ਧਰਮਪਾਲ
ਮੀਕੇ ਲਈ ਕੰਨਿਆ ਦੀ ਤਲਾਸ਼
ਹਰ ਲੜਕੀ ਸੁਪਰਸਟਾਰ ਯੋਗ ਕੁਆਰੇ ਵਿਅਕਤੀ ਨੂੰ ਪਸੰਦ ਕਰਦੀ ਹੈ, ਖਾਸ ਕਰਕੇ ਉਦੋਂ ਜਦੋਂ ਉਹ ਭਾਰਤ ਦਾ ਪਸੰਦੀਦਾ ਗਾਇਕ ਮੀਕਾ ਸਿੰਘ ਹੋਵੇ। ਦਰਅਸਲ, ਮੀਕਾ ਸਿੰਘ ਆਪਣੇ ਜੀਵਨ ਸਾਥੀ ਦੀ ਤਲਾਸ਼ ਵਿੱਚ ਹੈ। ਮੀਕਾ ਸਟਾਰ ਭਾਰਤ ਦੇ ਆਗਾਮੀ ਰਿਐਲਿਟੀ ਸ਼ੋਅ ‘ਸਵਯੰਵਰ-ਮੀਕੇ ਦੀ ਵੋਹਟੀ’ ‘ਤੇ ਇੱਕ ਜੀਵਨ ਸਾਥੀ ਦੀ ਤਲਾਸ਼ ਸ਼ੁਰੂ ਕਰਨ ਲਈ ਤਿਆਰ ਹੈ, ਇੱਕ ਅਜਿਹਾ ਸ਼ੋਅ ਜਿਸ ਦਾ ਉਦੇਸ਼ ਭਾਰਤੀ ਟੈਲੀਵਿਜ਼ਨ ਦੀ ਦੁਨੀਆ ਵਿੱਚ ਵਿਸ਼ਾਲਤਾ ਅਤੇ ਚਕਾਚੌਂਧ ਵਿੱਚ ਇੱਕ ਨਵਾਂ ਮਿਆਰ ਸਥਾਪਿਤ ਕਰਨਾ ਹੈ।
”ਸਾਲਾਂ ਤੋਂ ਮੇਰੇ ਗੀਤ ਲੱਖਾਂ ਵਿਆਹਾਂ ਦਾ ਹਿੱਸਾ ਰਹੇ ਹਨ। ਮੈਂ ਸੋਲੋ ਅਤੇ ਦੋਗਾਣੇ ਦੋਵੇਂ ਗਾਏ ਹਨ। ਹੁਣ ਤੱਕ ਗੀਤਾਂ ਵਿੱਚ ਤਾਂ ਇਕੱਲਾ ਹੀ ਚੱਲਦਾ ਹਾਂ, ਪਰ ਜੀਵਨ ਵਿੱਚ ਹੁਣ ਜੋੜੀ ਬਣਾਉਣ ਦਾ ਮਨ ਕਰਦਾ ਹੈ ਕਿਉਂਕਿ ਮਜ਼ਾ ਤਾਂ ਆਪਣੇ ਸਾਥ ਨਾਲ ਹੀ ਆਉਂਦਾ ਹੈ।” ਉਤਸ਼ਾਹਿਤ ਮੀਕਾ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਦਾ ਹੈ ਕਿ ਹੁਣ ਉਹ ਵਿਆਹ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਟਾਰ ਭਾਰਤ ਦੇ ‘ਸਵਯੰਵਰ-ਮੀਕਾ ਦੀ ਵੋਹਟੀ’ ਨਾਲ ਇਸ ਨਵੇਂ ਅਧਿਆਏ ਨੂੰ ਸ਼ੁਰੂ ਕਰਨ ਲਈ ਉਤਸੁਕ ਹੈ।”
ਸਟਾਰ ਭਾਰਤ ‘ਤੇ ਇਸ ਸਾਲ ਦਾ ਵੱਡਾ ਵਿਆਹ ‘ਸਵਯੰਵਰ-ਮੀਕਾ ਦੀ ਵੋਹਟੀ’ ਨੂੰ ਪੇਸ਼ ਕਰੇਗਾ ਅਤੇ ‘ਸਾਵਨ ਮੇਂ ਲੱਗ ਗਈ ਆਗ’ ਗੀਤ ਦੇ ਹਿੱਟ ਮੇਕਰ ਲਈ ਉਸ ਦੀ ਵਹੁਟੀ ਲੱਭਣ ਦਾ ਜ਼ਰੀਆ ਬਣੇਗਾ।
ਦੇਸ਼ ਦੇ ਇਸ ਵੱਡੇ ਰਿਐਲਿਟੀ ਸ਼ੋਅ ਦੀ ਜ਼ਿਆਦਾ ਜਾਣਕਾਰੀ ਲਈ ਤੁਹਾਨੂੰ ਇਹ ਸ਼ੋਅ ਦੇਖਣਾ ਪਵੇਗਾ ਜੋ ਜਲਦੀ ਹੀ ਸਟਾਰ ਭਾਰਤ ‘ਤੇ ਪ੍ਰਸਾਰਿਤ ਹੋਵੇਗਾ।
ਗੌਰਵ ਦੀ ਸਖ਼ਤ ਤਿਆਰੀ
ਇੱਕ ਅਦਾਕਾਰ ਦੀ ਜ਼ਿੰਦਗੀ ਵਿੱਚ ਸਮੇਂ ਸਮੇਂ ‘ਤੇ ਅਜਿਹੇ ਕਿਰਦਾਰ ਆਉਂਦੇ ਹਨ ਜੋ ਕੁਝ ਜ਼ਿਆਦਾ ਦੀ ਮੰਗ ਕਰਦੇ ਹਨ। ਦ੍ਰਿਸ਼ ਦੀਆਂ ਬਾਰੀਕੀਆਂ ਨੂੰ ਸਮਝਣ ਤੋਂ ਲੈ ਕੇ ਕਿਰਦਾਰ ਵਿੱਚ ਉਤਰਨ ਤੱਕ, ਇੱਕ ਐਕਟਰ ਨੂੰ ਹਰ ਦ੍ਰਿਸ਼ ਨਾਲ ਸਹੀ ਭਾਵਨਾਵਾਂ ਪ੍ਰਦਰਸ਼ਿਤ ਕਰਨ ਦੀ ਜ਼ਰੂਰਤ ਹੁੰਦੀ ਹੈ। ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦਾ ਪੀਰੀਅਡ ਡਰਾਮਾ ‘ਪੁਣਯਸ਼ਲੋਕ ਅਹਿੱਲਿਆਬਾਈ’ ਜਿਸ ਵਿੱਚ ਅਦਾਕਾਰ ਗੌਰਵ ਅਮਲਾਨੀ ਅਤੇ ਏਤਸ਼ਾ ਸੰਝਗਿਰੀ ਨੇ ਖੰਡੇਰਾਓ ਅਤੇ ਅਹਿੱਲਿਆਬਾਈ ਹੋਲਕਰ ਦੀਆਂ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।
ਅਦਾਕਾਰ ਗੌਰਵ ਅਮਲਾਨੀ ਜਿਸ ਨੂੰ ‘ਖੰਡੇਰਾਓ ਹੋਲਕਰ’ ਦੇ ਆਪਣੇ ਕਿਰਦਾਰ ਲਈ ਕਾਫ਼ੀ ਤਾਰੀਫ਼ਾਂ ਮਿਲ ਰਹੀਆਂ ਹਨ। ਇਸ ਕਿਰਦਾਰ ਲਈ ਆਪਣੀ ਤਿਆਰੀ ਬਾਰੇ ਦੱਸਦੇ ਹੋਏ ਕਿਹਾ, ”ਖੰਡੇਰਾਓ ਦੇ ਕਿਰਦਾਰ ਵਿੱਚ ਬਹੁਤ ਗੁੰਜਾਇਸ਼ ਅਤੇ ਭਾਵਨਾਵਾਂ ਹਨ। ਇਹ ਵੱਡਾ ਸੁੰਦਰ ਅਤੇ ਅਨੋਖਾ ਕਿਰਦਾਰ ਹੈ, ਖਾਸ ਕਰਕੇ ਟੈਲੀਵਿਜ਼ਨ ਲਈ। ਇਸ ਕਿਰਦਾਰ ਵਿੱਚ ਕਈ ਪਰਤਾਂ ਹਨ ਜੋ ਕਹਾਣੀ ਦੇ ਹਰ ਨਵੇਂ ਪੜਾਅ ਅਤੇ ਅਧਿਆਏ ਨਾਲ ਸਾਹਮਣੇ ਆਉਂਦੀਆਂ ਹਨ। ਉਹ ਖਹਾਇਸ਼ੀ ਅਤੇ ਇਰਾਦਿਆਂ ਦਾ ਪੱਕਾ ਹੈ, ਜਿਸ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਨਾਲ ਹੀ ਉਹ ਬਹੁਤ ਭਾਵੁਕ ਅਤੇ ਰੁਮਾਂਟਿਕ ਹੈ। ਇੱਕ ਅਦਾਕਾਰ ਦੇ ਰੂਪ ਵਿੱਚ ਇਸ ਵਿੱਚ ਬਹੁਤ ਸਾਰੇ ਰੰਗ ਹਨ। ਮੈਂ ਹਰ ਰੋਜ਼ ਉਨ੍ਹਾਂ ਜ਼ਰੀਏ ਬਹੁਤ ਕੁਝ ਸਿੱਖਦਾ ਹਾਂ। ਜਿੱਥੇ ਉਹ ਖੁਸ਼ ਰਹਿਣਾ ਅਤੇ ਅਹੱਲਿਆ ਦਾ ਸਾਥ ਦੇਣਾ ਚਾਹੁੰਦੇ ਹਨ, ਪਰ ਹਮੇਸ਼ਾਂ ਕੁਝ ਨਾ ਕੁਝ ਅਜਿਹਾ ਹੁੰਦਾ ਹੈ ਜੋ ਦੋਵਾਂ ਵਿਚਕਾਰ ਫੁੱਟ ਦਾ ਕਾਰਨ ਬਣਦਾ ਹੈ। ਇਸ ਕਿਰਦਾਰ ਵਿੱਚ ਜਿਸ ਤਰ੍ਹਾਂ ਦੀਆਂ ਉਲਝਣਾਂ ਹਨ, ਉਸ ਨੂੰ ਸਮਝਣਾ ਜ਼ਰੂਰੀ ਹੈ। ਇੰਨਾ ਪੇਚੀਦਾ ਕਿਰਦਾਰ ਹੀ ਮੈਨੂੰ ਇੱਕ ਅਦਾਕਾਰ ਦੇ ਤੌਰ ‘ਤੇ ਮੁਕੰਮਲ ਬਣਾਉਂਦਾ ਹੈ। ਮੈਂ ਸਖ਼ਤ ਮਿਹਨਤ ਕਰਦਾ ਹਾਂ ਅਤੇ ਹਰ ਦਿਨ ਆਪਣਾ ਬਿਹਤਰੀਨ ਦੇਣ ਦੀ ਕੋਸ਼ਿਸ਼ ਕਰਦਾ ਹਾਂ।”
‘ਅਗਰ ਤੁਮ ਨਾ ਹੋਤੇ’ ਵਿੱਚ ਆਇਆ ਲੀਪ
ਜ਼ੀ ਟੀਵੀ ਦਾ ਰੁਮਾਂਟਿਕ ਡਰਾਮਾ ‘ਅਗਰ ਤੁਮ ਨਾ ਹੋਤੇ’ ਇੱਕ ਜਵਾਨ ਨਰਸ ਨੀਅਤੀ ਮਿਸ਼ਰਾ (ਸਿਮਰਨ ਕੌਰ) ਅਤੇ ਅਭਿਮਨਿਯੂ ਪਾਂਡੇ (ਹਿਮਾਂਸ਼ੂ ਸੋਨੀ) ਦੀ ਲਵ ਸਟੋਰੀ ਹੈ। ਇਸ ਵਿੱਚ ਅਭਿਮਨਿਯੂ ਇੱਕ ਅਮੀਰ ਅਤੇ ਆਕਰਸ਼ਕ ਨੌਜਵਾਨ ਹੈ, ਪਰ ਉਹ ਮਾਨਸਿਕ ਰੂਪ ਨਾਲ ਅਸਥਿਰ ਹੈ। ਜਿੱਥੇ ਇਸ ਸ਼ੋਅ ਦੀ ਧਾਰਨਾ ਅਤੇ ਮੁੱਖੀ ਜੋੜੀ ਦੀ ਕਾਰਗੁਜ਼ਾਰੀ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਜਲਦੀ ਹੀ ਇਸ ਕਹਾਣੀ ਵਿੱਚ ਕੁਝ ਨਵੇਂ ਮੋੜ ਆਉਣਗੇ, ਜਿਸ ਨਾਲ ਇਹ ਕਹਾਣੀ ਹੋਰ ਰੁਮਾਂਚਕ ਹੋ ਜਾਵੇਗੀ। ਇਸ ਸ਼ੋਅ ਦੇ ਨਿਰਮਾਤਾ ਹੁਣ ਇਸ ਵਿੱਚ ਕੁਝ ਖਾਸ ਲੈ ਕੇ ਆ ਰਹੇ ਹਨ ਜਿੱਥੇ ਇਹ ਸ਼ੋਅ 6 ਸਾਲ ਦਾ ਲੀਪ ਲੈ ਰਿਹਾ ਹੈ, ਇਸ ਦੇ ਬਾਅਦ ਅਭਿਮਨਿਯੂ ਅਤੇ ਨੀਅਤੀ ਦੀ ਦੁਨੀਆ ਹੀ ਬਦਲ ਜਾਵੇਗੀ।
ਹਾਲ ਦੇ ਕੁਝ ਐਪੀਸੋਡਜ਼ ਵਿੱਚ ਇੱਕ ਨਵੇਂ ਕਿਰਦਾਰ ਅੰਗਦ (ਰੇਯਾਂਸ਼ ਵੀਰ ਚੱਡਾ) ਨੂੰ ਦਿਖਾਇਆ ਗਿਆ, ਜੋ ਕਹਾਣੀ ਵਿੱਚ ਜਬਰਦਸਤ ਮੋੜ ਲੈ ਕੇ ਆਇਆ ਹੈ। ਅੰਗਦ, ਮਨੋਰਮਾ (ਅਨੀਤਾ ਕੁਲਕਰਨੀ) ਦੀ ਨਾਜਾਇਜ਼ ਔਲਾਦ ਹੈ। ਉਹ ਅਭਿਮਨਿਯੂ (ਹਿਮਾਂਸ਼ੂ ਸੋਨੀ) ਅਤੇ ਮਨੋਰਮਾ ਦੀ ਦੁਨੀਆ ਵਿੱਚ ਹਲਚਲ ਮਚਾਉਣ ਅਤੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣਾਉਣ ਵਿੱਚ ਕੋਈ ਮੌਕਾ ਨਹੀਂ ਛੱਡਦਾ ਹੈ।
ਇਸ ਸ਼ੋਅ ਵਿੱਚ ਆਪਣੀ ਜ਼ਿੰਦਗੀ ਦੀਆਂ ਤਮਾਮ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਅਭਿਮਨਿਯੂ ਅਤੇ ਨੀਅਤੀ ਨੇ ਆਪਣੀਆਂ ਖੁਸ਼ੀਆਂ ਲਈ ਆਪਣੇ ਰਿਸ਼ਤੇ ਨੂੰ ਅੱਗੇ ਲੈ ਕੇ ਜਾਣ ਦਾ ਫੈਸਲਾ ਕੀਤਾ ਹੈ। ਨੀਅਤੀ ਨੇ ਹਾਲ ਹੀ ਵਿੱਚ ਇੱਕ ਬੇਟੀ ਨੂੰ ਜਨਮ ਦਿੱਤਾ ਹੈ ਜਿਸ ਨਾਲ ਪੂਰਾ ਪਰਿਵਾਰ ਨਜ਼ਦੀਕ ਆ ਗਿਆ ਹੈ। ਪਰ ਹੁਣ ਅੱਗੇ ਜੋ ਹੋਵੇਗਾ, ਉਸ ਨਾਲ ਦਰਸ਼ਕਾਂ ਦੀ ਉਤਸੁਕਤਾ ਹੋਰ ਵਧ ਜਾਵੇਗੀ। ਅੰਗਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਹਲਚਲ ਮਚਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ।
ਇਹ ਸ਼ੋਅ ਹੁਣ 6 ਸਾਲ ਦਾ ਲੀਪ ਲਵੇਗਾ, ਜਿਸ ਵਿੱਚ ਬਿਲਕੁਲ ਅਲੱਗ ਕਹਾਣੀ ਸਾਹਮਣੇ ਆਵੇਗੀ। ਇਸ ਵਿਚਕਾਰ ਦਰਸ਼ਕ ਨੀਅਤੀ ਨੂੰ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਦੇਖਣਗੇ, ਜਦੋਂਕਿ ਅਭਿਮਨਿਯੂ ਖੁਸ਼ ਰਹਿਣ ਦਾ ਦਿਖਾਵਾ ਕਰਦਾ ਹੈ, ਪਰ ਉਹ ਅੰਦਰ ਤੋਂ ਬਹੁਤ ਨਿਰਾਸ਼ ਅਤੇ ਟੁੱਟਿਆ ਹੋਇਆ ਹੈ। ਦਰਸ਼ਕ ਇਹ ਦੇਖ ਕੇ ਹੈਰਾਨ ਰਹਿ ਜਾਣਗੇ ਕਿ ਨੀਅਤੀ ਲਖਨਊ ਵਿੱਚ ਇੱਕ ਸਾਲ ਦੀ ਲੜਕੀ ਨਾਲ ਰਹਿ ਰਹੀ ਹੈ ਜਿਸ ਨੂੰ ਉਸ ਨੇ ਗੋਦ ਲਿਆ ਹੈ ਅਤੇ ਇੱਕ ਸਿੰਗਲ ਮਦਰ ਦੇ ਰੂਪ ਵਿੱਚ ਉਸ ਦਾ ਪਾਲਣ ਪੋਸ਼ਣ ਕਰ ਰਹੀ ਹੈ। ਅਜਿਹੇ ਵਿੱਚ ਦਰਸ਼ਕਾਂ ਲਈ ਇਹ ਦੇਖਣਾ ਵੀ ਕਾਫ਼ੀ ਦਿਲਚਸਪ ਹੋਵੇਗਾ ਕਿ ਇਹ ਬੱਚੀ ਕੋਈ ਹੋਰ ਨਹੀਂ, ਬਲਕਿ ਨੀਅਤੀ ਦੀ ਆਪਣੀ ਬੇਟੀ ਹੈ ਜੋ ਆਪਣੇ ਮਾਂ-ਬਾਪ ਨੂੰ ਮਿਲਾਉਣ ਲਈ ਵਾਪਸ ਆਈ ਹੈ, ਪਰ ਕੀ ਉਹ ਇਸ ਵਿੱਚ ਕਾਮਯਾਬ ਹੋਵੇਗੀ। ਕੀ ਉਹ ਇੱਕ ਵਾਰ ਫਿਰ ਅਭਿਮਨਿਯੂ ਅਤੇ ਨੀਅਤੀ ਨੂੰ ਇੱਕ ਕਰ ਸਕੇਗੀ?
ਲੀਪ ਬਾਰੇ ਦੱਸਦੇ ਹੋਏ ਸਿਮਰਨ ਕੌਰ ਕਹਿੰਦੀ ਹੈ, ”ਮੈਨੂੰ ‘ਅਗਰ ਤੁਮ ਨਾ ਹੋਤੇ’ ਦਾ ਮਹੱਤਵਪੂਰਨ ਹਿੱਸਾ ਬਣਾਉਣ ‘ਤੇ ਮਾਣ ਹੈ। ਮੈਂ ਇਸ ਗੱਲ ਦੀ ਸ਼ੁਕਰਗੁਜ਼ਾਰ ਹਾਂ ਕਿ ਮੈਂ ਨੀਅਤੀ ਦੇ ਰੋਲ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰ ਪਾ ਰਹੀ ਹਾਂ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਲੀਪ ਵਾਲਾ ਸੀਕੂਐਂਸ ਬਹੁਤ ਭਾਵੁਕ ਹੋਵੇਗਾ ਜੋ ਇਸ ਸ਼ੋਅ ਵਿੱਚ ਕੁਝ ਰੁਮਾਂਚਕ ਤਬਦੀਲੀਆਂ ਲੈ ਕੇ ਆਵੇਗਾ। ਇਹ 6 ਸਾਲ ਦਾ ਲੀਪ ਸਾਡੀਆਂ ਜ਼ਿੰਦਗੀਆਂ ਵਿੱਚ ਉਥਲ ਪੁਥਲ ਮਚਾ ਦੇਵੇਗਾ ਅਤੇ ਸਾਡੇ ਪ੍ਰਸੰਸਕਾਂ ਦੀ ਉਤਸੁਕਤਾ ਵਧ ਜਾਵੇਗੀ ਕਿਉਂਕਿ ਅਭਿਮਨਿਯੂ ਅਤੇ ਨੀਅਤੀ ਦੀ ਖੁਸ਼ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਬਦਲਣ ਵਾਲੀ ਹੈ। ਲੀਪ ਦੇ ਬਾਅਦ ਮੈਨੂੰ ਆਪਣੇ ਕਿਰਦਾਰ ਦੇ ਬਿਲਕੁਲ ਨਵੇਂ ਅਵਤਾਰ ਨੂੰ ਲੈ ਕੇ ਦਰਸ਼ਕਾਂ ਦੀ ਪ੍ਰਤੀਕਿਰਿਆ ਜਾਣਨ ਦਾ ਇੰਤਜ਼ਾਰ ਰਹੇਗਾ। ਮੈਨੂੰ ਲੱਗਦਾ ਹੈ ਕਿ ਇਸ ਸ਼ੋਅ ਦੇ ਆਉਣ ਵਾਲੇ ਐਪੀਸੋਡਜ਼ ਕਹਾਣੀ ਵਿੱਚ ਨਵੇਂ ਮੋੜ ਲੈ ਕੇ ਆਉਣਗੇ ਅਤੇ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਸੀਟਾਂ ਨਾਲ ਬੰਨ੍ਹ ਕੇ ਰੱਖਣਗੇ।”