂ ਮੁਕਤ ਰਹੋਗੇ। ਅੰਗਰੇਜ਼ ਚੰਦ ਕੱਪੜਿਆਂ ਵਿੱਚ ਵਿਸ਼ਵ ਘੁੰਮ ਲੈਂਦੇ ਹਨ ਤੇ ਅਸੀਂ ਭੂਆ ਕੋਲ ਜਾਂਦੇ ਸਮੇਂ ਵੀ ਸਾਮਾਨ ਦੇ ਝੋਲੇ ਭਰ ਤੁਰਦੇ ਹਾਂ।
ਉਦੇਸ਼ ਹੌਸਲੇ ਨਾਲ ਮਿੱਥੇ ਜਾਂਦੇ ਹਨ, ਉੱਥੇ ਤੱਕ ਪਹੁੰਚਣ ਲਈ ਦ੍ਰਿੜ ਇੱਛਾ ਸ਼ਕਤੀ ਆਪਣਾ ਕਾਰਜ ਕਰਦੀ ਹੈ, ਜਦਕਿ ਇੱਛਾ ਦੀ ਪੂਰਤੀ ਹਿੱਤ ਸਿਰਫ਼ ਕਾਮਨਾ ਕੀਤੀ ਜਾਂਦੀ ਹੈ ਜੋ ਅਧੂਰੀਆਂ ਸੱਧਰਾਂ ਦਾ ਸਬੱਬ ਹੋ ਨਿੱਬੜਦੀ ਹੈ। ਸੰਘਰਸ਼ ਸਮੇਂ ਇਨਸਾਨ ਧਰਤੀ ਨਾਲ ਜੁੜਿਆ ਹੁੰਦਾ ਹੈ ਤੇ ਸਫਲਤਾ ਉਸ ਨੂੰ ਅਸਮਾਨ ਦੇ ਸਫ਼ਰ ‘ਤੇ ਲੈ ਜਾਂਦੀ ਹੈ। ਸੰਘਰਸ਼ ਇਨਸਾਨ ਦੀ ਖ਼ੁਦ ਨਾਲ ਜੰਗ ਹੁੰਦੀ ਹੈ ਤੇ ਇਸ ‘ਚ ਜਿੱਤ ਹਾਰ ਉਸ ਦੁਆਰਾ ਕੀਤੇ ਕਰਮ ‘ਤੇ ਨਿਰਭਰ ਹੁੰਦੀ ਹੈ। ਜੋ ਲੋਕ ਰੋਜ਼ਾਨਾ ਖ਼ੁਦ ਨੂੰ ਬੀਤੇ ਕੱਲ੍ਹ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ‘ਚ ਜੁਟਦੇ ਹਨ ਉਨ੍ਹਾਂ ਦੇ ਸਫ਼ਰ ਦੀ ਕਾਮਯਾਬੀ ਨਿਸ਼ਚਤ ਮੰਨੀ ਜਾ ਸਕਦੀ ਹੈ। ਜੋ ਲੋਕ ਸਵੈਪੜਚੋਲ ਦਾ ਪੱਲਾ ਨਹੀਂ ਫੜਦੇ ਉਨ੍ਹਾਂ ਦਾ ਭਟਕਣਾ ਤੈਅ ਹੀ ਹੁੰਦਾ ਹੈ। ਜ਼ਿੰਦਗੀ ‘ਚ ਉੱਚੇ ਮੁਕਾਮ ਹਾਸਲ ਕਰਨ ਲਈ ਵਾਧੂ ਜ਼ੋਰ ਲਗਾਉਣ ਦੀ ਲੋੜ ਨਹੀਂ ਹੁੰਦੀ, ਬਲਕਿ ਸਹੀ ਦਿਸ਼ਾ ਵਿੱਚ ਨਿਰੰਤਰ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇਹੀ ਲਗਾਤਾਰਤਾ ਧੀਮੀ ਗਤੀ ਵਾਲੇ ਕੱਛੂ ਦੇ ਮਿੱਥੀ ਮੰਜ਼ਿਲ ‘ਤੇ ਪੁੱਜਣ ਦਾ ਸਬੱਬ ਹੋ ਨਿੱਬੜਦੀ ਹੈ।
ਬਹੁਤ ਵਾਰ ਕਿਸੇ ਨੂੰ ਸਮਝਾਉਣ ਨਾਲੋਂ ਖ਼ੁਦ ਨੂੰ ਸਮਝਾਉਣ ਨਾਲ ਮੁਸ਼ਕਿਲਾਂ ਦੇ ਬਿਹਤਰ ਹੱਲ ਭਾਵੇਂ ਨਾ ਹੋਣ, ਪਰ ਅੰਦਰੂਨੀ ਅਸ਼ਾਂਤੀ ਦਾ ਤੂਫਾਨ ਜ਼ਰੂਰ ਠੱਲ੍ਹ ਜਾਂਦਾ ਹੈ। ਖ਼ੁਦ ਨਾਲ ਬੈਠਣ ਦੀ ਆਦਤ ਸਵੈਤਸਦੀਕ ਦੇ ਰਾਹ ਤੋਰਦੀ ਹੈ ਤੇ ਰਾਤੀਂ ਸੌਣ ਤੋਂ ਪਹਿਲਾਂ ਬੀਤੇ ਦਿਨ ਦਾ ਕੀਤਾ ਗਿਆ ਵਿਸ਼ਲੇਸ਼ਣ ਤਜਰਬਾ ਬਣ ਕੇ ਮੁਸ਼ਕਿਲਾਂ ਦੇ ਹੱਲ ‘ਚ ਸਹਾਈ ਸਿੱਧ ਹੁੰਦਾ ਹੈ। ਉਪਦੇਸ਼ਕ ਦੀ ਜਗ੍ਹਾ ਉਦਾਹਰਨ ਬਣੋ, ਸਿਰਫ਼ ਸੋਚਣ, ਬੋਲਣ ਦੀ ਥਾਂ ਮਿੱਥੇ ਨਿਸ਼ਾਨੇ ਦਾ ਜੇਤੂ ਬਣਨ ਦੀ ਸਾਰਥਿਕ ਕੋਸ਼ਿਸ਼ ਕਰੋ। ਸੰਸਾਰ ਨੇ ਸਦਾ ਸਿਰਫ਼ ਨਤੀਜਿਆਂ ਨੂੰ ਕਬੂਲਿਆ ਤੇ ਸਲਾਹਿਆ ਹੈ, ਸਫ਼ਰ ਦੌਰਾਨ ਆਈਆਂ ਅੜਚਣਾਂ ਤੇ ਕੋਸ਼ਿਸ਼ਾਂ ਨੂੰ ਤਾਂ ਹਰਗਿਜ਼ ਨਹੀਂ। ਸੀਮਤ ਸਾਧਨਾਂ ਦੇ ਬਾਵਜੂਦ ਜਿਸ ਕੋਲ ਚੁਣੌਤੀਆਂ ਨੂੰ ਸਵੀਕਾਰਨ ਦੀ ਸਮਰੱਥਾ ਹੈ, ਜੋਖ਼ਮ ਉਠਾਉਣ ਦਾ ਬਲ ਹੈ, ਨਿਰੰਤਰ ਮਿਹਨਤ ਕਰਨ ਦਾ ਨਿਸ਼ਚਾ ਹੈ। ਭਵਿੱਖ ਦੀ ਕੈਨਵਸ ‘ਤੇ ਉਹ ਮਨੁੱਖ ਆਪਣੀ ਜਿੱਤ ਦੇ ਨਿਸ਼ਾਨ ਜ਼ਰੂਰ ਉਕੇਰਦਾ ਹੈ।
ਸਵੈ ਅਨੁਸ਼ਾਸ਼ਿਤ ਸੂਝਵਾਨ ਮਨੁੱਖ ਆਪਣੇ ਗੁੱਸੇ ਨੂੰ ਵੀ ਪੂੰਜੀ ਦੀ ਤਰ੍ਹਾਂ ਸਾਂਭਦੇ, ਵਿਉਂਤਦੇ ਤੇ ਖਰਚਦੇ ਹਨ। ਇਸ ਖਜ਼ਾਨੇ ਦੀ ਚਾਬੀ ਉਨ੍ਹਾਂ ਦੇ ਕੰਨਾਂ ਦੀ ਬਜਾਇ ਦਿਮਾਗ਼ ਕੋਲ ਹੁੰਦੀ ਹੈ। ਦਿਮਾਗ਼ ‘ਚ ਅਗਰ ਕੁਝ ਭਰਨਾ ਹੀ ਹੈ ਤਾਂ ਸਕਾਰਾਤਮਕ ਨਜ਼ਰੀਏ ਨਾਲ ਲਬਰੇਜ਼ ਵਿਚਾਰ ਕਿਉਂ ਨਾ ਭਰੇ ਜਾਣ, ਜੋ ਦੁਨੀਆ ਨੂੰ ਹੋਰ ਚੰਗੇਰੀ ਬਣਾਉਣ, ਕਿਸੇ ਲਈ ਪ੍ਰੇਰਣਾ ਦਾ ਸਰੋਤ ਤੇ ਮਾਰਗ ਦਰਸ਼ਨ ਦਾ ਸਬੱਬ ਬਣਨ। ਭਟਕਣਾ ਮਨੁੱਖੀ ਸੁਭਾਅ ਹੈ ਜਿਸ ਤੋਂ ਸ਼ਾਇਦ ਹੀ ਕੋਈ ਇਨਸਾਨ ਬਚ ਸਕਿਆ ਹੋਵੇ, ਜ਼ਿੰਦਗੀ ਦੇ ਕਿਸੇ ਮੋੜ ‘ਤੇ ਭਟਕਣ ਦਾ ਕੋਈ ਸਬੱਬ ਸਾਰਿਆਂ ਨਾਲ ਲਾਜ਼ਮੀ ਜੁੜਦਾ ਹੈ। ਖਿੰਡਾਵਾਂ ਮਨ ਦੀ ਇਕਾਗਰਤਾ ਖਿੰਡਾਉਣ ਲਈ ਅਹਿਮ ਕਾਰਕ ਹੋ ਨਿੱਬੜਦੀਆਂ ਹਨ। ਇਹ ਹਰ ਦੌਰ ‘ਚ ਮੌਜੂਦ ਹੁੰਦੀਆਂ ਹਨ ਤੇ ਹਰ ਮਨੁੱਖ ਇਨ੍ਹਾਂ ਦੇ ਸੰਪਰਕ ਵਿੱਚ ਲਾਜ਼ਮੀ ਆਉਂਦਾ ਹੈ। ਉਸ ਵੇਲੇ ਜ਼ਰੂਰਤ ਇਹ ਹੁੰਦੀ ਹੈ ਕਿ ਆਪਣੇ ਨਿਸ਼ਾਨੇ, ਹਾਲਾਤ ਨੂੰ ਸਨਮੁੱਖ ਰੱਖ ਕੇ ਆਪਣੀ ਮੰਜ਼ਿਲ ਵੱਲ ਵਧਦੇ ਜਾਣ ਦੀ, ਪੜਾਵਾਂ ਨੂੰ ਆਖ਼ਰੀ ਮੰਜ਼ਿਲ ਸਮਝਣ ਦੀ ਗ਼ੁਸਤਾਖ਼ੀ ਨਹੀਂ ਕਰਨੀ ਚਾਹੀਦੀ। ਬਲਕਿ ਪੜਾਅ ਅਤੇ ਮੰਜ਼ਿਲ ਦੇ ਫ਼ਰਕ ਨੂੰ ਉੱਚੀ ਅਵਸਥਾ ਦੇ ਪ੍ਰਭਾਵ ਅਤੇ ਜੀਵਨ ਜਾਚ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਸੰਪਰਕ: 95173-96001