ਮੁੰਬਈ: ਨਿਰਮਾਤਾ ਨਿਤੇਸ਼ ਤਿਵਾੜੀ ਦੀ ਨਵੀਂ ਆ ਰਹੀ ਫਿਲਮ ‘ਬਵਾਲ’ ਦੀ ਸ਼ੂਟਿੰਗ ਲਖਨਊ ਵਿੱਚ ਸ਼ੁਰੂ ਹੋ ਗਈ ਹੈ। ਇਸ ਫਿਲਮ ਵਿੱਚ ਅਦਾਕਾਰ ਵਰੁਨ ਧਵਨ ਤੇ ਅਦਾਕਾਰਾ ਜਾਹਨਵੀ ਕਪੂਰ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਸਾਜਿਦ ਨਾਡਿਆਵਾਲਾ ਵੱਲੋਂ ਤਿਆਰ ਕੀਤੀ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਭਾਰਤ ਵਿੱਚ ਤਿੰਨ ਥਾਈਂ ਅਤੇ ਯੂਰੋਪ ਵਿੱਚ ਪੈਰਿਸ ਸਣੇ ਪੰਜ ਵੱਖ-ਵੱਖ ਦੇਸ਼ਾਂ ਵਿੱਚ ਕੀਤੀ ਜਾਵੇਗੀ। ਫਿਲਮ ਦੇ ਪਹਿਲੇ ਪੜਾਅ ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿੱਚ ਸ਼ੁਰੂ ਕੀਤੀ ਜਾਵੇਗੀ ਜਿੱਥੇ ਇਸ ਦਾ ਮਹੂਰਤ ਹੋਇਆ ਸੀ। ‘ਛਿਛੋਰੇ’ ਲਈ 2019 ਵਿੱਚ ਕੌਮੀ ਐਵਾਰਡ ਜਿੱਤ ਚੁੱਕੇ ਨਿਤੇਸ਼ ਦੀ ਸਾਜਿਦ ਨਾਡਿਆਵਾਲਾ ਨਾਲ ਇਹ ਦੂਜੀ ਫਿਲਮ ਹੈ। ਇਸ ਤੋਂ ਪਹਿਲਾਂ ਨਿਤੇਸ਼ ‘ਦੰਗਲ’ ਦਾ ਨਿਰਦੇਸ਼ਨ ਵੀ ਕਰ ਚੁੱਕਿਆ ਹੈ। ਇਸ ਫਿਲਮ ਵਿੱਚ ਵਰੁਨ ਅਤੇ ਜਾਹਨਵੀ ਦੀ ਨਵੀਂ ਜੋੜੀ ਦਿਖੇਗੀ। ਫਿਲਮ ‘ਬਵਾਲ’ 7 ਅਪਰੈਲ ਨੂੰ ਰਿਲੀਜ਼ ਹੋਵੇਗੀ। -ਪੀਟੀਆਈ