ਮੁੰਬਈ: ਅਦਾਕਾਰ ਰਾਜਕੁਮਾਰ ਰਾਓ ਅਤੇ ਭੂਮੀ ਪੇਡਨੇਕਰ ਦੀ ਆਉਣ ਵਾਲੀ ਫਿਲਮ ‘ਬਧਾਈ ਦੋ’ ਦਾ ਟੀਜ਼ਰ ਪੋਸਟਰ ਅੱਜ ਰਿਲੀਜ਼ ਹੋ ਗਿਆ ਹੈ। ਪੋਸਟਰ ਵਿੱਚ ਰਾਜਕੁਮਾਰ ਰਾਓ ਪੁਲੀਸ ਦੀ ਵਰਦੀ ਵਿੱਚ ਲਾੜੇ ਵਜੋਂ ਅਤੇ ਭੂਮੀ ਪੀਟੀ ਅਧਿਆਪਕ ਦੇ ਪਹਿਰਾਵੇ ਵਿੱਚ ਲਾੜੀ ਵਜੋਂ ਦਿਖਾਈ ਦੇ ਰਹੀ ਹੈ। ਦੋਹਾਂ ਨੂੰ ਇੱਕ-ਦੂਜੇ ਦੇ ਰਾਜ਼ ਖੋਲ੍ਹਣ ਤੋਂ ਰੋਕਦੇ ਦਿਖਾਇਆ ਗਿਆ ਹੈ। ਲਾੜੇ ਦਾ ਸਿਹਰਾ ਅਤੇ ਲਾੜੀ ਦੀ ਚੁੰਨੀ ਧਿਆਨ ਖਿੱਚਦੀ ਹੈ। ਸਿਹਰੇ ਅਤੇ ਚੁੰਨੀ ‘ਚ ਸਤਰੰਗੀ ਝਲਕ ਦਿਖਾਈ ਦਿੰਦੀ ਹੈ। ਇਹ ਰੰਗ ਜ਼ਿਆਦਾਤਰ ‘ਐੱਲਜੀਬੀਟੀਕਿਊ’ ਭਾਈਚਾਰੇ ਲਈ ਵਰਤੇ ਜਾਂਦੇ ਹਨ। ਫਿਲਮ ਦਾ ਟਰੇਲਰ ਭਲਕੇ ਮੰਗਲਵਾਰ ਨੂੰ ਰਿਲੀਜ਼ ਹੋਵੇਗਾ। ਭੂਮੀ ਨੇ ਇੰਸਟਾਗ੍ਰਾਮ ‘ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ”ਹੁਣ ਤਾਂ ਇਹ ਰਾਜ਼ ਖੁੱਲ੍ਹ ਜਾਵੇਗਾ। ਕਿਉਂਕਿ ਕੱਲ੍ਹ ਆ ਰਿਹਾ ਹੈ ਸਾਡਾ ਟਰੇਲਰ ਅਤੇ ਅਸੀਂ ਆ ਰਹੇ ਹਾਂ ਸਿਨੇਮਾ ਘਰਾਂ ਵਿੱਚ। ਮੈਂ ਬਹੁਤ ਉਤਸ਼ਾਹਿਤ ਹਾਂ।” ਇਸੇ ਤਰ੍ਹਾਂ ਰਾਜਕੁਮਾਰ ਨੇ ਲਿਖਿਆ, ”ਕੱਲ੍ਹ ਆ ਰਿਹਾ ਹੈ ਸਾਡਾ ਟਰੇਲਰ। ਕੱਲ੍ਹ ਵਧਾਈ ਦਿਓ, ਵੈਸੇ ਅੱਜ ਵੀ ਦੇਣਾ ਚਾਹੋ ਤਾਂ ਦੇ ਸਕਦੇ ਹੋ।’ਬਧਾਈ ਦੋ’ ਸਿਨੇਮਾ ਘਰਾਂ ਵਿੱਚ ਆ ਰਹੀ ਹੈ। ਇਸ ਨੂੰ ਹੁਣ ਹੋਰ ਗੁਪਤ ਨਹੀਂ ਰੱਖਿਆ ਜਾ ਸਕਦਾ।” ਹਰਸ਼ਵਰਧਨ ਕੁਲਕਰਨੀ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਰਾਜਕੁਮਾਰ ਤੇ ਭੂਮੀ ਤੋਂ ਇਲਾਵਾ ਸੀਮਾ ਪਾਹਵਾ, ਸ਼ੀਬਾ ਚੱਢਾ, ਲਵਲੀਨ ਮਿਸ਼ਰਾ, ਨਿਤੀਸ਼ ਪਾਂਡੇ, ਸ਼ਸ਼ੀ ਭੂਸ਼ਣ ਸਮੇਤ ਹੋਰ ਕਲਾਕਾਰ ਦਿਖਾਈ ਦੇਣਗੇ। ਫਿਲਮ ਅਕਸ਼ਿਤ ਘਿਲਦਿਆਲ ਅਤੇ ਸੁਮਨ ਅਧਿਕਾਰੀ ਨੇ ਲਿਖੀ ਹੈ ਤੇ ‘ਜੰਗਲੀ ਪਿਕਚਰਜ਼’ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। -ਆਈਏਐੱਨਐੱਸ