ਮੁੰਬਈ: ਅਦਾਕਾਰ ਵਰੁਣ ਧਵਨ ਤੇ ਅਦਾਕਾਰਾ ਜਾਹਨਵੀ ਕਪੂਰ ਪਹਿਲੀ ਵਾਰ ਨਿਤੇਸ਼ ਤਿਵਾੜੀ ਦੀ ਫ਼ਿਲਮ ‘ਬਵਾਲ’ ਵਿੱਚ ਇਕੱਠੇ ਨਜ਼ਰ ਆਉਣਗੇ। ਇਹ ਖੁਲਾਸਾ ਨਿਰਮਾਤਾਵਾਂ ਨੇ ਕੀਤਾ ਹੈ। ‘ਬਵਾਲ’ ਇੱਕ ਮੁਹੱਬਤੀ ਫ਼ਿਲਮ ਹੈ ਜਿਸ ਨੂੰ ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ ਆਪਣੇ ਪ੍ਰੋਡਕਸ਼ਨ ਹਾਊਸ ‘ਨਾਡਿਆਡਵਾਲਾ ਗਰੈਂਡਸਨ ਐਂਟਰਟੇਨਮੈਂਟ’ ਦੇ ਬੈਨਰ ਹੇਠ ਬਣਾ ਰਿਹਾ ਹੈ। ਪ੍ਰੋਡਕਸ਼ਨ ਹਾਊਸ ਨੇ ਟਵਿੱਟਰ ‘ਤੇ ਆਖਿਆ ਕਿ ਇਹ ਫ਼ਿਲਮ ਸਾਲ 7 ਅਪਰੈਲ 2023 ਨੂੰ ਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਇਸ ਫ਼ਿਲਮ ਵਿੱਚ ਵਰੁਣ ਧਵਨ ਅਤੇ ਜਾਹਨਵੀ ਕਪੂਰ ਮੁੱਖ ਭੂਮਿਕਾਵਾਂ ਵਿਚ ਹਨ।’ ਇਸ ਤੋਂ ਪਹਿਲਾਂ ਨਾਡਿਆਡਵਾਲਾ ਤੇ ਤਿਵਾੜੀ ਨੇ ਸਾਲ 2019 ਵਿੱਚ ਆਈ ਫ਼ਿਲਮ ‘ਛਿਛੋਰੇ’ ਵਿੱਚ ਇਕੱਠਿਆਂ ਕੰਮ ਕੀਤਾ ਸੀ, ਜਿਸ ਨੂੰ ਸਾਲ 2012 ਦੌਰਾਨ ਸਰਬੋਤਮ ਫੀਚਰ ਲਈ ਕੌਮੀ ਪੁਰਸਕਾਰ ਮਿਲਿਆ ਸੀ। ਅਦਾਕਾਰ ਵਰੁਣ ਧਵਨ ਨੇ ਕਿਹਾ ਕਿ ਉਹ ਨਿਤੇਸ਼ ਤਿਵਾੜੀ ਨਾਲ ਕੰਮ ਕਰਨ ਲਈ ਬਹੁਤ ਉਤਾਵਲਾ ਹੈ। ਵਰੁਣ ਨੇ ਇਸ ਤੋਂ ਪਹਿਲਾਂ ਨਾਡਿਆਡਵਾਲਾ ਨਾਲ ‘ਡਿਸ਼ੂਮ’, ‘ਜੁੜਵਾ 2’ ਤੇ ‘ਕਲੰਕ’ ਵਿੱਚ ਕੰਮ ਕੀਤਾ ਹੈ। ਵਰੁਣ ਨੇ ਆਖਿਆ, ‘ਅਬ ਹੋਗਾ ਬਵਾਲ! ਮੈਂ ਸਾਜਿਦ ਨਾਡਿਆਵਾਲਾ, ਨਿਤੇਸ਼ਤਿਵਾੜੀ ਅਤੇ ਜਾਹਨਵੀਕਪੂਰ ਨਾਲ ਆਪਣੇ ਨਵੇਂ ਪ੍ਰਾਜੈਕਟ ਲਈ ਬਹੁਤ ਖੁਸ਼ ਹਾਂ।’ ਜਾਹਨਵੀ ਕਪੂਰ ਨੇ ਵੀ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ‘ਬਵਾਲ’ ਵਿੱਚ ਕੰਮ ਕਰਨ ਬਾਰੇ ਜਾਣਕਾਰੀ ਦਿੱਤੀ ਹੈ। ਛੇਤੀ ਹੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। -ਪੀਟੀਆਈ