ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 27 ਮਾਰਚ
ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ‘ਦਿ ਕਸ਼ਮੀਰ ਫਾਈਲਜ਼’ ‘ਤੇ ਕੀਤੀ ਟਿੱਪਣੀ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਹੈ।
ਕੇਜਰੀਵਾਲ ਦੇ ਬਿਆਨਾਂ ਨੂੰ ‘ਕੱਚਾ ਤੇ ਗੈਰ-ਸੰਵੇਦਨਸ਼ੀਲ’ ਕਰਾਰ ਦਿੰਦਿਆਂ ਖੇਰ ਨੇ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਰਾਜ ਵਿਧਾਨ ਸਭਾ ਵਿੱਚ ‘ਸਟੈਂਡਅਪ ਕਾਮੇਡੀਅਨ ਦਾ ਕੰਮ’ ਕਰ ਰਹੇ ਹਨ। ਇੱਕ ਇੰਟਰਵਿਊ ਵਿੱਚ ਖੇਰ ਨੇ ਕਿਹਾ, ‘ਕੇਜਰੀਵਾਲ ਦੇ ਬਿਆਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਹਰ ਸੱਚੇ ਭਾਰਤੀ ਨੂੰ ਥੀਏਟਰ ਵਿੱਚ ਜਾ ਕੇ ਇਹ ਫਿਲਮ ਦੇਖਣੀ ਚਾਹੀਦੀ ਹੈ।’
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਸ਼ਮੀਰੀ ਹਿੰਦੂਆਂ ਨਾਲ ਹੋਏ ਮਾੜੇ ਵਿਹਾਰ ਬਾਰੇ ਨਹੀਂ ਸੋਚਿਆ ਜਿਨ੍ਹਾਂ ਨੂੰ ਆਪਣੇ ਘਰ ਤੱਕ ਛੱਡਣੇ ਪਏ। ਇਸ ਦੇ ਉਲਟ ਪਿੱਛੇ ਬੈਠੇ ਲੋਕ ਹੱਸ ਰਹੇ ਸਨ। ਖੇਰ ਨੇ ਕਿਹਾ ਕਿ ਜੇਕਰ ਕੇਜਰੀਵਾਲ ਦਾ ਪ੍ਰਧਾਨ ਮੰਤਰੀ ਮੋਦੀ ਜਾਂ ਭਾਜਪਾ ਨਾਲ ਕੋਈ ਸਿਆਸੀ ਟਕਰਾਅ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਸਿਰਫ ਬੋਲਣਾ ਚਾਹੀਦਾ ਸੀ। ਪਰ ਇਹ ਕਹਿਣਾ ਕਿ ਇਹ ਇੱਕ ਪ੍ਰਾਪੇਗੰਡਾ ਫਿਲਮ ਹੈ, ਸ਼ਰਮਨਾਕ ਸੀ। ਅਨੁਪਮ ਨੇ ਕਿਹਾ ਕਿ ਰਾਜਧਾਨੀ ਵਿੱਚ ਫ਼ਿਲਮ ਨੂੰ ਟੈਕਸ-ਮੁਕਤ ਨਹੀਂ ਕੀਤਾ ਗਿਆ। ਖੇਰ ਨੇ ਕਿਹਾ ਕਿ ਕੇਜਰੀਵਾਲ ਦਾ ਬਿਆਨ ਪਿਛਲੇ 32 ਸਾਲਾਂ ਤੋਂ ਦੁਖੀ ਲੋਕਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਬਰਾਬਰ ਹੈ। ਇਸੇ ਦੌਰਾਨ ਆਲਮੀ ਕਸ਼ਮੀਰੀ ਪੰਡਿਤ ਡਾਇਸਪੋਰਾ (ਜੀਕੇਡੀਪੀ) ਨੇ ਵੀ ਕੇਜਰੀਵਾਲ ਦੀ ਤਾਜ਼ਾ ਟਿੱਪਣੀ ‘ਤੇ ਇਤਰਾਜ਼ ਜਤਾਇਆ ਹੈ।