ਮੁੰਬਈ: ਬੌਲੀਵੁੱਡ ਅਦਾਕਾਰ ਸੋਨੂ ਸੂਦ ਦਾ ਕਹਿਣਾ ਹੈ ਕਿ ਫਿਲਮ ਸਨਅਤ ਵਿੱਚ ਟਿਕੇ ਰਹਿਣ ਲਈ ਜਾਗਰੂਕਤਾ ਜ਼ਰੂਰੀ ਹੈ ਜੋ ਕਿਸੇ ਨੂੰ ਵਾਰ-ਵਾਰ ਨਕਾਰੇ ਜਾਣ ਮਗਰੋਂ ਆਉਂਦੀ ਹੈ। ਇਸ ਖੇਤਰ ਵਿੱਚ ਇੰਤਜ਼ਾਰ ਦੇ ਲੰਬੇ ਸਫ਼ਰ ਮਗਰੋਂ ਸਫ਼ਲਤਾ ਹਾਸਲ ਹੁੰਦੀ ਹੈ। ਪੰਜਾਬ ਦੇ ਜੰਮਪਲ 48 ਸਾਲਾ ਅਦਾਕਾਰ ਨੇ ਸਾਲ 2002 ਵਿੱਚ ਬੌਲੀਵੁੱਡ ਵਿਚ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਹ ਫਿਲਮ ‘ਯੁਵਾ’, ਆਸ਼ਿਕ ਬਨਾਇਆ ਆਪ ਨੇ’ ਅਤੇ ‘ਜੋਧਾ ਅਕਬਰ’ ਨਾਲ ਚਰਚਾ ਵਿੱਚ ਆਇਆ ਸੀ। ਇਸ ਤੋਂ ਇਲਾਵਾ ਸਾਲ 2008 ਵਿੱਚ ਆਈ ਕਾਮੇਡੀ ਫਿਲਮ ‘ਸਿੰਘ ਇਜ਼ ਕਿੰਗ’, ਫਿਲਮ ‘ਦਬੰਗ’ 2010 ਅਤੇ ਸਾਲ 2014 ਵਿੱਚ ਆਈ ਸ਼ਾਹਰੁਖ ਖਾਨ ਦੀ ਫ਼ਿਲਮ ‘ਹੈਪੀ ਨਿਊ ਯੀਅਰ’ ਨੇ ਸੂਦ ਨੂੰ ਵੱਖਰੀ ਪਛਾਣ ਦਿੱਤੀ। ਅਦਾਕਾਰ ਨੇ ਸਫ਼ਲਤਾ ਦੇ ਇੰਤਜ਼ਾਰ ਦੀ ਤੁਲਨਾ ਪਾਣੀ ਵਿਚ ਸਾਹ ਰੋਕ ਕੇ ਰੱਖਣ ਨਾਲ ਕੀਤੀ। ਉਸ ਨੇ ਕਿਹਾ ਕਿ ਜਦੋਂ ਤੁਸੀਂ ਇੱਕ ਅਦਾਕਾਰ ਬਣਨ ਲਈ ਮੁੰਬਈ ਵਰਗੇ ਸ਼ਹਿਰ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਨਾਂਹ ਸੁਣਨ ਲਈ ਤਿਆਰ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ, ”ਮੈਂ ਇਸ ਦੇ ਲਈ ਇੰਤਜ਼ਾਰ ਕੀਤਾ ਹੈ। ਫਿਲਮੀ ਖੇਤਰ ਵਿੱਚ ਸਫ਼ਲਤਾ ਇਸ ਤਰ੍ਹਾਂ ਹੈ ਕਿ ਤੁਸੀਂ ਪਾਣੀ ਵਿਚ ਆਪਣਾ ਸਾਹ ਕਿੰਨਾ ਲੰਬਾ ਸਮਾਂ ਰੋਕ ਕੇ ਰੱਖ ਸਕਦੇ ਹੋ। ਮੈਂ ਇੰਨੇ ਲੰਬੇ ਸਫ਼ਰ ਦੌਰਾਨ ਆਪਣੇ ਸਾਹ ਰੋਕ ਕੇ ਰੱਖ ਹਨ। ਇਸ ਲੰਬੇ ਇੰਤਜ਼ਾਰ ਬਾਅਦ ਮੈਂ ਕਹਿ ਸਕਦਾਂ ਹਾਂ ਕਿ, ਦੇਖੋ ਮੈਂ ਇੱਥੇ ਹਾਂ।” -ਪੀਟੀਆਈ