12.4 C
Alba Iulia
Thursday, April 25, 2024

ਸਫਲਤਾ ਤੋਂ ਮਹਿਰੂਮ ਰਿਹਾ ਸੋਮ ਦੱਤ

Must Read


ਮਨਦੀਪ ਸਿੰਘ ਸਿੱਧੂ

ਸੋਮ ਦੱਤ ਦੀ ਪੈਦਾਇਸ਼ 1930 ਨੂੰ ਪਿੰਡ ਨੱਕਾ ਖੁਰਦ, ਜ਼ਿਲ੍ਹਾ ਜਿਹਲਮ ਦੇ ਪੰਜਾਬੀ ਬ੍ਰਾਹਮਣ ਪਰਿਵਾਰ ਵਿੱਚ ਹੋਈ। ਇਨ੍ਹਾਂ ਦੇ ਪਿਤਾ ਦਾ ਨਾਮ ਦੀਵਾਨ ਰਘੂਨਾਥ ਦੱਤ ਅਤੇ ਮਾਤਾ ਦਾ ਨਾਮ ਕੁਲਵੰਤ ਦੇਵੀ ਦੱਤ ਸੀ। ਇਨ੍ਹਾਂ ਦਾ ਵੱਡਾ ਭਰਾ ਸੁਨੀਲ ਦੱਤ (ਮਰਹੂਮ) ਮਾਰੂਫ਼ ਅਦਾਕਾਰ ਅਤੇ ਭੈਣ ਦਾ ਨਾਮ ਰਾਜ ਰਾਣੀ ਬਾਲੀ ਸੀ। ਪੰਜਾਬ ਵੰਡ ਤੋਂ ਬਾਅਦ ਇਨ੍ਹਾਂ ਦਾ ਪਰਿਵਾਰ ਹਿਜ਼ਰਤ ਕਰਕੇ ਯਮੁਨਾਨਗਰ (ਹੁਣ ਹਰਿਆਣਾ) ਦੇ ਪਿੰਡ ਮੰਡੋਲੀ ਆਣ ਵੱਸਿਆ ਸੀ। ਜਦੋਂ ਵੱਡਾ ਭਰਾ ਸੁਨੀਲ ਦੱਤ ਹਿੰਦੀ ਫ਼ਿਲਮਾਂ ਦਾ ਮਸ਼ਹੂਰ ਅਦਾਕਾਰ ਬਣ ਗਿਆ ਤਾਂ ਉਨ੍ਹਾਂ ਨੇ ਸੋਮ ਦੱਤ ਨੂੰ ਵੀ ਬੰਬੇ ਸੱਦ ਲਿਆ।

ਜਦੋਂ ਸੁਨੀਲ ਦੱਤ ਨੇ ਆਪਣੇ ਫ਼ਿਲਮਸਾਜ਼ ਅਦਾਰੇ ਅਜੰਤਾ ਆਰਟਸ, ਬੰਬੇ ਦੇ ਬੈਨਰ ਹੇਠ ਏ. ਸ਼ੁੱਬਾ ਰਾਵ ਦੀ ਹਿਦਾਇਤਕਾਰੀ ‘ਚ ਹਿੰਦੀ ਫ਼ਿਲਮ ‘ਮਨ ਕਾ ਮੀਤ’ (1968) ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਸੋਮ ਦੱਤ ਦੇ ਨਾਲ-ਨਾਲ ਵਿਨੋਦ ਖੰਨਾ, ਲੀਨਾ ਚੰਦਰਾਵਰਕਰ ਤੇ ਸੰਧਿਆ ਰਾਣੀ ਨੂੰ ਵੀ ਨਵੇਂ ਚਿਹਰਿਆਂ ਵਜੋਂ ਮੁਤਆਰਿਫ਼ ਕਰਵਾਇਆ। 38 ਸਾਲਾ ਸੋਮ ਦੱਤ ਨੇ ਫ਼ਿਲਮ ‘ਚ ‘ਸੋਮੂ’ ਦਾ ਕਿਰਦਾਰ ਨਿਭਾਇਆ। 7 ਫਰਵਰੀ 1969 ਨੂੰ ਨੁਮਾਇਸ਼ ਹੋਈ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਬਹੁਤਾ ਕਮਾਲ ਨਾ ਵਿਖਾ ਸਕੀ, ਜਿਸ ਦੀ ਸੁਨੀਲ ਦੱਤ ਨੂੰ ਬੇਹੱਦ ਉਮੀਦ ਸੀ। ਕੇਵਲ ਮਿਸ਼ਰਾ ਦੇ ਫ਼ਿਲਮਸਾਜ਼ ਅਦਾਰੇ ਕੇਵਲ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਕੇਵਲ ਮਿਸ਼ਰਾ ਨਿਰਦੇਸ਼ਿਤ ਫ਼ਿਲਮ ‘ਚੰਦਨ’ (1971) ‘ਚ ਸੋਮ ਦੱਤ ਨੇ ‘ਚੰਦਨ’ ਦਾ ਟਾਈਟਲ ਰੋਲ, ਜਿਸ ਦੇ ਸਨਮੁੱਖ ਅਦਾਕਾਰਾ ਕੋਮਲ ‘ਗੌਰੀ’ ਦਾ ਪਾਰਟ ਅਦਾ ਕਰ ਰਹੀ ਸੀ। ਜੀ. ਪੀ. ਅਗਰਵਾਲ ਦੇ ਫ਼ਿਲਮਸਾਜ਼ ਅਦਾਰੇ ਭਾਗਯਸ੍ਰੀ ਪ੍ਰੋਡਕਸ਼ਨਜ਼, ਬੰਬੇ ਦੀ ਕੇਵਲ ਮਿਸ਼ਰਾ ਨਿਰਦੇਸ਼ਿਤ ਫ਼ਿਲਮ ‘ਧਰਤੀ ਕੀ ਗੋਦ ਮੇਂ’ (1971) ‘ਚ ਇੱਕ ਵਾਰ ਫਿਰ ਸੋਮ ਦੱਤ ਤੇ ਕੋਮਲ ਜੋੜੀਦਾਰ ਸਨ। ਮੂਵੀ ਮੁਗਲਸ, ਬੰਬੇ ਦੀ ਪ੍ਰਕਾਸ਼ ਮਹਿਰਾ ਨਿਰਦੇਸ਼ਿਤ ਫ਼ਿਲਮ ‘ਆਨ ਬਾਨ’ (1972) ‘ਚ ਸੋਮ ਦੱਤ ਨੇ ਮਹਿਮਾਨ ਭੂਮਿਕਾ ‘ਚ ‘ਇੰਸਪੈਕਟਰ ਰਣਵੀਰ’ ਦਾ ਪਾਤਰ ਅਦਾ ਕੀਤਾ ਜਦੋਂਕਿ ਮਰਕਜ਼ੀ ਕਿਰਦਾਰ ਵਿੱਚ ਰਜਿੰਦਰ ਕੁਮਾਰ ਤੇ ਰਾਖੀ ਜੋੜੀਦਾਰ ਸਨ। ਫ਼ਿਲਮਸਾਜ਼ ਤੇ ਹਿਦਾਇਤਕਾਰ ਬੀ. ਗੁਪਤਾ ਦੇ ਅਦਾਰੇ ਫਾਈਨ ਆਰਟ ਪਿਕਚਰਜ਼, ਬੰਬੇ ਦੀ ਐਕਸ਼ਨ, ਕ੍ਰਾਈਮ ਮਿਸਟਰੀ ਫ਼ਿਲਮ ‘ਡਾਕਟਰ ਐਕਸ’ (1972) ‘ਚ ਸੋਮ ਦੱਤ ਨੇ ‘ਡਾਕਟਰ ਐਕਸ’ ਦਾ ਟਾਈਟਲ ਰੋਲ ਅਦਾ ਕੀਤਾ, ਜਿਸ ਦੇ ਰੂਬਰੂ ਅਦਾਕਾਰਾ ਫ਼ਰੀਦਾ ਜਲਾਲ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਸੋਨਿਕ ਓਮੀ ਦੇ ਸੰਗੀਤ ‘ਚ ਸੋਮ ਦੱਤ (ਨਾਲ ਫਰੀਦਾ ਜਲਾਲ) ‘ਤੇ ਫ਼ਿਲਮਾਇਆ ‘ਬੜੀ ਖ਼ੁਸ਼ੀ ਹੂਈ ਆਪਸੇ ਮਿਲਕਰ ਮਿਲਤੇ ਰਹੀਏਗਾ’ (ਮੁਹੰਮਦ ਰਫ਼ੀ, ਆਸ਼ਾ ਭੌਸਲੇ) ਗੀਤ ਬੜਾ ਚੱਲਿਆ ਸੀ। ਜੋਗਿੰਦਰ ਸ਼ੈਲੀ ਦੇ ਫ਼ਿਲਮਸਾਜ਼ ਅਦਾਰੇ ਅਪੋਲੋ ਇੰਟਰਨੈਸ਼ਨਲ, ਬੰਬੇ ਦੀ ਜੀ. ਐੱਸ. ਸਰੀਨ ਨਿਰਦੇਸ਼ਿਤ ਫ਼ਿਲਮ ‘ਦੋ ਚਟਾਨੇਂ’ (1974) ‘ਚ ਸੋਮ ਦੱਤ ਨੇ ਇੱਕ ਨੇਕ ਸਿੱਖ ਨੌਜਵਾਨ ‘ਸ਼ੇਰ ਸਿੰਘ’ ਦਾ ਸੋਹਣਾ ਰੋਲ ਕੀਤਾ ਸੀ। ਜੀ. ਡੀ. ਤਲਵਾਰ ਦੇ ਫ਼ਿਲਮਸਾਜ਼ ਅਦਾਰੇ ਗਰੀਨ ਲਾਈਟ ਹਾਊਸ, ਬੰਬੇ ਦੀ ਜਗਦੇਵ ਭਾਂਬਰੀ ਨਿਰਦੇਸ਼ਿਤ ਫ਼ਿਲਮ ‘ਗੰਗਾ’ (1974) ‘ਚ ਸੋਮ ਦੱਤ ਨਾਲ ਅਦਾਕਾਰਾ ਦਾ ਕਿਰਦਾਰ ਸੋਨਾ ਨੇ ਅਦਾ ਕੀਤਾ ਜਦੋਂਕਿ ‘ਗੰਗਾ’ ਦਾ ਟਾਈਟਲ ਕਿਰਦਾਰ ਵੀਨਾ ਅਦਾ ਕਰ ਰਹੀ ਸੀ। ਬੀ. ਐੱਸ. ਰੰਗਾ ਦੇ ਫ਼ਿਲਮਸਾਜ਼ ਅਦਾਰੇ ਵਿਕਰਮ ਪ੍ਰੋਡਕਸ਼ਨਜ਼, ਬੰਬੇ ਦੀ ਬੀ. ਐੱਸ. ਰੰਗਾ ਨਿਰਦੇਸ਼ਿਤ ਫ਼ਿਲਮ ‘ਗੰਗਾ ਕੀ ਕਸਮ’ (1975) ‘ਚ ਸੋਮ ਤੇ ਅੰਜਨਾ ਅਦਾਕਾਰੀ ਕਰ ਰਹੇ ਸਨ। ਅਪੋਲੋ ਇੰਟਰਨੈਸ਼ਨਲ, ਬੰਬੇ ਦੀ ਹੀ ਜੋਗਿੰਦਰ ਸਿੰਘ ਸ਼ੈਲੀ ਨਿਰਦੇਸ਼ਿਤ ਫ਼ਿਲਮ ‘ਰੰਗਾ ਖ਼ੁਸ਼’ (1975) ‘ਚ ਸੋਮ ਦੱਤ ਨੇ ‘ਰਤਨ’ ਦਾ ਪਾਰਟ ਜਦੋਂਕਿ ‘ਰੰਗਾ’ ਦਾ ਟਾਈਟਲ ਰੋਲ ਜੋਗਿੰਦਰ ਸ਼ੈਲੀ ਕਰ ਰਿਹਾ ਸੀ। ਲਾਇਨ ਫ਼ਿਲਮਜ਼ ਕਾਰਪੋਰੇਸ਼ਨ, ਬੰਬੇ ਦੀ ਮਹਿਮੂਦ ਨਿਰਦੇਸ਼ਿਤ ਫ਼ਿਲਮ ‘ਦੋ ਦਿਲਵਾਲੇ’ (1977) ‘ਚ ਸੋਮ ਦੱਤ ਤੇ ਸੁਨੀਤਾ ਸੇਨ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਦਾ ਪਹਿਲਾ ਨਾਮ ‘ਏਕ ਦਿਲ ਦੋ ਦੀਵਾਨੇ’ ਸੀ, ਜਿਸ ਦੇ ਈਪੀ ਰਿਕਾਰਡ (1975) ਵੀ ਇਸੇ ਨਾਮ ਨਾਲ ਜਾਰੀ ਹੋਏ ਸਨ। ਮੂਵੀ ਮੁਗਲਸ, ਬੰਬੇ ਦੀ ਜੰਬੂ ਨਿਰਦੇਸ਼ਿਤ ਫ਼ਿਲਮ ‘ਕੱਚਾ ਚੋਰ’ (1977) ‘ਚ ਸੋਮ ਦੱਤ ਨੇ ਰੇਖਾ (ਆਸ਼ਾ) ਦੇ ਭਰਾ ‘ਪੁਲੀਸ ਇੰਸਪੈਕਟਰ’ ਦਾ ਪਾਰਟ ਅਦਾ ਕੀਤਾ। ਮੂਵੀ ਟੈਂਪਲ, ਬੰਬੇ ਦੀ ਆਰ. ਜੀ. ਠਾਕੁਰ ਨਿਰਦੇਸ਼ਿਤ ਫ਼ਿਲਮ ‘ਮਹਾਂ ਬਦਮਾਸ਼’ (1977) ਦੇ ਸੋਮ ਦੱਤ (ਨਾਲ ਇੰਦਰ ਖੋਸਲਾ) ਪ੍ਰੋਡਕਸ਼ਨਜ਼ ਮੈਨੇਜਰ ਸਨ। ਉਸ ਨੇ ਆਪਣੇ ਫ਼ਿਲਮਸਾਜ਼ ਅਦਾਰੇ ਨੰਦੀ ਆਰਟਸ, ਬੰਬੇ ਦੇ ਬੈਨਰ ਹੇਠ ਸਿਕੰਦਰ ਖੰਨਾ ਦੀ ਹਿਦਾਇਤਕਾਰੀ ਵਿੱਚ ਪਹਿਲੀ ਫ਼ਿਲਮ ‘ਯਾਰੀ ਦੁਸ਼ਮਣੀ’ (1980) ਬਣਾਈ। ਇਸ ਵਿੱਚ ਉਨ੍ਹਾਂ ਪੰਜਾਬਣ ਅਦਾਕਾਰਾ ਦਲਜੀਤ ਕੌਰ ਦੇ ਨਾਲ-ਨਾਲ ਸੁਨੀਲ ਦੱਤ ਨੂੰ ਲਿਆ ਸੀ।

ਹਿੰਦੀ ਦੇ ਨਾਲ-ਨਾਲ ਸੋਮ ਦੱਤ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਸ਼ਾਨਦਾਰ ਕੰਮ ਕੀਤਾ। ਜਦੋਂ ਰਾਮ ਮਹੇਸ਼ਵਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਕਲਪਨਾਲੋਕ ਲਿਮਟਿਡ, ਅੰਮ੍ਰਿਤਸਰ ਦੇ ਬੈਨਰ ਹੇਠ ਪੰਨਾ ਲਾਲ ਮਹੇਸ਼ਵਰੀ ਦੀ ਹਿਦਾਇਤਕਾਰੀ ਵਿੱਚ ਪਹਿਲੀ ਧਾਰਮਿਕ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ (1969) ਬਣਾਈ ਤਾਂ ਸੋਮ ਦੱਤ ਨੂੰ ‘ਗੁਰਮੀਤ ਸਿੰਘ’ ਦਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ, ਜਿਸ ਦੇ ਰੂਬਰੂ ਜਲੰਧਰ ਦੀ ਪੰਜਾਬਣ ਮੁਟਿਆਰ ਵਿੰਮੀ ‘ਚਰਨਜੀਤ ਕੌਰ/ਚੰਨੀ’ ਦਾ ਪਾਰਟ ਅਦਾ ਕਰ ਰਹੀ ਸੀ। ਕਹਾਣੀ ਬੇਕਲ ਅੰਮ੍ਰਿਤਸਰੀ ਤੇ ਰਾਮ ਮਹੇਸ਼ਵਰੀ, ਗੀਤ ਵਰਮਾ ਮਲਿਕ ਤੇ ਸੰਗੀਤ ਐੱਸ. ਮੋਹਿੰਦਰ ਨੇ ਤਾਮੀਰ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਫ਼ਿਲਮ 3 ਅਪ੍ਰੈਲ 1970 ਨੂੰ ਚਿੱਤਰਾ ਟਾਕੀਜ਼ ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਇਸ ਫ਼ਿਲਮ ਨੂੰ 17ਵੇਂ ਨੈਸ਼ਨਲ ਫ਼ਿਲਮ ਐਵਾਰਡ ਦੌਰਾਨ ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ 21 ਨਵੰਬਰ 1970 ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਦਿੱਤਾ ਗਿਆ। ਇਹ ਕਾਮਯਾਬਤਰੀਨ ਫ਼ਿਲਮ 27 ਨਵੰਬਰ 2015 ਨੂੰ ਇੱਕ ਵਾਰ ਫਿਰ ਡਿਜ਼ੀਟਲ ਰੂਪ ਵਿੱਚ ਸ਼ੀਮਾਰੂ ਤੇ ਵੇਵ ਸਿਨੇਮਾ ਨੇ ਮੁੜ ਰਿਲੀਜ਼ ਕੀਤੀ।

ਯਸ਼ ਸ਼ਰਮਾ ਦੇ ਫ਼ਿਲਮਸਾਜ਼ ਅਦਾਰੇ ਨਾਗੀ ਇੰਟਰਨੈਸ਼ਨਲ, ਬੰਬੇ ਦੀ ਪੁਸ਼ਪ ਰਾਜ ਨਿਰਦੇਸ਼ਿਤ ਫ਼ਿਲਮ ‘ਤੇਰੇ ਰੰਗ ਨਿਆਰੇ’ (1973) ‘ਚ ਸੋਮ ਦੱਤ ਨੇ ਥਾਣੇਦਾਰ ‘ਰਣਜੀਤ ਸਿੰਘ’ ਦਾ ਪਾਰਟ ਤੇ ਅਦਾਕਾਰਾ ਮੀਨਾ ਰਾਏ ਉਰਫ਼ ਦਲਜੀਤ ਕੌਰ ‘ਪ੍ਰੀਤੀ’ ਦਾ ਕਿਰਦਾਰ ਨਿਭਾ ਰਹੀ ਸੀ। ਇਹ ਫ਼ਿਲਮ 17 ਮਈ 1974 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਬੀ. ਆਰ. ਸਾਹਨੀ ਦੇ ਫ਼ਿਲਮਸਾਜ਼ ਅਦਾਰੇ ਬੀ. ਆਰ. ਇੰਟਰਪ੍ਰਾਈਜਸ, ਬੰਬੇ ਦੀ ਕਾਕਾ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਸਤਿਗੁਰੂ ਤੇਰੀ ਓਟ’ (1974) ‘ਚ ਸੋਮ ਦੱਤ ਨੇ ਸੁਭਾਸ਼ ਦਾ ਤੇ ਮੀਨਾ ਰਾਏ ਸ਼ੋਭਾ ਦਾ ਰੋਲ ਅਦਾ ਕਰ ਰਹੀ ਸੀ। ਜਗਜੀਤ ਕੌਰ ਦੀ ਮੌਸੀਕੀ ‘ਚ ਨਕਸ਼ ਲਾਇਲਪੁਰੀ ਦੇ ਲਿਖੇ ਤੇ ਸੋਮ ਦੱਤ (ਨਾਲ ਮੀਨਾ) ‘ਤੇ ਫ਼ਿਲਮਾਏ ਗੀਤ ‘ਸਾਡੀ ਹਿੱਕ ‘ਤੇ ਨਿਸ਼ਾਨਾ ਲਾਇਆ’, ‘ਮੈਂ ਚਿੱਠੀਆਂ ਨਿੱਤ ਪਾਵਾਂ’ (ਮਹਿੰਦਰ ਕਪੂਰ, ਜਗਜੀਤ ਕੌਰ) ਵੀ ਪਸੰਦ ਕੀਤੇ ਗਏ। ਇਹ ਫ਼ਿਲਮ 14 ਮਾਰਚ 1975 ਨੂੰ ਐਨਮ ਥੀਏਟਰ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਰਾਮ ਕਿਸ਼ਨ ਗੁਪਤਾ ਦੇ ਫ਼ਿਲਮਸਾਜ਼ ਅਦਾਰੇ ਰੂਪੇਸ਼ ਫ਼ਿਲਮਜ਼ ਕੰਬਾਇਨ, ਬੰਬੇ ਦੀ ਓਮੀ ਬੇਦੀ ਨਿਰਦੇਸ਼ਿਤ ਫ਼ਿਲਮ ‘ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ’ (1974) ‘ਚ ਉਸ ਨੇ ‘ਭਗਤ ਸਿੰਘ’ ਦਾ ਸੋਹਣਾ ਕਿਰਦਾਰ ਨਿਭਾਇਆ। ਕਹਾਣੀ ਤੇ ਮੁਕਾਲਮੇ ਪੰਡਤ ਦਲੀਲੀ, ਮੰਜ਼ਰਨਾਮਾ ਆਰਐੱਫਸੀ. ਸਟੋਰੀ ਡਿਪਾਰਟਮੈਂਟ, ਗੀਤ ਮਹਿੰਦਰ ਦੇਹਲਵੀ ਤੇ ਰਾਮ ਪ੍ਰਸ਼ਾਦ ਬਿਸਮਲ ਤੇ ਸੰਗੀਤ ਸੁਰਿੰਦਰ ਕੋਹਲੀ ਨੇ ਮੁਰੱਤਿਬ ਕੀਤਾ। ਫ਼ਿਲਮ ‘ਚ ਸੋਮ ਦੱਤ ‘ਤੇ ਫ਼ਿਲਮਾਏ ਕ੍ਰਾਂਤੀਕਾਰੀ ਗੀਤ ‘ਮਾਏ ਨੀਂ…ਮੇਰਾ ਰੰਗ ਦੇ ਬਸੰਤੀ ਚੋਲਾ’ (ਮੁਹੰਮਦ ਰਫ਼ੀ), ‘ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ’ ਤੇ ‘ਵੇਖੋ ਲੋਕੋ ਖਿੜ੍ਹਨ ਤੋਂ ਪਹਿਲਾਂ’ (ਮੁਹੰਮਦ ਰਫ਼ੀ) ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦੇ ਹਨ। ਇਹ ਫ਼ਿਲਮ 14 ਨਵੰਬਰ 1974 ਨੂੰ ਆਦਰਸ਼ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ। ਬਾਅਦ ‘ਚ ਇਹ ਫ਼ਿਲਮ ਇਸੇ ਸਿਰਲੇਖ ਹੇਠ ਹਿੰਦੀ ਵਿੱਚ ਵੀ ਡੱਬ ਕੀਤੀ ਗਈ ਸੀ।

1990ਵਿਆਂ ਦੇ ਦਹਾਕੇ ‘ਚ ਸੋਮ ਦੱਤ ਨੇ ਚਰਿੱਤਰ ਅਦਾਕਾਰ ਵਜੋਂ ਸਿਰਫ਼ 2 ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕੀਤੀ। ਕਲਪਨਾਲੋਕ ਲਿਮਟਿਡ, ਅੰਮ੍ਰਿਤਸਰ ਦੀ ਦੂਜੀ ਧਾਰਮਿਕ ਪੰਜਾਬੀ ਫ਼ਿਲਮ ‘ਸਰਬੰਸਦਾਨੀ ਗੁਰੂ ਗੋਬਿੰਦ ਸਿੰਘ’ (1997) ‘ਚ ਸੋਮ ਦੱਤ ਨੇ ‘ਫ਼ਕੀਰੇ’ ਦਾ ਰੋਲ ਕੀਤਾ। ਖ਼ਾਲਸਾ ਦੇ 300 ਸਾਲਾ ਸਿਰਜਣਾ ਦਿਵਸ ਨੂੰ ਸਮਰਪਿਤ ਇਹ ਫ਼ਿਲਮ ਡਾ. ਹਰਚਰਨ ਸਿੰਘ ਦੇ ਨਾਟਕ ‘ਚਮਕੌਰ ਦੀ ਗੜ੍ਹੀ’ ‘ਤੇ ਆਧਾਰਿਤ ਹੈ। ਫ਼ਿਲਮਸਾਜ਼ ਤੇ ਹਿਦਾਇਤਕਾਰ ਪ੍ਰਕਾਸ਼ ਛਾਬੜਾ ਦੇ ਫ਼ਿਲਮਸਾਜ਼ ਅਦਾਰੇ ਇੰਡੀਆ ਫ਼ਿਲਮਜ਼, ਬੰਬੇ ਵੱਲੋਂ ਪੰਜਾਬੀ ਫ਼ਿਲਮ ‘ਨਦੀਓਂ ਵਿੱਛੜੇ ਨੀਰ’ (1999) ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੀਤੀ ਗਈ ਸੀ। ਫ਼ਿਲਮ ‘ਚ ਸੋਮ ਦੱਤ ਨੇ ਅਦਾਕਾਰ ਕੰਵਲਜੀਤ ਸਿੰਘ ਦੇ ਬਾਊ ਅਤੇ ਪਿੰਡ ਦੇ ‘ਤਹਿਸੀਲਦਾਰ’ ਦਾ ਕਿਰਦਾਰ ਨਿਭਾਇਆ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਕਰੁਣੇਸ਼ ਠਾਕੁਰ, ਗੀਤ ਨਕਸ਼ ਲਾਇਲਪੁਰੀ ਤੇ ਸੰਗੀਤ ਐੱਸ. ਮਦਨ ਨੇ ਤਿਆਰ ਕੀਤਾ। ਸੋਮ ਦੱਤ ਨੇ ਆਖਰੀ ਵਾਰ ਕੁਲਜੀਤ ਸਿੰਘ ਮਲਹੋਤਰਾ ਦੇ ਫ਼ਿਲਮਸਾਜ਼ ਅਦਾਰੇ ਯੂ. ਕੇ. (ਉਰਵਿੰਦਰ ਸਿੰਘ-ਕੁਲਜੀਤ ਸਿੰਘ) ਪ੍ਰੋਡਕਸ਼ਨਜ਼, ਬੰਬੇ ਦੀ ਸ਼ਿਆਮ ਰਲਹਨ ਨਿਰਦੇਸ਼ਿਤ ਧਾਰਮਿਕ ਪੰਜਾਬੀ ਫ਼ਿਲਮ ‘ਖ਼ਾਲਸਾ ਮੇਰੋ ਰੂਪ ਹੈ ਖ਼ਾਸ’ (2000) ਵਿੱਚ ਅਦਾਕਾਰੀ ਕੀਤੀ ਸੀ। ਫ਼ਿਲਮ ‘ਚ ਉਸ ਨੇ ‘ਅਰਜਨ’ ਦਾ ਰੋਲ ਕਰ ਰਹੇ ਅਦਾਕਾਰ ਪਰਮਵੀਰ ਸੈਣੀ (ਭਰਾ ਰਣਜੀਤ ਕੌਰ) ਦੇ ਪਿਤਾ ‘ਪੰਡਤ ਸੀਤਾ ਰਾਮ’ ਦਾ ਪਾਤਰ ਅਦਾ ਕੀਤਾ। ਇਹ ਫ਼ਿਲਮ 7 ਨਵੰਬਰ 2003 ਨੂੰ ਪ੍ਰੀਤ ਪੈਲੇਸ, ਲੁਧਿਆਣਾ ਵਿਖੇ ਰਿਲੀਜ਼ ਹੋਈ।

ਉਨ੍ਹਾਂ ਆਖਰੀ ਵਾਰ ਆਪਣੇ ਨੰਦੀ ਆਰਟਸ, ਬੰਬੇ ਦੇ ਬੈਨਰ ਹੇਠ ਵਿਨੋਦ ਖੰਨਾ ਤੇ ਅੰਮ੍ਰਿਤਾ ਸਿੰਘ ਨੂੰ ਲੈ ਕੇ ਫ਼ਿਲਮ ‘ਕੌਣ ਰੋਕੇਗਾ ਮੁਝੇ’ (1989) ਸ਼ੁਰੂ ਕੀਤੀ, ਪਰ ਇਹ ਫ਼ਿਲਮ ਠੰਢੇ ਬਸਤੇ ਪੈ ਗਈ। ਇਸ ਤੋਂ ਬਾਅਦ ਉਹ ਫ਼ਿਲਮ ਨਗਰੀ ਨੂੰ ਖ਼ੈਰਬਾਦ ਕਹਿ ਕੇ ਆਪਣੇ ਹਰਿਆਣਾ ਸਥਿਤ ਪਿੰਡ ਮੰਡੋਲੀ ਆਣ ਵੱਸੇ, ਜਿੱਥੇ ਉਹ ਅਖੀਰ ਤੱਕ ਸਮਾਜ ਸੇਵੀ ਕੰਮਾਂ ਨਾਲ ਜੁੜੇ ਰਹੇ।

ਭਾਰਤੀ ਫ਼ਿਲਮ ਸਨਅਤ ਵਿੱਚ ਜੋ ਸ਼ੁਹਰਤ ਇਨ੍ਹਾਂ ਦੇ ਵੱਡੇ ਭਰਾ ਸੁਨੀਲ ਦੱਤ ਨੂੰ ਹਾਸਲ ਹੋਈ, ਉਹ ਚਾਹ ਕੇ ਵੀ ਸੋਮ ਦੱਤ ਨੂੰ ਨਹੀਂ ਮਿਲ ਸਕੀ। 5 ਜਨਵਰੀ 2015 ਨੂੰ ਇਹ ਕਾਬਲ ਅਦਾਕਾਰ 85 ਸਾਲਾਂ ਦੀ ਉਮਰ ਵਿੱਚ ਵਫ਼ਾਤ ਪਾ ਗਿਆ। ਉਨ੍ਹਾਂ ਦਾ ਵਿਆਹ ਪੁਨੀਤਾ ਨਾਲ ਹੋਇਆ ਸੀ, ਜਿਸ ‘ਚੋਂ ਉਨ੍ਹਾਂ ਦਾ ਇੱਕ ਪੁੱਤਰ ਯੁਵਰਾਜ ਦੱਤ ਅਤੇ ਦੋ ਧੀਆਂ ਹਨ, ਪਰ ਇਨ੍ਹਾਂ ਵਿੱਚੋਂ ਕੋਈ ਵੀ ਫ਼ਿਲਮ ਸਨਅਤ ਨਾਲ ਵਾਬਸਤਾ ਨਹੀਂ ਹੋਇਆ।
ਸੰਪਰਕ: 97805-09545



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -