ਗੁਰਮੀਤ ਸਿੰਘ*
ਪੱਖੀਪੂੰਝਾ ਚਹਾ ਆਮ ਦਿਖਣ ਵਾਲੇ ਵੱਖ ਵੱਖ ਕਿਸਮਾਂ ਦੇ ਚਾਹਿਆਂ ਵਿੱਚੋਂ ਸਭ ਤੋਂ ਵੱਧ ਵੇਖਣ ਵਿੱਚ ਆਉਣ ਵਾਲਾ ਪੰਛੀ ਹੈ। ਇਸ ਨੂੰ ਅੰਗਰੇਜ਼ੀ ਵਿੱਚ ‘ਕਾਮਨ ਸਨਾਈਪ’ (Common snipe) ਅਤੇ ਹਿੰਦੀ ਵਿੱਚ ‘ਸਮਾਨਿਆ ਚਹਾ’ ਕਿਹਾ ਜਾਂਦਾ ਹੈ। ਇਹ ਪੰਛੀ ਸ਼ਰਮੀਲਾ ਹੋਣ ਕਰਕੇ ਆਪਣੇ ਆਪ ਨੂੰ ਜ਼ਮੀਨੀ ਬਨਸਪਤੀ ਦੇ ਨੇੜੇ ਲੁਕੋ ਕੇ ਰੱਖਦਾ ਹੈ। ਇਹ ਪਰਵਾਸੀ ਪੰਛੀ ਹੈ। ਇਹ ਸਿਰਫ਼ ਤਾਜ਼ੇ ਪਾਣੀ ਦੇ ਗਿੱਲੇ ਖੇਤਰਾਂ ਵਿੱਚ ਮਿਲਦੇ ਹਨ। ਇਹ ਨਦੀ ਕਿਨਾਰਿਆਂ, ਛੱਪੜਾਂ, ਟੋਭਿਆਂ, ਦਲਦਲੀ ਕੰਢਿਆਂ ਅਤੇ ਗਿੱਲੇ ਮੈਦਾਨਾਂ ਵਿੱਚ ਖਾਣ ਲਈ ਨਿਕਲਦੇ ਹਨ। ਇਨ੍ਹਾਂ ਨੂੰ ਪੰਜਾਬ ਦੇ ਕਈ ਛੱਪੜਾਂ ਦੇ ਨੇੜੇ ਵੀ ਵੇਖਿਆ ਜਾ ਸਕਦਾ ਹੈ। ਜੇਕਰ ਕੋਈ ਇਨ੍ਹਾਂ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਤਿੱਖੀ ਆਵਾਜ਼ ਕੱਢ ਕੇ ਨੇੜੇ ਆਉਣ ਵਾਲਿਆਂ ਨੂੰ ਉਲਝਾਉਣ ਲਈ ਹਵਾ ਵਿੱਚ ਵਿੰਗ-ਤੜਿੰਗੇ ਹੋ ਕੇ ਚਕਮਾ ਦੇ ਕੇ ਉੱਡ ਜਾਂਦੇ ਹਨ। ਇਹ ਅਕਸਰ ਨਰਮ ਚਿੱਕੜ ਵਿੱਚ ਬੈਠ ਕੇ ਖਾਣਾ ਪਸੰਦ ਕਰਦੇ ਹਨ। ਇਨ੍ਹਾਂ ਦੀ ਸਿੱਧੀ, ਕਾਲੀ ਲੰਮੀ ਚੁੰਝ ਜੋ 6.4 ਸੈਂਟੀਮੀਟਰ ਦੇ ਲਗਭਗ ਹੁੰਦੀ ਹੈ, ਚਿੱਕੜ ਵਿੱਚੋਂ ਖਾਣ ਦਾ ਸਾਮਾਨ ਲੱਭਣ ਲਈ ਵਰਤੀ ਜਾਂਦੀ ਹੈ।
ਚੁੰਝ ਇਨ੍ਹਾਂ ਦੇ ਸਿਰ ਦੇ ਆਕਾਰ ਤੋਂ ਲਗਭਗ ਦੁੱਗਣੀ ਹੁੰਦੀ ਹੈ। ਇਨ੍ਹਾਂ ਦੀਆਂ ਲੱਤਾਂ ਅਤੇ ਧੌਣ ਛੋਟੀ ਹੁੰਦੀ ਹੈ। ਨਰ ਪੱਖੀਪੂੰਝੇ ਚਹੇ ਦਾ ਔਸਤਨ ਭਾਰ 130 ਗ੍ਰਾਮ ਹੁੰਦਾ ਹੈ, ਜਦੋਂਕਿ ਮਾਦਾ ਦਾ 78-110 ਗ੍ਰਾਮ ਹੁੰਦਾ ਹੈ। ਇਨ੍ਹਾਂ ਦਾ ਭੂਰਾ ਸਰੀਰ, ਧਾਰੀਦਾਰ ਕਾਲੀਆਂ ਧਾਰੀਆਂ ਵਾਲਾ ਸਿਰ ਹੁੰਦਾ ਹੈ। ਇਨ੍ਹਾਂ ਦੀ ਪਿੱਠ ਅਤੇ ਢਿੱਡ ਚਿੱਟਾ ਹੁੰਦਾ ਹੈ। ਇਨ੍ਹਾਂ ਦੇ ਸਰੀਰ ‘ਤੇ ਘਸਮੈਲੀਆਂ ਅਤੇ ਗੂੜ੍ਹੀਆਂ ਬਿੰਦੀਆਂ ਅਤੇ ਧੱਬੇ ਹੁੰਦੇ ਹਨ।
ਪੱਖੀਪੂੰਝੇ ਚਹੇ ਦੀ ਲੰਮੀ ਨੁਕੀਲੀ ਚੁੰਝ ਇਸ ਨੂੰ ਚਿੱਕੜ ਵਿੱਚੋਂ ਘੋਗੇ, ਛੋਟੇ ਕੀੜੇ-ਮਕੌੜੇ ਉਨ੍ਹਾਂ ਦੇ ਲਾਰਵੇ ਅਤੇ ਗੰਡੋਏ ਲੱਭ ਕੇ ਖਾਣ ਵਿੱਚ ਮਦਦ ਕਰਦੀ ਹੈ। ਇਹ ਛੋਟੇ ਪੌਦਿਆਂ ਦੇ ਕੁਝ ਭਾਗਾਂ ਨੂੰ ਵੀ ਖਾਂਦੇ ਹਨ।
ਪੱਖੀਪੂੰਝੇ ਚਹੇ ਦਾ ਪ੍ਰਜਣਨ ਜੂਨ ਦੇ ਸ਼ੁਰੂ ਤੋਂ ਅੱਧ ਜੁਲਾਈ ਤੱਕ ਹੁੰਦਾ ਹੈ। ਉਹ ਦਲਦਲ ਅਤੇ ਚਿੱਕੜ ਕੋਲ ਛਾਂ ਦਾਰ ਬਨਸਪਤੀ ਖੇਤਰਾਂ ਵਿੱਚ ਆਲ੍ਹਣਾ ਬਣਾਉਂਦੇ ਹਨ। ਨਰ ਪ੍ਰਜਣਨ ਦੇ ਸਥਾਨਾਂ ‘ਤੇ ਪੁੱਜ ਕੇ ਮਾਦਾ ਨੂੰ ਆਕਰਸ਼ਿਤ ਕਰਨ ਲਈ ਉੱਡਦਾ ਹੈ ਅਤੇ ਹਵਾ ਵਿੱਚ ਉਲਟਬਾਜ਼ੀਆਂ ਲਗਾਉਂਦਾ ਹੈ। ਜਦੋਂ ਹਵਾ ਨਰ ਦੀ ਪੂਛ ਦੇ ਖੰਭਾਂ ਵਿੱਚੋਂ ਲੰਘਦੀ ਹੈ ਤਾਂ ਉੱਚੀ-ਉੱਚੀ ਢੋਲ ਦੀ ਤਰ੍ਹਾਂ ਆਵਾਜ਼ ਨਿਕਲਦੀ ਹੈ। ਮਾਦਾ ਆਂਡੇ ਦੇਣ ਲਈ ਲੁਕੀ ਹੋਈ ਜਗ੍ਹਾ ‘ਤੇ ਆਲ੍ਹਣਾ ਬਣਾਉਂਦੀ ਹੈ। ਮਾਦਾ ਚਾਰ ਆਂਡੇ ਦਿੰਦੀ ਹੈ ਜੋ ਕਿ ਗੂੜ੍ਹੇ ਜੈਤੂਨ ਰੰਗੇ ਧੱਬੇਦਾਰ ਅਤੇ ਭੂਰੇ ਰੰਗ ਨਾਲ ਚਿੰਨ੍ਹਿਤ ਹੁੰਦੇ ਹਨ। ਇਨ੍ਹਾਂ ਦਾ ਪ੍ਰਫੁੱਲਤ ਹੋਣ ਦਾ ਸਮਾਂ ਲਗਭਗ 18-21 ਦਿਨਾਂ ਤੱਕ ਰਹਿੰਦਾ ਹੈ। ਨਰ ਅਤੇ ਮਾਦਾ ਪੱਖੀਪੂੰਝੇ ਚਹੇ ਇੱਕ ਸਾਲ ਬਾਅਦ ਪ੍ਰਜਣਨ ਪਰਿਪੱਕਤਾ ‘ਤੇ ਪਹੁੰਚ ਜਾਂਦੇ ਹਨ।
ਯੂਰਪ ਵਿੱਚ ਜ਼ਿਆਦਾਤਰ ਮਨੁੱਖ ਵੱਲੋਂ ਪੱਖੀਪੂੰਝੇ ਚਹੇ ਦਾ ਸ਼ਿਕਾਰ ਆਪਣੇ ਖਾਣੇ ਲਈ ਅਤੇ ਖੇਡਾਂ ਲਈ ਕੀਤਾ ਜਾਂਦਾ ਹੈ। ਇੱਕ ਅਨੁਮਾਨ ਅਨੁਸਾਰ ਲਗਭਗ 1,50,000 ਪੰਛੀ ਹਰ ਸਾਲ ਮਾਰੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੈ। ਇਸ ਐਕਟ ਅਨੁਸਾਰ ਸ਼ਿਕਾਰ ‘ਤੇ ਪੂਰੀ ਤਰ੍ਹਾਂ ਮਨਾਹੀ ਹੈ। ਆਈ.ਯੂ.ਸੀ.ਐੱਨ. ਅਨੁਸਾਰ ਇਹ ਪੰਛੀ ਘੱਟ ਤੋਂ ਘੱਟ ਚਿੰਤਾ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹ ਪੰਛੀ ਮਨੁੱਖਾਂ ਲਈ ਕੋਈ ਖ਼ਤਰਾ ਨਹੀਂ ਹਨ ਅਤੇ ਆਪਣਾ ਦੋਸਤਾਨਾ ਰਵੱਈਆ ਰੱਖਦੇ ਹਨ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ।
ਸੰਪਰਕ: 98884-56910