12.4 C
Alba Iulia
Tuesday, May 7, 2024

ਜ਼ਿੰਦਗੀ ਵਿੱਚ ਸੁਰ-ਮੇਲ ਦਾ ਸੁਹਜ

Must Read


ਕਰਨੈਲ ਸਿੰਘ ਸੋਮਲ

ਚਾਰ ਦਹਾਕੇ ਪਹਿਲਾਂ ਪੂਰਨ ਸਿੰਘ ਦੀ ਸਾਰੀ ਕਵਿਤਾ ਨਿੱਠ ਕੇ ਪੜ੍ਹੀ ਸੀ। ਪਿਛਲੇ ਦਿਨੀ ਇਸ ਨੂੰ ਮੁੜ ਪੜ੍ਹਨ ਦਾ ਖਿਆਲ ਆਇਆ। ਸ਼ਾਇਦ ਇਸ ਕਰਕੇ ਕਿ ਪੰਜਾਬ ਤੇ ਪੰਜਾਬੀਅਤ ਨੂੰ ਚੰਗੀ ਤਰ੍ਹਾਂ ਸਮਝਣ ਲਈ ਜਿਹੜੇ ਸਾਹਿਤ ਨੂੰ ਮੁੜ ਮੁੜ ਪੜ੍ਹਨਾ ਬਣਦਾ ਹੈ, ਉਸ ਵਿੱਚ ਪੂਰਨ ਸਿੰਘ ਦਾ ਲਿਖਿਆ ਬੜਾ ਅਹਿਮ ਹੈ। ਉਂਜ ਵੀ ਚੰਗੀ ਰਚਨਾ ਨੂੰ ਵਕਫ਼ੇ ਪਿੱਛੋਂ ਪੜ੍ਹਿਆਂ ਭਾਵਾਂ ਅਤੇ ਵਿਚਾਰਾਂ ਦੀਆਂ ਨਵੀਆਂ ਪਰਤਾਂ ਉੱਘੜਦੀਆਂ ਜਾਪਦੀਆਂ ਹਨ। ਹੁਣ ਮੇਰੇ ਸਾਹਮਣੇ ਪੂਰਨ ਸਿੰਘ ਦੀ ਕਵਿਤਾ ਸੀ ‘ਮੁੱਲ ਪਾ ਤੂੰ ਆਪਣਾ।’ ਇਸ ਦੇ ਸਿਰਲੇਖ ਨੇ ਹੀ ਭਾਵਾਂ ਦੀਆਂ ਅਨੋਖੀਆਂ ਤਰੰਗਾਂ-ਤਰਬਾਂ ਛੇੜ ਦਿੱਤੀਆਂ। ਇੰਜ ਸਬੱਬ ਬਣਿਆ ਇਨ੍ਹਾਂ ਸ਼ਬਦਾਂ ਦੇ ਲਿਖਣ ਦਾ।

ਅੱਜ-ਕੱਲ੍ਹ, ਜੀਵਨ ਨੂੰ ਟੁਕੜਿਆਂ ਵਿੱਚ ਲੈ ਕੇ ਹਰ ਕਾਸੇ ਦੇ ਨੁਸਖੇ ਦੱਸਦੀ ਸਮੱਗਰੀ ਬੜੀ ਵਿਕਦੀ ਹੈ। ਮੰਡੀ ਦੀ ਮੰਗ ਮੁਤਾਬਕ ਤਤਕਾਲ ਲਾਭ ਦੇਣ ਦੇ ਟੋਟਕਿਆਂ ਨੂੰ ਖਿੱਚ-ਪਾਊ ਸਿਰਲੇਖਾਂ ਹੇਠ ਪੇਸ਼ ਕੀਤਾ ਹੁੰਦਾ ਹੈ। ਘਰੇਲੂ ਸ਼ਾਂਤੀ, ਕਾਰੋਬਾਰੀ ਸਫਲਤਾ, ਮਨ ਦਾ ਟਿਕਾਅ, ਖ਼ੁਸ਼ ਰਹਿਣ ਦੇ ਢੱਬ ਆਦਿ ਕਿੰਨਾ ਕੁਝ ਪਰੋਸਿਆ ਮਿਲਦਾ ਹੈ। ਅਜੋਕਾ ਮਨੁੱਖ ਕਈ ਤਰ੍ਹਾਂ ਦੀਆਂ ਉਲਝਣਾਂ ਵਿੱਚ ਗ੍ਰਸਿਆ ਇਸ ਪਾਸੇ ਵੱਲ ਉੱਲਰ ਕੇ ਪੈਂਦਾ ਹੈ। ਖ਼ੈਰ, ਜ਼ਿੰਦਗੀ ਦੀਆਂ ਪੇਚੀਦਗੀਆਂ ਦੇ ਹੱਲ ਇਨ੍ਹਾਂ ਪੇਤਲੀਆਂ ਗੱਲਾਂ ਵਿੱਚ ਤਾਂ ਕਾਹਨੂੰ ਮਿਲਣੇ ਹੋਏ।

ਹੁਣ ਕਾਰਪੋਰੇਟ ਜਗਤ ਦਾ ਸੈਲਾਬ ਤੇਜ਼ੀ ਨਾਲ ਵਧ ਰਿਹਾ ਹੈ। ਪੇਸ਼ੇਵਰ ਪੜ੍ਹਾਈਆਂ ਵਾਲੇ ਕੰਮ ਦੀ ਭਾਲ ਕਰਦੇ ਹਨ ਤਾਂ ਗੱਲ ਤੁਰਦੀ ਤੇ ਮੁੱਕਦੀ ਪੇ-ਪੈਕੇਜ ਤੋਂ ਹੈ। ਸਾਡੇ ਵਿਦਿਆਰਥੀਆਂ ਵਿੱਚ ਵੀ ਮੁਕਾਬਲਿਆਂ ਵਿੱਚ ਮੀਰੀ ਰਹਿਣ ਦੀ ਮਾਨਸਿਕਤਾ ਭਾਰੂ ਹੁੰਦੀ ਹੈ। ਚੰਗਾ ਮਨੁੱਖ ਬਣਨ ਦਾ ਸੰਕਲਪ ਸਾਡੀ ਵਿਦਿਆ ਵਿੱਚੋਂ ਲਗਪਗ ਗਾਇਬ ਹੈ। ਮਸ਼ੀਨ ਦੀ ਤੇਜ਼ੀ ਨਾਲ ਕੰਮ ਕਰ ਸਕਣ ਵਾਲੇ ਹੌਲੀ ਹੌਲੀ ਮਸ਼ੀਨੀ ਪੁਰਜ਼ੇ ਬਣ ਜਾਂਦੇ ਹਨ। ਪਰ ਜਿਊਣ ਦਾ ਆਨੰਦ, ਖੇੜਾ, ਰਿਸ਼ਤਿਆਂ ਦੀ ਪਕਿਆਈ ਤੇ ਪਾਕੀਜ਼ਗੀ ਸਬੂਤੇ ਮਨੁੱਖ ਦੀ ਮੰਗ ਕਰਦੀ ਹੈ। ਜ਼ਿੰਦਗੀ ਦੀ ਡੂੰਘੀ ਸਮਝ ਰੱਖਣ ਵਾਲੇ ਇਨਸਾਨ ਹੀ ਇਸ ਅਨੋਖੀ ਯਾਤਰਾ ਦਾ ਲੁਤਫ਼ ਲੈ ਸਕਦੇ ਹਨ। ਉਹੀ ਵੰਨ-ਸੁਵੰਨੀਆਂ ਹਾਲਤਾਂ ਵਿੱਚ ਤਕੜੇ ਰਹਿ ਕੇ ਨਿਭ ਸਕਦੇ ਹਨ।

ਪੂਰਨ ਸਿੰਘ ਦੀ ਉਪਰੋਕਤ ਕਵਿਤਾ ਦੇ ਪਹਿਲੇ ਸ਼ਬਦ ਹਨ ‘ਸੁਹਣਿਆ! ਮੁੱਲ ਪਾ ਤੂੰ ਆਪਣਾ।’ ਵਾਹ! ਕਿਸੇ ਤੋਂ ਆਪਣਾ ਮੁੱਲ ਪੁਆ ਨਹੀਂ ਲਿਖਿਆ। ਸੁਨੇਹਾ ਸਿੱਧਾ ਤੇ ਸਪੱਸ਼ਟ ਹੈ ਕਿ ਇਨਸਾਨ ਆਪਣੀ ਕਦਰ ਆਪ ਕਰਦਿਆਂ ਸਵੈ-ਭਰੋਸੇ ਨਾਲ ਜੀਵੇ। ਖ਼ੁਦ ਨੂੰ ਅਦੁੱਤੀ, ਵਿਲੱਖਣ ਤੇ ਅਨੂਠਾ ਸਮਝੇ। ਸਾਡੇ ਦੇਸ਼ ਉੱਤੇ ਵਿਦੇਸ਼ੀ ਤਾਕਤਾਂ ਨੇ ਲੰਮਾ ਸਮਾਂ ਰਾਜ ਕੀਤਾ। ਉਨ੍ਹਾਂ ਨੇ ਸਾਡੀਆਂ ਬੋਲੀਆਂ, ਸੱਭਿਆਚਾਰ ਤੇ ਸਾਡੇ ਵਿਰਸੇ ਨੂੰ ਰੱਜ ਕੇ ਨਖਿੱਧਿਆ ਤੇ ਨਕਾਰਿਆ। ਘਰ ਹੋਵੇ ਜਾਂ ਬਾਹਰ ਬੰਦਾ ਜਿੰਨਾ ਨਿਮਾਣਾ, ਦੱਬੂ ਅਤੇ ਕਮਜ਼ੋਰ ਮਹਿਸੂਸ ਕਰੇਗਾ, ਓਨਾ ਹੀ ਦੂਜਿਆਂ ਦੀਆਂ ਗ਼ਲਤ ਸ਼ਰਤਾਂ ਉੱਤੇ ਵਿਚਰੇਗਾ। ਸਾਡੇ ਸਮਾਜ ਵਿੱਚ ਔਰਤ ਕਈ ਪ੍ਰਕਾਰ ਦੇ ਦਬਾਵਾਂ ਵਿੱਚ ਪਿੱਸਦੀ ਆਈ ਹੋਣ ਕਾਰਨ ਗ਼ਲਤ ਵਰਤਾਰਿਆਂ ਨੂੰ ‘ਜੱਗ ਹੁੰਦੜੀ ਆਈ’ ਮੰਨਦੀ ਰਹੀ ਹੈ।

ਆਪਣਾ ਮੁੱਲ ਆਪ ਪਾ ਸਕਣ ਦੇ ਅਰਥ ਵੱਡੇ ਹਨ। ਹਰ ਮਨੁੱਖ ਕੁਦਰਤ ਦਾ ਚਮਤਕਾਰ ਹੈ ਤੇ ਬੜੀਆਂ ਸਮਰੱਥਾਵਾਂ ਦਾ ਮਾਲਕ ਹੈ। ਬਸ, ਉਸ ਦੀ ਲੁਪਤ (ਛੁਪੀ) ਪ੍ਰਤਿਭਾ ਨੂੰ ਜਾਗ ਦੀ ਤੇ ਜਗਾਏ ਜਾਣ ਦੀ ਉਡੀਕ ਹੁੰਦੀ ਹੈ। ਅਜਿਹਾ ਹੋਣ ਤੇ ਮਨੁੱਖ ਦੀ ਆਭਾ ਪ੍ਰਕਾਸ਼ਵਾਨ ਹੁੰਦੀ ਹੈ। ਕਦੇ ਕਦੇ ਮਾਪੇ, ਖ਼ਾਸ ਕਰਕੇ ਮਾਂ ਨੂੰ ਬੱਚੇ ਦੀਆਂ ਵਡਿਆਈਆਂ ਦੀ ਸੋਅ ਲੱਗ ਜਾਂਦੀ ਹੈ। ਅਗਾਂਹਾਂ, ਅਧਿਆਪਕ ਦੀ ਟੋਹਣੀ ਨਜ਼ਰ ਜਾਣ ਲੈਂਦੀ ਹੈ ਕਿ ਬੱਚਾ ਅਨਮੋਲ ਹੈ। ਅਧਿਆਪਕ ਦੀ ਵਿੱਦਿਆ, ਪੜ੍ਹਾਉਣ ਦਾ ਵਧੀਆ ਢੰਗ, ਲਗਨ ਤੇ ਵਿਦਿਆਰਥੀਆਂ ਲਈ ਸ਼ੁਭ-ਭਾਵਨਾ ਗੁਣਾਂ ਨੂੰ ਉਘਾੜਨ ਵਿੱਚ ਸਹਾਈ ਹੁੰਦੇ ਹਨ। ਕਿਸੇ ਦੇ ਕੱਦ-ਕਾਠ, ਨੈਣ-ਨਕਸ਼, ਰੰਗ ਰੂਪ ਨਾਲੋਂ ਸਥਾਈ ਪ੍ਰਭਾਵ ਉਸ ਦੀਆਂ ਖ਼ਾਸੀਅਤਾਂ ਦਾ ਹੁੰਦਾ ਹੈ। ਬੱਚੇ ਦੀ ਅੰਦਰਲੀ ਸ਼ਕਤੀ ਨੂੰ ਜਗਾਉਣ ਤੇ ਪ੍ਰਫੁੱਲਿਤ ਕਰਨ ਵਿੱਚ ਹੋਰ ਹਿਤੈਸ਼ੀ ਧਿਰਾਂ ਦੀ ਵੀ ਭੂਮਿਕਾ ਰਹਿੰਦੀ ਹੈ। ਗੁਣਾਂ ਦੇ ਪਾਰਖੂ ਬੰਦੇ ਦੇ ਰਾਹ ਦੀਆਂ ਰੁਕਾਵਟਾਂ ਦੂਰ ਕਰਨ ਵਿੱਚ ਪ੍ਰਸੰਨਤਾ ਮਹਿਸੂਸ ਕਰਦੇ ਹਨ। ਗੁਣੀ ਤੇ ਭਲੇ ਬੰਦਿਆਂ ਦੀ ਸੰਗਤ ਵੀ ਅਜਿਹਾ ਕਮਾਲ ਕਰਦੀ ਹੈ। ਸਹੀ ਸੇਧ ਦੇਣ ਵਾਲੇ ਕਿਸੇ ਦੇ ਮੁੱਲ ਨੂੰ ਘਟਾ ਕੇ ਨਹੀਂ ਵੇਖਦੇ। ਸੰਤੁਲਿਤ ਤੇ ਪਰਿਪੱਕ ਪੁਰਖ ਪਰ ‘ਹੈਨਿ ਵਿਰਲੇ ਨਾਹੀ ਘਣੇ’ ਹੁੰਦੇ ਹਨ। ਉਂਜ ਚਿਣਗ ਦੇ ਭਖਣ ਤੇ ਬਲਣ ਲਈ ਉੱਦਮ ਤਾਂ ਬੰਦੇ ਦਾ ਹੁੰਦਾ ਹੈ। ਗੁਰਬਾਣੀ ਸਪੱਸ਼ਟ ਸੇਧ ਦਿੰਦੀ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।। ਆਪਣਾ ਮੁੱਲ ਪੁਆਉਣ ਲਈ ਮੋਕਲੀ ਦ੍ਰਿਸ਼ਟੀ ਨਾਲ ਜੀਵਨ ਤੇ ਜਗਤ ਨੂੰ ਵੇਖਣ ਦੀ ਲੋੜ ਹੁੰਦੀ ਹੈ। ਇਸ ਬ੍ਰਹਿਮੰਡ ਵਿੱਚ ਕਿੰਨਾ ਕੁਝ ਨਿਰੰਤਰ ਵਾਪਰ ਰਿਹਾ ਹੈ। ਹਰ ਪਲ ਦ੍ਰਿਸ਼ ਬਦਲੀ ਜਾਂਦਾ ਹੈ।

ਕੋਈ ਸਿਆਣਾ ਅਗਲੇ ਨੂੰ ਸਿਞਾਣ ਕੇ ਪੁੱਛਦਾ ਹੈ, ‘ਰਾਜ਼ੀ ਹੈਂ ਭਾਈ?’ ਰਾਜ਼ੀ ਕੌਣ, ਉਹੀ ਜਿਹੜਾ ਆਪਣੇ ਆਪ, ਪਰਿਵਾਰ-ਸਮਾਜ ਤੇ ਸਮੁੱਚੀ ਕਾਇਨਾਤ ਨਾਲ ਸੁਰ-ਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਡੇ ਨਿੱਜ ਦੇ ਸੰਸਾਰ ਦਾ ਅੱਗੇ ਜਿਹੜੇ ਸੰਸਾਰਾਂ ਨਾਲ ਵਾਹ ਪੈਂਦਾ ਹੈ, ਉਨ੍ਹਾਂ ਨਾਲ ਬੰਦਾ ਆਪਣਾ ਮੇਚ ਮੇਲਣ ਲਈ ਤਾਂਘ ਰੱਖਦਾ ਹੈ। ਨਿੱਖਰੀ ਸ਼ਖ਼ਸੀਅਤ ਦਾ ਜਲੌਅ ਆਪ ਪ੍ਰੇਰਕ ਬਣਦਾ ਹੈ। ਵਿਦੇਸ਼ਾਂ ਵਿੱਚ ਸਾਡੇ ਦੇਸ਼ਵਾਸੀਆਂ, ਖ਼ਾਸ ਕਰਕੇ ਪੰਜਾਬੀਆਂ ਨੇ, ਉਸ ਧਰਤੀ ਨੂੰ ਜਿਵੇਂ ਆਪਣਾ ਬਣਾਇਆ ਤੇ ਰੱਜ ਮਹਿਸੂਸ ਕੀਤਾ, ਇਹ ਜ਼ਿੰਦਗੀ ਵਿੱਚ ਸੁਰਮੇਲ ਬਿਠਾਉਂਦੇ ਰਹਿਣ ਸਦਕੇ ਹੀ ਹੈ।

ਪੂਰਨ ਸਿੰਘ ਦੇ ਅਣਮੁੱਲੇ ਸ਼ਬਦ ਹਨ:

ਨਿਮੋਝੂਣ ਤੇਰੀ ਬਲਾ ਹੋਵੇ,

ਮਾਯੂਸ ਤੇਰੀ ਜੁੱਤੀ,

ਨਿਰਾਸ ਤੇਰੇ ਵੈਰੀ ਹੋਣ

ਚਸ਼ਮਾ ਫੁੱਟਿਆ ਤੂੰ ਹਮੇਸ਼ ਜਵਾਨੀ ਦਾ,

ਸਦਾ ਦੀ ਬਸੰਤ ਤੇਰੇ ਪ੍ਰਾਣ ਸੋਹਣਿਆ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -