ਚੇਨੱਈ: ਤਾਮਿਲ ਵਿੱਚ ‘ਕਰੂੰਗਲੀ’ ਅਤੇ ‘ਨਾਨ ਸਿਗਾਪੂ ਮਨੀਤਨ’ ਅਤੇ ਤੇਲਗੂ ਦੀ ‘ਰਾਜੂ ਗਰੀ ਗਦੀ’ ਤੇ ‘ਮੰਤਰਾ 2’ ਲਈ ਜਾਣੇ ਜਾਂਦੇ ਅਦਾਕਾਰ ਚੇਤਨ ਚੀਨੂੰ ਨੇ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਫੋਟੋ ਸ਼ੂਟ ਕਰਵਾਇਆ। ਉਸ ਨੇ ਇਹ ਫੋਟੋਸ਼ੂਟ 12 ਆਜ਼ਾਦੀ ਘੁਲਾਟੀਆਂ ਦੇ ਰੂਪ ਵਿੱਚ ਕਰਵਾਇਆ। ਇਹ ਤਸਵੀਰਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਵੇਰੇ 10:05 ਵਜੇ ਇੱਕ-ਇੱਕ ਕਰਕੇ ਰਿਲੀਜ਼ ਕੀਤੀਆਂ ਜਾਣਗੀਆਂ। ਚੇਤਨ ਚੀਨੂੰ ਨੇ ਆਪਣੇ ਫੋਟੋਸ਼ੂਟ ਵਿੱਚ 12 ਆਜ਼ਾਦੀ ਘੁਲਾਟੀਆਂ, ਜਿਨ੍ਹਾਂ ਵਿੱਚ ਵੀਵੀਐੱਸ ਅੱਈਅਰ, ਆਲੂਰੀ ਸੀਤਾਰਾਮ ਰਾਜੂ, ਊਧਮ ਸਿੰਘ, ਵੇਲੂ ਥੰਪੀ ਦਲਾਵਾ, ਵੀਰਾਪਾਂਡਿਆ ਕੱਟਾਬੂਮਨ, ਸੰਗੋਲੀ ਰਾਇਨਾ, ਮੰਗਲ ਪਾਂਡੇ, ਰਾਣੀ ਵੇਲੂ ਨਚੀਆਰ, ਚੰਦਰ ਸ਼ੇਖਰ ਆਜ਼ਾਦ, ਛਤਰਪਤੀ ਸ਼ਿਵਾ ਜੀ, ਸੁਖਦੇਵ ਥਾਪਰ ਅਤੇ ਵਿਨਾਇਕ ਦਮੋਦਰ ਸਾਵਰਕਰ ਨੂੰ ਦਿਖਾਇਆ ਹੈ। ਚੇਤਨ ਚੀਨੂੰ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਨੇ ਆਪਣੀ ਭੈਣ ਨਾਲ ਇਹ ਵਿਚਾਰ ਸਾਂਝਾ ਕੀਤਾ ਸੀ ਕਿ ਉਹ ਅਸਲ ਵਿੱਚ ਕੁਝ ਆਜ਼ਾਦੀ ਘੁਲਾਟੀਆਂ ਨੂੰ ਸਕਰੀਨ ‘ਤੇ ਦਿਖਾਉਣਾ ਚਾਹੁੰਦਾ ਸੀ ਪਰ ਇਸ ‘ਤੇ ਫਿਲਮ ਬਣਾਉਣ ਦਾ ਕੰਮ ਕਾਫ਼ੀ ਮਹਿੰਗਾ ਅਤੇ ਗੁੰਝਲਦਾਰ ਸੀ, ਇਸ ਲਈ ਉਨ੍ਹਾਂ ਇਹ ਸਭ ਫੋਟੋਆਂ ਜ਼ਰੀਏ ਲੋਕਾਂ ਸਾਹਮਣੇ ਲਿਆਉਣ ਦਾ ਫ਼ੈਸਲਾ ਕੀਤਾ। ਚੇਤਨ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਕਮਲ ਹਾਸਨ ਨੇ ਉਸ ਦੀ ਬਹੁਤ ਮਦਦ ਕੀਤੀ। ਨਿਰਦੇਸ਼ਕ ਮਨੀ ਰਤਨਮ ਦੀ ਅਗਵਾਈ ਹੇੇਠ ਫਿਲਮ ‘ਅੰਜਲੀ’ ਜ਼ਰੀਏ ਬਾਲ ਕਾਲਾਕਾਰ ਵਜੋਂ ਕਰੀਅਰ ਸ਼ੁਰੂ ਕਰਨ ਵਾਲਾ ਚੇਤਨ ਚੀਨੂੰ ‘ਵਿਦਿਆਰਥੀ’ ਵਿੱਚ ਦਿਖਾਈ ਦੇਵੇਗਾ। ਇਹ ਬਹੁ-ਭਾਸ਼ਾਈ ਫਿਲਮ ਕਾਵੇਰੀ ਕਲਿਆਨੀ ਦੇ ਨਿਰਦੇਸ਼ਨ ਹੇਠ ਬਣੀ ਹੈ। ਇਸੇ ਦੌਰਾਨ ਅਦਾਕਾਰਾ ਅਤੇ ਭਾਜਪਾ ਆਗੂ ਖੁਸ਼ਬੂ ਸੁੰਦਰ ਨੇ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੇ 125ਵੇਂ ਜਨਮਦਿਨ ਮੌਕੇ ਸ਼ਰਧਾਂਜਲੀ ਭੇਟ ਕੀਤੀ। -ਆਈਏਐੱਨਐੱਸ