ਲਾਸ ਏਂਜਲਜ਼: ਹਾਲ ਹੀ ਵਿੱਚ 94ਵੇਂ ਆਸਕਰ ਪੁਰਸਕਾਰ ਵੰਡ ਸਮਾਗਮ ਦੌਰਾਨ ਅਦਾਕਾਰ ਵਿੱਲ ਸਮਿੱਥ ਵੱਲੋਂ ਕਾਮੇਡੀਅਨ ਕ੍ਰਿਸ ਰੌਕ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਅੱਜ ਅਕੈਡਮੀ ਦੇ ਬੋਰਡ ਆਫ ਗਵਰਨਰਜ਼ ਨੇ ਐਮਰਜੈਂਸੀ ਮੀਟਿੰਗ ਕਰਕੇ ਮਾਮਲੇ ਬਾਰੇ ਚਰਚਾ ਕੀਤੀ ਹੈ। ‘ਵਰਾਇਟੀ’ ਦੀ ਰਿਪੋਰਟ ਅਨੁਸਾਰ ਸਮਿੱਥ ਨੂੰ ਮੁਅੱਤਲੀ ਤੇ ਬਰਖ਼ਾਸਤੀ ਸਮੇਤ ਹੋਰ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਕੈਡਮੀ ਨੇ ਆਪਣੇ ਬਿਆਨ ਵਿੱਚ ਸਮਿੱਥ ਦੇ ਵਤੀਰੇ ਦੀ ਆਲੋਚਨਾ ਕਰਦਿਆਂ ਅਕੈਡਮੀ ਦੀ ਸਾਖ਼ ਨੂੰ ਠੇਸ ਪਹੁੰਚਾਉਣ ਵਰਗੇ ਗੰਭੀਰ ਦੋਸ਼ ਲਾਏ ਗਏ ਹਨ। ਫ਼ਿਲਮ ‘ਕਿੰਗ ਰਿਚਰਡ’ ਲਈ ਸਰਬੋਤਮ ਕਲਾਕਾਰ ਦਾ ਪੁਰਸਕਾਰ ਜਿੱਤਣ ਵਾਲੇ ਸਮਿੱਥ ਨੂੰ ਅਕੈਡਮੀ ਵੱਲੋਂ 15 ਦਿਨਾਂ ਦਾ ਨੋਟਿਸ ਭੇਜ ਕੇ ਲਿਖਤੀ ਸਪੱਸ਼ਟੀਕਰਨ ਮੰਗਿਆ ਗਿਆ ਹੈ। ਬੋਰਡ ਦੀ ਅਗਲੀ ਮੀਟਿੰਗ 18 ਅਪਰੈਲ ਨੂੰ ਰੱਖੀ ਗਈ ਹੈ, ਜਿਸ ਵਿੱਚ ਅਦਾਕਾਰ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸਬੰਧੀ ਫੈਸਲਾ ਲਿਆ ਜਾਵੇਗਾ। ਅਕੈਡਮੀ ਦੇ ਹਵਾਲੇ ਨਾਲ ਇਹ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਸਮਿੱਥ ਨੂੰ ਡੌਲਬੀ ਥੀਏਟਰ ਛੱਡਣ ਲਈ ਆਖਿਆ ਹੈ ਪਰ ਸਮਿੱਥ ਨੇ ਇਸ ਤੋਂ ਮਨ੍ਹਾਂ ਕਰ ਦਿੱਤਾ। ਇਹ ਜਾਣਕਾਰੀ ਮਿਲੀ ਹੈ ਕਿ ਸਮਿੱਥ ਨੂੰ ਆਡੀਟੋਰੀਅਮ ‘ਚੋਂ ਨਹੀਂ ਹਟਾਇਆ ਗਿਆ ਸੀ। ਅਕੈਡਮੀ ਦੇ ਸਪਸ਼ਟੀਕਰਨ ਅਨੁਸਾਰ ਸਮਿੱਥ ਨੂੰ ਆਡੀਟੋਰੀਅਮ ਛੱਡਣ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੇ ਨਾਂਹ ਕਰ ਦਿੱਤੀ ਸੀ। -ਆਈਏਐੱਨਐੱਸ