ਲਾਸ ਏਂਜਲਸ: ਆਸਕਰ ਐਵਾਰਡਜ਼ ਸਮਾਗਮ ਵਿੱਚ ਬੀਤੇ ਦਿਨੀਂ ਜਦੋਂ ਵਿੱਲ ਸਮਿੱਥ ਨੇ ਕ੍ਰਿਸ ਰੌਕ ਦੇ ਥੱਪੜ ਮਾਰਿਆ ਸੀ ਤਾਂ ਇਸ ਘਟਨਾ ਦੇ 15 ਮਿੰਟ ਦੇ ਸਮੇਂ ਦੇ ਅੰਦਰ-ਅੰਦਰ ਏਬੀਸੀ ‘ਤੇ ਲਗਪਗ 5,11,000 ਦਰਸ਼ਕਾਂ ਦੀ ਗਿਣਤੀ ਵਧ ਗਈ। ਇਹ ਅੰਕੜੇ ਨੀਲਸਨ ਡੇਟਾ ਨੇ ਨਸ਼ਰ ਕੀਤੇ ਹਨ। ਅਮਰੀਕੀ ਮੀਡੀਆ ਕੰਪਨੀ ‘ਵਰਾਇਟੀ’ ਅਨੁਸਾਰ ਆਸਕਰ ਪ੍ਰਸ਼ੰਸਕਾਂ ਦੀ ਗਿਣਤੀ ਕੁਝ ਸਮੇਂ ਲਈ ਘੱਟ ਗਈ ਸੀ ਪਰ ਜਦੋਂ ਸਮਿੱਥ ‘ਸਰਬੋਤਮ ਅਦਾਕਾਰ’ ਦਾ ਪੁਰਸਕਾਰ ਮਿਲਣ ਮਗਰੋਂ ਭਾਸ਼ਣ ਦੇਣ ਲੱਗਾ ਤਾਂ ਇਹ ਗਿਣਤੀ ਵੱਧ ਕੇ 6,14,000 ਹੋ ਗਈ। ਇਸ ਭਾਸ਼ਣ ਦੌਰਾਨ ਉਸ ਨੇ ਅਕੈਡਮੀ ਅਤੇ ਹੋਰ ਸਾਥੀ ਕਲਾਕਾਰਾਂ ਤੋਂ ਮੁਆਫੀ ਮੰਗੀ ਸੀ ਪਰ ਉਸ ਨੇ ਰੌਕ ਬਾਰੇ ਜ਼ਿਕਰ ਨਹੀਂ ਕੀਤਾ ਸੀ। ਇੱਕ ਦਿਨ ਬਾਅਦ ਉਸ ਨੇ ਬਿਆਨ ਜਾਰੀ ਕਰ ਕੇ ਰੌਕ ਤੋਂ ਵੀ ਮੁਆਫੀ ਮੰਗ ਲਈ ਹੈ। ਹਾਲਾਂਕਿ ਪੂਰੇ ਸ਼ੋਅ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਹਿੱਸਾ ਰਾਤ 9:15 ਤੋਂ 9:29 ਵਜੇ ਤੱਕ ਦਾ ਸੀ, ਜਦੋਂ ਫਿਲਮ ‘ਕੋਡਾ’ ਲਈ ‘ਟ੍ਰਾਏ ਕੋਤਸਰ’ ਨੂੰ ‘ਸਰਬੋਤਮ ਸਹਾਇਕ ਅਦਾਕਾਰ’ ਦਾ ਪੁਰਸਕਾਰ ਮਿਲਿਆ ਸੀ। ਕੁੱਲ ਮਿਲਾ ਕੇ ਇਸ ਵਾਰ ਆਸਕਰਜ਼ ਨੇ 1.66 ਕਰੋੜ ਦਰਸ਼ਕ ਖਿੱਚੇ, ਜੋ ਪਿਛਲੇ ਸਾਲ ਦੇ 1.05 ਕਰੋੜ ਦੇ ਮੁਕਾਬਲੇ 58 ਫੀਸਦੀ ਵੱਧ ਹਨ। -ਆਈਏਐੱਨਐੱਸ