ਚੰਡੀਗੜ੍ਹ: ਬੌਲੀਵੁੱਡ ਅਦਾਕਾਰ ਸੋਨੂ ਸੂਦ ਨੂੰ ਇਕ ਪ੍ਰਸ਼ੰਸਕ ਨੇ ਟਵਿੱਟਰ ‘ਤੇ ਮੀਮ ਭੇਜ ਕੇ ਵੱਖਰੀ ਤਰ੍ਹਾਂ ਦੀ ਫਰਮਾਇਸ਼ ਕੀਤੀ ਹੈ। ਪ੍ਰਸ਼ੰਸਕ ਨੇ ਪੋਸਟ ਕਰਦਿਆਂ ਆਖਿਆ, ‘ਸਰਦੀਆਂ ਵਿੱਚ ਕੰਬਲ ਦਾਨ ਕਰਨ ਵਾਲਿਓ, ਗਰਮੀਆਂ ਵਿੱਚ ਠੰਢੀ ਬੀਅਰ ਨਹੀਂ ਪਿਲਾਓਗੇ।’ ਅਦਾਕਾਰ ਨੇ ਇਹ ਮੀਮ ਸਾਂਝਾ ਕਰਦਿਆਂ ਜਵਾਬ ਵਿੱਚ ਆਖਿਆ, ”ਬੀਅਰ ਨਾਲ ਭੁਜੀਆ ਚੱਲੇਗਾ?” ਅਦਾਕਾਰ ਦੇ ਇਸ ਟਵੀਟ ਤੋਂ ਬਾਅਦ ਟਵਿੱਟਰ ‘ਤੇ ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਇੱਕ ਪ੍ਰਸ਼ੰਸਕ ਅਕਸ਼ੈ ਕੁਮਾਰ ਨੇ ਮੀਮ ਦੇ ਜਵਾਬ ਵਿੱਚ ਆਖਿਆ, ”ਇਹ ਜਿਹੜੇ ਲੋਕ ਬੀਅਰ ਮੰਗ ਰਹੇ ਹਨ, ਬਰਸਾਤ ਦਾ ਮੌਸਮ ਆਉਣ ‘ਤੇ ਕਹਿਣਗੇ, ਜੇਕਰ ਤੁਹਾਡੇ ਹੱਥ ਦੇ ਪਕੌੜੇ ਮਿਲ ਜਾਂਦੇ ਤਾਂ ਮਜ਼ਾ ਆ ਜਾਂਦਾ।” ਇੱਕ ਹੋਰ ਨੇ ਆਖਿਆ, ”ਕੰਮ ਚੱਲ ਰਿਹਾ ਹੈ ਚਾਚਾ, ਥੋੜ੍ਹੀ ਉਡੀਕ ਕਰੋ।” ਇੱਕ ਹੋਰ ਵਰਤੋਂਕਾਰ ਨੇ ਆਖਿਆ, ”ਨਾਲ ਪੰਜਾਬੀ ਤੜਕਾ ਵੀ।” ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਸੋਨੂ ਸੂਦ ਨੇ ਕਰੋਨਾ ਮਹਾਮਾਰੀ ਦੌਰਾਨ ਵੱਡੀ ਗਿਣਤੀ ਲੋਕਾਂ ਦੀ ਮਦਦ ਕੀਤੀ ਹੈ। ਅਦਾਕਾਰ ਨੇ ਮਹਾਮਾਰੀ ਕਾਰਨ ਦੂਜੇ ਸੂਬਿਆਂ ਵਿੱਚ ਫਸੇ ਪਰਵਾਸੀਆਂ ਦੀ ਘਰ ਵਾਪਸੀ ਲਈ ਬੱਸਾਂ, ਗੱਡੀਆਂ ਅਤੇ ਹੋਰ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਸੀ। ਜਾਣਕਾਰੀ ਅਨੁਸਾਰ ਅਦਾਕਾਰ, ਡਾ. ਚੰਦਰਪ੍ਰਕਾਸ਼ ਦਿਵੇਦੀ ਦੀ ਫ਼ਿਲਮ ‘ਪ੍ਰਿਥਵੀਰਾਜ’ ਵਿੱਚ ਦਿਖਾਈ ਦੇਵੇਗਾ, ਜਿਸ ਨੂੰ ਯਸ਼ ਰਾਜ ਫਿਲਮਜ਼ ਨੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਵਿੱਚ ਅਦਾਕਾਰ ਸੰਜੈ ਦੱਤ ਵੀ ਦਿਖਾਈ ਦੇਵੇਗਾ ਅਤੇ ਇਹ ਫ਼ਿਲਮ 3 ਜੂਨ ਨੂੰ ਰਿਲੀਜ਼ ਹੋਵੇਗੀ। -ਟ੍ਰਿਬਿਊਨ ਵੈੱਬ ਡੈਸਕ