ਮੁੰਬਈ: ‘ਕੇਜੀਐੱਫ’ ਦੀ ਫਰੈਂਚਾਇਜ਼ੀ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਸੁਪਰਸਟਾਰ ਯਸ਼ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ। ਉਸ ਨੇ ਆਖਿਆ ਕਿ ਫਿਲਮ ਦੀ ਸਫ਼ਲਤਾ ਨੂੰ ਦੇਖਣ ਦਾ ਦ੍ਰਿਸ਼ਟੀਕੋਣ ਸਿਰਫ਼ ਤੇ ਸਿਰਫ਼ ਅਦਾਕਾਰ ਕੋਲ ਸੀ ਜਿਸ ਨੇ ਸਖ਼ਤ ਅਤੇ ਖਰ੍ਹਵੇਂ ਰੌਕੀ ਦੀ ਭੂਮਿਕਾ ਨਿਭਾ ਕੇ ਪ੍ਰਸ਼ੰਸਾ ਹਾਸਲ ਕੀਤੀ। ਨਿਰਦੇਸ਼ਕ ਪ੍ਰਸ਼ਾਂਤ ਨੀਲ ਨੇ ਕਿਹਾ ਕਿ ‘ਕੇਜੀਐੱਫ’ ਅੱਠ ਸਾਲਾਂ ਦਾ ਸਫ਼ਰ ਸੀ, ਜਿਸ ਨੇ ਉਨ੍ਹਾਂ ਨੂੰ ਆਤਮਵਿਸ਼ਵਾਸ ਦਿੱਤਾ, ਜੋ ਉਨ੍ਹਾਂ ਨੂੰ ਫਿਲਮ ਨੂੰ ਹੋਰ ਬੁਲੰਦੀਆਂ ਤੱਕ ਲਿਜਾਣ ਵਿੱਚ ਮਦਦਗਾਰ ਸਾਬਤ ਹੋਇਆ। ਫਿਲਮਸਾਜ਼ ਨੇ ਅੱਗੇ ਕਿਹਾ, ”ਜਦੋਂ ਅਸੀਂ ਇਸ ਫਿਲਮ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ, ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਦਿਨ ਉਸ ਮੁਕਾਮ ‘ਤੇ ਪਹੁੰਚਾਂਗੇ, ਜਿੱਥੇ ਅੱਜ ਅਸੀਂ ਹਾਂ।” ਨੀਲ ਨੇ ਯਸ਼ ਦਾ ਧੰਨਵਾਦ ਕਰਦਿਆਂ ਕਿਹਾ, ”ਇਹ ਦੂਰਅੰਦੇਸ਼ੀ ਜਿਸ ਵਿਅਕਤੀ ਕੋਲ ਸੀ, ਉਹ ਮਹਿਜ਼ ਯਸ਼ ਹੀ ਸੀ। ਅਸੀਂ ਇਸ ਨੂੰ ਇੱਕ ਛੋਟੇ ਜਿਹੇ ਕੰਨੜ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਸੀ ਅਤੇ ਅੱਜ ਇਹ ਫਿਲਮ ਅਸਲ ਵਿੱਚ ਬਹੁਤ ਵੱਡੀ ਹੈ ਅਤੇ ਇਸ ਤੋਂ ਬਹੁਤ ਉਮੀਦਾਂ ਹਨ।” -ਆਈਏਐੱਨਐੱਸ