ਮੁੰਬਈ: ਅਨਿਲ ਕਪੂਰ ਦੀ ਫ਼ਿਲਮ ‘ਰੇਸ 2’ ਨੇ ਹਿੰਦੀ ਸਿਨੇਮਾ ‘ਚ ਨੌਂ ਸਾਲ ਪੂਰੇ ਕਰ ਲਏ ਹਨ। ਅਦਾਕਾਰ ਦਾ ਕਹਿਣਾ ਹੈ ਕਿ ਨੌਂ ਸਾਲਾਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਦੀਆਂ ਹਾਸੇ-ਠੱਠੇ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ‘ਰੇਸ 1’ ‘ਚ ਆਪਣੇ ਕਿਰਦਾਰ ‘ਇੰਸਪੈਕਟਰ ਰਾਬਰਟ ਡੀ’ਕੋਸਟਾ ਨੂੰ ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਅਨਿਲ ਕਪੂਰ ਨੇ ਅਗਲੀ ਫਿਲਮ ਵਿਚ ਉਹੀ ਭੂਮਿਕਾ ਮੁੜ ਨਿਭਾਈ। ਆਰਡੀ ਦੇ ਨਾਮ ਨਾਲ ਜਾਣੇ ਜਾਂਦੇ ਅਨਿਲ ਦਾ ਕਿਰਦਾਰ ਫੁਰਤੀਲੇ ਪੁਲੀਸ ਵਾਲੇ ਦਾ ਹੈ। ਅਨਿਲ ਨੇ ਕਿਹਾ ਕਿ ‘ਰੇਸ 2’ ਉਸ ਲਈ ਇੱਕ ਖਾਸ ਫਿਲਮ ਹੈ ਅਤੇ ਹਮੇਸ਼ਾ ਦਿਲ ਦੇ ਨੇੜੇ ਰਹੀ ਹੈ। ਫਿਲਮ ਦੇ ਨੌਂ ਸਾਲ ਪੂਰੇ ਕਰਨ ਨਾਲ ਸ਼ੂਟਿੰਗ ਦੀਆਂ ਯਾਦਾਂ ਵਾਪਸ ਆ ਗਈਆਂ ਹਨ। ਇਸ ਲਈ ਫਿਲਮ ਦੀ ਵੱਡੀ ਕਾਮਯਾਬੀ ਲਈ ਪੂਰੀ ਟੀਮ ਨੂੰ ਵਧਾਈ। ਇਸ ਫਿਲਮ ਦੇ ਨਿਰਮਾਤਾ ਰਮੇਸ਼ ਤੋਰਾਨੀ ਹਨ ਤੇ ਇਹ ਫਿਲਮ ਯੂਟੀਵੀ ਮੋਸ਼ਨ ਪਿਕਚਰਜ਼ ਅਤੇ ਟਿਪਸ ਇੰਡਸਟਰੀਜ਼ ਦੇ ਬੈਨਰ ਹੇਠ ਤਿਆਰ ਹੋਈ ਸੀ। ਉਸ ਨਾਲ ਫਿਲਮ ਵਿਚ ਸੈਫ ਅਲੀ ਖਾਨ, ਜੌਹਨ ਅਬਰਾਹਮ, ਦੀਪਿਕਾ ਪਾਦੂਕੋਨ, ਬਿਪਾਸ਼ਾ ਬਾਸੂ, ਜੈਕਲੀਨ ਫਰਨਾਂਡੇਜ਼, ਅਮੀਸ਼ਾ ਪਟੇਲ, ਆਦਿੱਤਿਆ ਪੰਚੋਲੀ ਅਤੇ ਰਾਜੇਸ਼ ਖੱਟਰ ਸਾਥੀ ਅਦਾਕਾਰ ਹਨ। ਅਨਿਲ ਕਪੂਰ ਇਸ ਵੇਲੇ ਰਾਜ ਮਹਿਤਾ ਦੀ ਫਿਲਮ ‘ਜੁਗ ਜੁਗ ਜੀਓ’ ਲਈ ਕੰਮ ਕਰ ਰਹੇ ਹਨ। -ਆਈਏਐੱਨਐੱਸ