ਮੁੰਬਈ: ਹਾਲ ਹੀ ਵਿੱਚ ਮੈਡੀਕਲ ਥ੍ਰਿੱਲਰ ‘ਹਿਊਮਨ’ ਵਿੱਚ ਇੱਕ ਵੱਖਰੇ ਅੰਦਾਜ਼ ‘ਚ ਨਜ਼ਰ ਆਈ ਅਦਾਕਾਰਾ ਸ਼ੈਫਾਲੀ ਸ਼ਾਹ ਨੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਉਸ ਨੇ ਆਪਣਾ ਕਿਰਦਾਰ ਨਿਭਾਉਣ ਮੌਕੇ ਉਸ ਨੂੰ ਖ਼ੁਦ ‘ਤੇ ਹਾਵੀ ਹੋਣ ਤੋਂ ਰੋਕਿਆ। ਸ਼ੈਫਾਲੀ ਨੇ ਦੱਸਿਆ ਕਿ ਖ਼ੁਦ ‘ਤੇ ਪ੍ਰਭਾਵ ਪੈਣ ਤੋਂ ਰੋਕਣ ਲਈ ਉਸ ਨੇ ਆਪਣੇ ਕਿਰਦਾਰ ਨਾਲ ਇੱਕ ਨਿਯਮਿਤ ਦੂਰੀ ਬਣਾ ਕੇ ਕੰਮ ਕੀਤਾ ਹੈ। ਅਦਾਕਾਰਾ ਨੇ ਕਿਹਾ, ‘ਜਦੋਂ ਮੈਂ ਕੋਈ ਪ੍ਰਾਜੈਕਟ ਕਰਦੀ ਹਾਂ ਤਾਂ ਮੈਂ ਪੂਰਨ ਰੂਪ ਵਿੱਚ ਉਸ ਨਾਲ ਇੱਕ-ਮਿਕ ਹੋ ਜਾਂਦੀ ਹਾਂ। ਇਸ ਦੇ ਬਾਵਜੂਦ ਮੈਂ ਅਜਿਹੀ ਕਲਾਕਾਰ ਨਹੀਂ ਹਾਂ ਜੋ ਆਪਣੇ ਦ੍ਰਿਸ਼, ਕਿਰਦਾਰ ਜਾਂ ਸ਼ੂਟਿੰਗ ਨਾਲ ਸਬੰਧਤ ਕੋਈ ਵੀ ਪ੍ਰੇਸ਼ਾਨੀ ਜਾਂ ਮਾਨਸਿਕ ਬੋਝ ਘਰ ਲਿਜਾਵਾਂ। ਹਾਂ ਸ਼ੂਟਿੰਗ ਦੌਰਾਨ ਆਪਣਾ ਕਿਰਦਾਰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਮੈਂ ਆਪਣਾ ਸੌ ਫ਼ੀਸਦੀ ਦਿੰਦੀ ਹਾਂ।’ ਅਦਾਕਾਰਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਉਹ ਆਪਣੇ ਕਿਰਦਾਰ ਦੀ ਭਾਵਨਾਮਕ ਸਥਿਤੀ ਨੂੰ ਸਮਝਦੀ ਹੋਈ ਵੀ ਉਸ ਤੋਂ ਇੱਕ ਦੂਰੀ ਬਣਾ ਕੇ ਰੱਖ ਸਕਦੀ ਹੈ ਤੇ ਅਜਿਹਾ ਕਰਨ ਨਾਲ ਉਸ ਨੂੰ ਆਪਣੇ ਕਿਰਦਾਰ ਨੂੰ ਹੋਰ ਡੂੰਘਾਈ ਨਾਲ ਸਮਝਣ ਦਾ ਮੌਕਾ ਮਿਲਦਾ ਹੈ। ਸ਼ੈਫਾਲੀ ਨੇ ਕਿਹਾ, ‘ਇੱਕ ਅਦਾਕਾਰ ਵਜੋਂ ਮੈਂ ਕਦੇ ਵੀ ਆਪਣੇ ਕਿਰਦਾਰ ਤੋਂ ਵੱਖ ਨਹੀਂ ਹੁੰਦੀ। ਮੈਂ ਘਰ ਆਉਂਦੀ ਹਾਂ ਤੇ ਤਾਜ਼ਾ ਹੋ ਕੇ ਮੁੜ ਅਗਲੇ ਦਿਨ ਦੇ ਕੰਮ ‘ਤੇ ਧਿਆਨ ਦਿੰਦੀ ਹਾਂ। ਇਹ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਮੈਂ ਰੁਕਦੀ ਨਹੀਂ ਕਿਉਂਕਿ ਮੇਰਾ ਕਿਰਦਾਰ ਵੀ ਨਿਰੰਤਰ ਵਿਕਾਸ ਕਰ ਰਿਹਾ ਹੁੰਦਾ ਹੈ। ਤੁਹਾਨੂੰ ਉਸ ਕਿਰਦਾਰ ਨੂੰ ਨਿਖਾਰਨ ਲਈ ਇੱਕ ਅਦਾਕਾਰ ਵਜੋਂ ਲਗਾਤਾਰ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਾ ਪੈਂਦਾ ਹੈ ਤਾਂ ਜੋ ਉਸ ਕਿਰਦਾਰ ਵਿੱਚ ਜਾਨ ਪੈ ਸਕੇ। -ਆਈਏਐੱਨਐੱਸ