ਮੁੰਬਈ: ਅਦਾਕਾਰ ਅਮਿਤਾਭ ਬੱਚਨ ਅੱਜ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਆਪਣੀ ਰਿਹਾਇਸ਼ ‘ਜਲਸਾ’ ਦੇ ਗੇਟ ‘ਤੇ ਨਹੀਂ ਪਹੁੰਚੇ। ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਹਰ ਐਤਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਗੇਟ ‘ਤੇ ਆਉਂਦੇ ਹਨ ਪਰ ਇਸ ਵਾਰ ਕੁੱਝ ਹੋਰ ਰੁਝੇਵਿਆਂ ਕਰ ਕੇ ਉਨ੍ਹਾਂ ਪਹਿਲਾਂ ਹੀ ਆਪਣੇ ਬਲੌਗ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਸੀ। ਉਨ੍ਹਾਂ ਬਲੌਗ ਵਿੱਚ ਲਿਖਿਆ ਸੀ, ”ਮੈਂ ਐਤਵਾਰ ਨੂੰ ਜਲਸਾ ਦੇ ਗੇਟ ‘ਤੇ ਨਹੀਂ ਜਾ ਰਿਹਾ ਹਾਂ। ਮੈਨੂੰ ਕੋਈ ਕੰਮ ਹੈ, ਜੋ ਸਿਰਫ ਐਤਵਾਰ ਨੂੰ ਹੀ ਹੋ ਸਕਦਾ ਹੈ। ਮੈਂ ਸ਼ਾਮ 5.45 ਵਜੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਪਰ ਫਿਰ ਵੀ ਦੇਰੀ ਹੋ ਸਕਦੀ ਹੈ, ਇਸ ਕਰ ਕੇ ਮੈਂ ਪਹਿਲਾਂ ਹੀ ਤੁਹਾਨੂੰ ਨਾ ਆਉਣ ਦੀ ਅਪੀਲ ਕਰਦਾ ਹਾਂ।” ਅਮਿਤਾਭ ਨੇ ਦੱਸਿਆ ਕਿ ਉਨ੍ਹਾਂ ਨੂੰ ਆਉਣ ਵਾਲੀ ਫਿਲਮ ‘ਸੈਕਸ਼ਨ 84’ ਨੂੰ ਕਾਫੀ ਸਮਾਂ ਦੇਣਾ ਪੈ ਰਿਹਾ ਹੈ। ਉਨ੍ਹਾਂ ਕਿਹਾ, ”ਮੈਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਮੈਨੂੰ ਫਿਲਮ ‘ਸੈਕਸ਼ਨ 84 ਆਈਪੀਸੀ’ ਨੂੰ ਬਹੁਤ ਸਮਾਂ ਦੇਣਾ ਪੈ ਰਿਹਾ ਹੈ। ਫਿਲਮ ਦੀ ਕਹਾਣੀ ਅਤੇ ਇਸ ਵਿਚਲਾ ਮੇਰਾ ਕਿਰਦਾਰ ਹੀ ਇਸ ਤਰ੍ਹਾਂ ਦਾ ਹੈ। ਜਦੋਂ ਮੈਂ ਕੰਮ ਕਰ ਕੇ ਵਾਪਸ ਆ ਜਾਂਦਾ ਹਾਂ ਤਾਂ ਵੀ ਇਹ ਮੇਰਾ ਪਿੱਛਾ ਨਹੀਂ ਛੱਡਦਾ। ਇਹ ਹਮੇਸ਼ਾ ਮੇਰੇ ਦਿਮਾਗ ਵਿੱਚ ਰਹਿੰਦਾ ਹੈ।” ਜ਼ਿਕਰਯੋਗ ਹੈ ਕਿ ਇਹ ਫਿਲਮ ‘ਦਿ ਗਰਲ ਆਨ ਦਿ ਟਰੇਨ’ ਲਈ ਮਸ਼ਹੂਰ ਰਿਭੂ ਦਾਸਗੁਪਤਾ ਨੇ ਲਿਖੀ ਹੈ ਅਤੇ ਇਸੇ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ। -ਆਈਏਐੱਨਐੱਸ