12.4 C
Alba Iulia
Sunday, April 28, 2024

ਮਿੱਠੀ ਬੋਲਬਾਣੀ

Must Read


ਡਾ. ਰਣਜੀਤ ਸਿੰਘ

ਸੰਸਾਰ ਵਿੱਚ ਮਨੁੱਖ ਹੀ ਇੱਕ ਅਜਿਹਾ ਜੀਵ ਹੈ ਜਿਸ ਕੋਲ ਬਾਣੀ ਅਤੇ ਹੱਸਣ ਦੀ ਸ਼ਕਤੀ ਹੈ। ਬਾਣੀ ਰਾਹੀਂ ਉਹ ਆਪਣੇ ਵਿਚਾਰ ਵਿਸਥਾਰ ਸਹਿਤ ਆਪਣੇ ਸਾਥੀਆਂ ਨਾਲ ਸਾਂਝੇ ਕਰ ਸਕਦਾ ਹੈ। ਬਾਣੀ ਰਾਹੀਂ ਉਹ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਕੇ ਆਪਣੇ ਮਨ ਦਾ ਬੋਝ ਹੀ ਹਲਕਾ ਨਹੀਂ ਕਰ ਲੈਂਦਾ ਸਗੋਂ ਆਪਣੇ ਮਨ ਦੀਆਂ ਮੁਰਾਦਾਂ ਦੀ ਪੂਰਤੀ ਵੀ ਕਰਵਾ ਸਕਦਾ ਹੈ। ਪਰਮਾਤਮਾ ਵੱਲੋਂ ਬਖ਼ਸ਼ੀ ਇਸ ਅਨਮੋਲ ਦਾਤ ਦਾ ਹਮੇਸ਼ਾਂ ਸਦਉਪਯੋਗ ਹੀ ਕਰਨਾ ਚਾਹੀਦਾ ਹੈ। ਇਸ ਦੀ ਦੁਰਵਰਤੋਂ ਆਪਣੇ ਆਪ ਨਾਲ ਧੋਖਾ ਕਰਨ ਦੇ ਬਰਾਬਰ ਹੈ। ਬਾਣੀ ਦਾ ਸਦਉਪਯੋਗ ਇਸ ਦੀ ਮਿਠਾਸ ਰਾਹੀਂ ਕੀਤਾ ਜਾ ਸਕਦਾ ਹੈ। ਮਿੱਠਾ ਬੋਲਣਾ ਹੀ ਬਾਣੀ ਦੀ ਸਭ ਤੋਂ ਚੰਗੀ ਵਰਤੋਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਹੈ:

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।

ਜਿੱਥੇ ਮਿੱਠਾ ਬੋਲਣਾ ਮਨੁੱਖ ਦਾ ਸਭ ਤੋਂ ਚੰਗਾ ਗੁਣ ਹੈ, ਉੱਥੇ ਫਿੱਕਾ ਬੋਲਣਾ ਅਤੇ ਕ੍ਰੋਧ ਮਨੁੱਖ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਫਿੱਕਾ ਬੋਲਿਆਂ ਦੂਜਿਆਂ ਦਾ ਮਨ ਹੀ ਦੁਖੀ ਨਹੀਂ ਹੁੰਦਾ ਸਗੋਂ ਆਪਣਾ ਤਨ ਤੇ ਮਨ ਦੋਵੇਂ ਫਿੱਕੇ ਹੋ ਜਾਂਦੇ ਹਨ। ਗੁਰੂ ਜੀ ਫੁਰਮਾਉਂਦੇ ਹਨ:

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।।

ਫਿੱਕਾ ਬੋਲਿਆਂ ਅਸੀਂ ਆਪਣੇ ਮਨ ਨੂੰ ਤਾਂ ਦੁਖੀ ਕਰਦੇ ਹੀ ਹਾਂ ਸਗੋਂ ਦੂਜਿਆਂ ਦੇ ਮਨ ਵੀ ਦੁਖੀ ਕਰਦੇ ਹਾਂ। ਫਿੱਕਾ ਬੋਲਣ ਵਾਲੇ ਤੋਂ ਸਾਰੇ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਜਿਹੜਾ ਫਿੱਕਾ ਬੋਲਦੇ ਹਨ ਅਖੀਰ ਉਨ੍ਹਾਂ ਨੂੰ ਦੂਜਿਆਂ ਦੀ ਨਫ਼ਰਤ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਮਨ ਦਾ ਸਿੱਧਾ ਸਬੰਧ ਤਨ ਨਾਲ ਹੈ। ਦੁਖੀ ਮਨ, ਤਨ ਨੂੰ ਵੀ ਦੁਖੀ ਕਰਦਾ ਹੈ। ਜਦੋਂ ਤਨ ਦੁਖੀ ਹੋ ਜਾਵੇ ਤਾਂ ਫਿਰ ਮਨ ਨੇ ਤਾਂ ਦੁਖੀ ਹੋਣਾ ਹੀ ਹੋਇਆ। ਵਿਗਿਆਨੀਆਂ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਮੁਸਕਰਾ ਕੇ ਮਿੱਠਾ ਬੋਲਣ ਨਾਲ ਸਰੀਰ ਵਿੱਚ ਅਜਿਹੇ ਰਸ ਉਪਜਦੇ ਹਨ ਜਿਹੜੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ। ਇਸ ਦਾ ਭਾਵ ਇਹ ਹੋਇਆ ਕਿ ਮਿੱਠਾ ਬੋਲਣ ਵਾਲੇ ਮਨੁੱਖ ਦਾ ਮਨ ਤਾਂ ਸੁਖੀ ਰਹਿੰਦਾ ਹੀ ਹੈ ਸਗੋਂ ਤਨ ਵੀ ਸੁਖੀ ਰਹਿੰਦਾ ਹੈ। ਫਿੱਕਾ ਬੋਲਣ ਦਾ ਕ੍ਰੋਧ ਨਾਲ ਸਿੱਧਾ ਸਬੰਧ ਹੈ। ਜਦੋਂ ਮਨੁੱਖ ਫਿੱਕਾ ਬੋਲਦਾ ਹੈ ਤਾਂ ਕ੍ਰੋਧ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ। ਕ੍ਰੋਧ ਇੱਕ ਅਜਿਹੀ ਬਿਮਾਰੀ ਹੈ ਜਿਹੜੀ ਮਨ ਨੂੰ ਤਾਂ ਦੁਖੀ ਕਰਦੀ ਹੈ ਸਗੋਂ ਤਨ ਨੂੰ ਵੀ ਦੁਖ ਪਹੁੰਚਾਉਂਦੀ ਹੈ।

ਜਿਸ ਤਰ੍ਹਾਂ ਸੁਹਾਗਾ ਸੋਨੇ ਨੂੰ ਪਿਘਲਾ ਦਿੰਦਾ ਹੈ, ਉਸੇ ਤਰ੍ਹਾਂ ਕ੍ਰੋਧ ਸਰੀਰ ਨੂੰ ਗਾਲ ਦਿੰਦਾ ਹੈ। ਕ੍ਰੋਧ ਨਾਲ ਸਰੀਰ ਦਾ ਖੂਨ ਦਾ ਦਬਾਅ ਵਧਦਾ ਹੈ ਅਤੇ ਦਿਲ ਕਮਜ਼ੋਰ ਹੁੰਦਾ ਹੈ। ਅਮਰੀਕਾ ਵਿੱਚ ਹੋਏ ਤਜਰਬੇ ਇਹ ਸਿੱਧ ਕਰਦੇ ਹਨ ਕਿ ਜਿਹੜੇ ਵਿਅਕਤੀਆਂ ਨੂੰ ਕ੍ਰੋਧ ਜਲਦੀ ਆਉਂਦਾ ਹੈ ਤੇ ਜਿਨ੍ਹਾਂ ਦਾ ਸੁਭਾਅ ਗੁਸੈਲਾ ਹੈ, ਉਨ੍ਹਾਂ ਵਿੱਚੋਂ ਬਹੁ-ਗਿਣਤੀ ਵੱਧ ਖੂਨ ਦ ਅਤੇ ਦਿਲ ਦੇ ਮਰੀਜ਼ ਹੁੰਦੇ ਹਨ।

ਧਰਮ ਦਾ ਦੂਜਾ ਨਾਮ ਹੀ ਮਿੱਠਾ ਬੋਲਣਾ ਅਤੇ ਸੱਚ ਕਮਾਉਣਾ ਹੈ। ਸੰਸਾਰ ਵਿੱਚ ਕੋਈ ਵੀ ਅਜਿਹਾ ਧਰਮ ਨਹੀਂ ਹੈ ਜਿਹੜਾ ਦੂਜਿਆਂ ਨਾਲ ਨਫ਼ਰਤ ਕਰਨੀ ਸਿਖਾਉਂਦਾ ਹੈ। ਧਰਮ ਦਾ ਮੰਤਵ ਹੀ ਮਨੁੱਖ ਨੂੰ ਸੱਚ ਅਤੇ ਮਿੱਠਤ ਦੇ ਰਸਤੇ ਤੋਰਨਾ ਹੈ। ਮਨੁੱਖੀ ਜੀਵਨ ਸਭ ਤੋਂ ਅਨਮੋਲ ਹੈ। ਜੇਕਰ ਇਸ ਨੂੂੰ ਫਿੱਕਾ ਬੋਲਿਆਂ ਅਤੇ ਕ੍ਰੋਧ ਕੀਤਿਆਂ ਭੰਗ ਦੇ ਭਾੜੇ ਗੁਆ ਲਿਆ ਫਿਰ ਤਾਂ ਸਾਥੋਂ ਜਾਨਵਰ ਹੀ ਚੰਗੇ ਹਨ। ਫ਼ਲ ਹਮੇਸ਼ਾਂ ਨੀਵਿਆਂ ਰੁੱਖਾਂ ਨੂੰ ਹੀ ਲੱਗਦੇ ਹਨ। ਸਾਡਾ ਮਿੱਠ ਬੋਲਣਾ ਅਤੇ ਖੁੱਲ੍ਹ ਕੇ ਹੱਸਣਾ ਤਾਂ ਸਾਡੇ ਆਪਣੇ ਲਈ ਹੀ ਗੁਣਕਾਰੀ ਹੈ। ਇਸ ਨਾਲ ਮਨ ਉੱਜਲਾ ਅਤੇ ਤਨ ਤੰਦਰੁਸਤ ਰਹਿੰਦਾ ਹੈ। ਵਾਤਾਵਰਣ ਸੁਗੰਧੀ ਭਰਿਆ ਹੋ ਜਾਂਦਾ ਹੈ। ਸ਼ਖ਼ਸੀਅਤ ਵਿੱਚ ਨਿਖਾਰ ਆਉਂਦਾ ਹੈ। ਸੰਗੀਆਂ ਸਾਥੀਆਂ ਦਾ ਪਿਆਰ ਅਤੇ ਸਤਿਕਾਰ ਪ੍ਰਾਪਤ ਹੁੰਦਾ ਹੈ।

ਮਿੱਠਾ ਬੋਲਣ ਵਿੱਚ ਕੁਝ ਖ਼ਰਚ ਨਹੀਂ ਹੁੰਦਾ ਅਤੇ ਕਿਸੇ ਉਚੇਚੇ ਯਤਨ ਦੀ ਵੀ ਲੋੜ ਨਹੀਂ ਪੈਂਦੀ। ਫਿੱਕਾ ਬੋਲਣ ਲੱਗਿਆਂ ਜਾਂ ਕ੍ਰੋਧ ਸਮੇਂ ਤਾਂ ਸਰੀਰ ਦੀ ਤਾਕਤ ਲੋੜ ਨਾਲੋਂ ਵੱਧ ਵਰਤੀ ਜਾਂਦੀ ਹੈ। ਜਿਸ ਨਾਲ ਮਨੁੱਖ ਦੀ ਤੰਦੁਰਸਤੀ ਹੀ ਨਹੀਂ ਘਟਦੀ ਸਗੋਂ ਉਮਰ ਵੀ ਘਟਦੀ ਹੈ। ਜ਼ਰਾ ਸੋਚੋ ਮਿੱਠ ਬੋਲਿਆਂ ਆਪਾਂ ਕਿਉਂ ਨਾ ਇਸ ਸੰਸਾਰ ਨੂੰ ਸਵਰਗ ਬਣਾ ਲਈਏ। ਜਿੱਥੇ ਨਫ਼ਰਤ ਅਤੇ ਲੜਾਈ ਝਗੜੇ ਨਹੀਂ ਹੋਣਗੇ। ਸੰਸਾਰ ਦੀਆਂ ਪ੍ਰਾਪਤੀਆਂ ਮਿੱਠਾ ਬੋਲਿਆਂ ਨੀਵੇਂ ਹੋ ਕੇ ਹੀ ਹੁੰਦੀਆਂ ਹਨ। ਜੇਕਰ ਅਸੀਂ ਦੂਜਿਆਂ ਨਾਲ ਮੁਸਕਰਾ ਕੇ ਮਿੱਠਾ ਬੋਲਦੇ ਹਾਂ ਤਾਂ ਅਸੀਂ ਉਨ੍ਹਾਂ ‘ਤੇ ਵਧੀਆ ਪ੍ਰਭਾਵ ਪਾਉਂਦੇ ਹਾਂ। ਅਜਿਹਾ ਉਦੋਂ ਹੀ ਹੋ ਸਕਦਾ ਹੈ ਜਦੋਂ ਅਸੀਂ ਦੂਜਿਆਂ ਦੇ ਔਗੁਣ ਲੱਭਣ ਦੀ ਥਾਂ ਗੁਣਾਂ ਦੀ ਪਰਖ ਕਰੀਏ ਤੇ ਉਨ੍ਹਾਂ ਨੂੰ ਸਲਾਹੀਏ। ਉਦੋਂ ਮਨੁੱਖ ਵਿੱਚੋਂ ਸਾਰੀ ਆਕੜ ਖ਼ਤਮ ਹੋ ਜਾਂਦੀ ਹੈ, ਉਸ ਨੂੰ ਸਾਰੀ ਕਾਇਨਾਤ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ ਤੇ ਉਹ ਕਹਿ ਉੱਠਦਾ ਹੈ:

ਹਮ ਨਹੀ ਚੰਗੇ ਬੁਰਾ ਨਹੀ ਕੋਇ।।

ਪ੍ਰਣਵਤਿ ਨਾਨਕੁ ਤਾਰੇ ਸੋਇ।।

ਨੀਵਾਂ ਹੋਣਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ ਸਗੋਂ ਇਹ ਤਾਂ ਵਡੱਪਣ ਦੀ ਨਿਸ਼ਾਨੀ ਹੈ। ਤਾਕਤ ਹੁੰਦਿਆਂ ਵੀ ਆਪਣੇ ਆਪ ਨੂੰ ਨਿਤਾਣਾ ਦੱਸਣਾ ਮਹਾਨਤਾ ਹੈ। ਗੁਰੂ ਸਾਹਿਬ ਦਾ ਕਥਨ ਹੈ:

ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ॥

ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥

ਕੀ ਤੁਸੀਂ ਤਨ ਤੇ ਮਨ ਦੀ ਤੰਦੁਰਸਤੀ ਨਹੀਂ ਚਾਹੁੰਦੇ? ਕੀ ਤੁਸੀਂ ਸਫਲ ਤੇ ਸੁਖਾਵਾਂ ਜੀਵਨ ਜਿਉਣਾ ਨਹੀਂ ਚਾਹੁੰਦੇ? ਕੀ ਤੁਸੀਂ ਸੰਗੀ ਸਾਥੀਆਂ ਦਾ ਪਿਆਰ ਅਤੇ ਸਤਿਕਾਰ ਪ੍ਰਾਪਤ ਕਰਨਾ ਨਹੀਂ ਚਾਹੁੰਦੇ? ਕੀ ਤੁਸੀਂ ਪਰਮਾਤਮਾ ਦੀ ਮਿਹਰ ਦੇ ਪਾਤਰ ਨਹੀਂ ਬਣਨਾ ਚਾਹੁੰਦੇ? ਇਨ੍ਹਾਂ ਸਭਨਾਂ ਪ੍ਰਸ਼ਨਾਂ ਦਾ ਉੱਤਰ ਕੋਈ ਵੀ ਨਾਂਹ ਵਿੱਚ ਨਹੀਂ ਦੇਵੇਗਾ। ਫਿਰ ਫਿੱਕਾ ਬੋਲਣਾ ਅਤੇ ਹੈਂਕੜ ਛੱਡੋ। ਮਿੱਠਾ ਬੋਲਣ ਅਤੇ ਨਿਵ ਕੇ ਰਹਿਣ ਦੀ ਆਦਤ ਪਾਵੋ। ਸਭ ਨਾਲ ਖਿੜੇ ਮੱਥੇ ਮੁਸਕਰਾ ਕੇ ਬੋਲੋ। ਪਰਿਵਾਰਕ ਮੈਂਬਰਾਂ ਨਾਲ ਖੁੱਲ੍ਹ ਕੇ ਹੱਸੋ। ਹਮੇਸ਼ਾਂ ਮੱਥੇ ‘ਤੇ ਵੱਟ ਨਾ ਪਾਈ ਰੱਖੋ। ਰੁੱਖੇ ਸੁਭਾਅ ਵਾਲਿਆਂ ਤੋਂ ਸਾਰੇ ਦੂਰ ਭੱਜਦੇ ਹਨ ਜਦੋਂ ਕਿ ਮੁਸਕਰਾ ਕੇ ਮਿੱਠਾ ਬੋਲਿਆਂ ਸਾਰਿਆਂ ਦਾ ਪਿਆਰ ਤੇ ਸਤਿਕਾਰ ਪ੍ਰਾਪਤ ਹੁੰਦਾ ਹੈ। ਦੋਸਤੀਆਂ ਵਿੱਚ ਵਾਧਾ ਹੁੰਦਾ ਹੈ। ਅਮਰੀਕਾ ਦੇ ਪ੍ਰਸਿੱਧ ਰਾਸ਼ਟਰਪਤੀ ਲਿੰਕਨ ਨੇ ਆਖਿਆ ਸੀ ਕਿ ਜਿਸ ਮਨੁੱਖ ਦੀ ਦੋਸਤ ਬਣਾਉਣਾ ਕਮਜ਼ੋਰੀ ਹੈ ਉਹ ਸਭ ਤੋਂ ਸਕਤੀਸ਼ਾਲੀ ਹੈ।



News Source link

- Advertisement -
- Advertisement -
Latest News

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆਰੋਮ ਇਟਲੀ ਦੀਆਂ ਸਿੱਖ ਸੰਗਤਾਂ ਗੁਰੂ...
- Advertisement -

More Articles Like This

- Advertisement -