ਬਹਾਦਰ ਸਿੰਘ ਗੋਸਲ
ਪੰਜਾਬ ਵਿੱਚ ਸ਼ੁਰੂ ਤੋਂ ਹੀ ਹਾੜ੍ਹੀ-ਸਾਉਣੀ ਦੀਆਂ ਭਰਪੂਰ ਫ਼ਸਲਾਂ ਹੁੰਦੀਆਂ ਆਈਆਂ ਹਨ। ਇਸ ਦਾ ਨਤੀਜਾ ਇਹ ਰਿਹਾ ਕਿ ਪੰਜਾਬ ਕੇਵਲ ਆਪਣੇ ਸੂਬੇ ਦੇ ਲੋਕਾਂ ਦਾ ਢਿੱਡ ਹੀ ਨਹੀਂ ਸੀ ਭਰਦਾ ਸਗੋਂ ਪੂਰੇ ਭਾਰਤ ਨੂੰ ਅੰਨ ਮੁਹੱਈਆ ਕਰਵਾਉਂਦਾ ਰਿਹਾ ਹੈ। ਪੰਜਾਬ ਦਾ ਬਹੁਤ ਸਾਰਾ ਰਕਬਾ ਕੱਲਰ ਜਾਂ ਰੇਤਲਾ ਰਿਹਾ ਹੈ, ਪਰ ਪੰਜਾਬੀਆਂ ਦੀ ਮਿਹਨਤ ਸਦਕਾ ਹਰ ਤਰ੍ਹਾਂ ਦੀ ਜ਼ਮੀਨ ਵਿੱਚੋਂ ਜ਼ਮੀਨ ਦੀ ਤਾਸੀਰ ਮੁਤਾਬਕ ਅੰਨ ਜਾਂ ਦਾਲਾਂ ਪੈਦਾ ਹੁੰਦੀਆਂ ਰਹੀਆਂ ਹਨ।
ਇਹੀ ਕਾਰਨ ਹੁੰਦਾ ਸੀ ਕਿ ਜਦੋਂ ਵੀ ਕੋਈ ਫ਼ਸਲ ਪੱਕ ਕੇ ਤਿਆਰ ਹੁੰਦੀ ਤਾਂ ਪੰਜਾਬੀ ਕਿਸਾਨਾਂ ਦੇ ਘਰ ਵੱਡੇ-ਵੱਡੇ ਭੜੋਲੇ ਦਾਣਿਆਂ ਨਾਲ ਭਰ ਜਾਂਦੇ। ਹਾੜ੍ਹੀ ਦੀ ਫ਼ਸਲ ਪਿੱਛੋਂ ਤਾਂ ਸਾਰਾ ਪੰਜਾਬ ਹੀ ਖੁਸ਼ ਹੋ ਜਾਂਦਾ ਸੀ। ਕਣਕ ਜੌਂ ਅਤੇ ਛੋਲੇ ਐਨੇ ਹੁੰਦੇ ਸਨ ਕਿ ਕਿਸਾਨਾਂ ਨੂੰ ਸੰਭਾਲ ਕਰਨੀ ਮੁਸ਼ਕਿਲ ਹੋ ਜਾਂਦੀ ਸੀ। 60-65 ਸਾਲ ਪਹਿਲਾਂ ਮੰਡੀ ਸਿਸਟਮ ਇੰਨਾ ਮਜ਼ਬੂਤ ਨਹੀਂ ਸੀ, ਇਸ ਲਈ ਆਮ ਤੌਰ ‘ਤੇ ਕਿਸਾਨਾਂ ਨੂੰ ਘਰ ਹੀ ਅਨਾਜ ਸੰਭਾਲਣਾ ਪੈਂਦਾ ਸੀ, ਜਾਂ ਫਿਰ ਉਹ ਲੋੜਵੰਦਾਂ ਨੂੰ ਪਿੰਡ ਵਿੱਚ ਆਪਣਾ ਅਨਾਜ ਵੇਚ ਦਿੰਦੇ। ਇੱਥੋਂ ਤੱਕ ਕੇ ਪਿੰਡ ਵਿੱਚ ਆਪਣੇ ਲਈ ਕੱਪੜੇ, ਜੁੱਤੀ, ਕਿਸਾਨੀ ਸੰਦ ਜਾਂ ਸਬਜ਼ੀਆਂ ਆਦਿ ਖਰੀਦਣ ਲਈ ਉਨ੍ਹਾਂ ਦੇ ਵੱਟੇ ਉਹ ਅਨਾਜ ਹੀ ਦੇ ਦਿੰਦੇ। ਇਸ ਦਾ ਫਾਇਦਾ ਦੂਜੀਆਂ ਬਰਾਦਰੀਆਂ ਦੇ ਲੋਕਾਂ ਨੂੰ ਵੀ ਹੁੰਦਾ, ਉਨ੍ਹਾਂ ਦੇ ਘਰ ਵੀ ਸਾਰਾ ਸਾਲ ਖਾਣ ਜੋਗੇ ਦਾਣੇ ਇਕੱਠੇ ਹੋ ਜਾਂਦੇ।
ਉਨ੍ਹਾਂ ਦਿਨਾਂ ਵਿੱਚ ਮਸ਼ੀਨੀ ਕਾਰੋਬਾਰ ਵੀ ਇੰਨਾ ਨਹੀਂ ਸੀ ਹੁੰਦਾ, ਜਿਸ ਕਾਰਨ ਹਾੜ੍ਹੀ ਦੀ ਫ਼ਸਲ ਦੀ ਸਾਰੀ ਵਾਢੀ ਹੱਥਾਂ ਨਾਲ ਹੀ ਹੁੰਦੀ ਸੀ। ਇਸ ਲਈ ਜ਼ਰੂਰਤ ਹੁੰਦੀ ਸੀ ਵਧੇਰੇ ਹੱਥਾਂ ਦੀ ਜਾਂ ਮਜ਼ਦੂਰਾਂ ਦੀ। ਗਰੀਬ ਜਾਂ ਗੈਰ ਕਿਸਾਨੀ ਪਰਿਵਾਰ ਹਾੜ੍ਹੀ ਦੇ ਦਿਨਾਂ ਵਿੱਚ ਪੂਰੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਸਾਰੇ ਸਾਲ ਦੇ ਦਾਣੇ ਇਕੱਠੇ ਕਰ ਲੈਂਦੇ। ਕਹਿਣ ਦਾ ਭਾਵ ਕਿ ਹਰ ਗਰੀਬ-ਅਮੀਰ ਦੇ ਘਰ ਦਾਣੇ ਆ ਜਾਂਦੇ।
ਹਰ ਪਰਿਵਾਰ ਲਈ ਅੰਨ ਪਹਿਲੀ ਲੋੜ ਹੈ, ਇਸ ਲਈ ਪੰਜਾਬ ਦਾ ਹਰ ਘਰ ਖੁਸ਼ ਨਸੀਬ ਹੁੰਦਾ ਸੀ। ਰੋਟੀ ਦੀ ਚਿੰਤਾ ਨਾ ਹੋਣ ਕਾਰਨ ਪੰਜਾਬ, ਵਿਦਿਅਕ, ਸਮਾਜਿਕ, ਰਾਜਨੀਤਕ ਅਤੇ ਸਰੀਰਕ ਪੱਖੋਂ ਮੋਹਰੀ ਸੂਬਾ ਬਣਿਆ ਰਿਹਾ। ਇਸ ਦੇ ਨਾਲ ਹੀ ਪੰਜਾਬ ਨੇ ਆਪਣੇ ਸੱਭਿਆਚਾਰਕ ਵਿਰਸੇ ਨੂੰ ਵੀ ਨਿਵੇਕਲਾ ਬਣਾ ਲਿਆ। ਖਾਣ-ਪੀਣ ਅਤੇ ਪਹਿਨਣ ਵਿੱਚ ਪੰਜਾਬੀਆਂ ਦੀ ਕੋਈ ਹੋਰ ਸੂਬਾ ਰੀਸ ਨਾ ਕਰ ਸਕਿਆ। ਇਸੇ ਗੱਲ ਨੇ ਪੰਜਾਬ ਨੂੰ ਦੂਜਿਆਂ ਦੀ ਮਦਦ ਕਰਨ ਅਤੇ ਦਾਨ ਦੇਣ ਦੀ ਪ੍ਰਕਿਰਿਆ ਨੂੰ ਵੱਧ ਤੋਂ ਵੱਧ ਅਪਣਾਉਣ ਦਾ ਮੌਕਾ ਦਿੱਤਾ। ਹਰ ਘਰ ਵਿੱਚੋਂ ਦੁੱਧ, ਦਹੀਂ ਅਤੇ ਲੱਸੀ ਦੂਜੇ ਲੋਕਾਂ ਨੂੰ ਮੁਫ਼ਤ ਦਿੱਤੇ ਜਾਂਦੇ ਅਤੇ ਪੰਜਾਬੀਆਂ ਨੇ ਤਾਂ ਥਾਂ-ਥਾਂ ਲੰਗਰ ਲਗਾ ਕੇ ਕਿਸੇ ਨੂੰ ਵੀ ਭੁੱਖੇ ਪੇਟ ਨਹੀਂ ਛੱਡਿਆ।
ਪੰਜਾਬੀਆਂ ਦੀ ਇਸੇ ਖੁੱਲ੍ਹ-ਦਿਲੀ ਅਤੇ ਸੇਵਾ ਭਾਵਨਾ ਸਦਕਾ ਉਨ੍ਹਾਂ ਦਿਨਾਂ ਵਿੱਚ ਜਦੋਂ ਹਰ ਪੰਜਾਬੀ ਦੇ ਘਰ ਵਾਢੀਆਂ ਤੋਂ ਬਾਅਦ ਦਾਣਿਆਂ ਨਾਲ ਭਰ ਜਾਂਦੇ ਤਾਂ ਇੱਕ ਹੋਰ ਸੱਭਿਆਚਾਰਕ ਰੰਗ ਦੇਖਣ ਨੂੰ ਮਿਲਦਾ। ਉਹ ਸੀ ਪਿੰਡਾਂ ਵਿੱਚ ਤਮਾਸ਼ੇ ਦਿਖਾਉਣ ਵਾਲਿਆਂ ਦਾ। ਤਰ੍ਹਾਂ-ਤਰ੍ਹਾਂ ਦੇ ਲੋਕ ਆਪਣੇ ਪਰਿਵਾਰਾਂ ਦੇ ਪੇਟ ਪਾਲਣ ਲਈ ਪਿੰਡਾਂ ਵਿੱਚੋਂ ਦਾਣੇ ਇਕੱਠੇ ਕਰਨ ਲਈ ਨਵੇਂ-ਨਵੇਂ ਰੰਗ ਦਿਖਾਉਂਦੇ। ਕੋਈ ਬਾਂਦਰ-ਬਾਂਦਰੀ ਦਾ ਨਾਚ ਦਿਖਾਉਂਦਾ, ਕੋਈ ਬੱਕਰਾ-ਭਾਲੂ ਲੈ ਕੇ ਪਿੰਡ ਵਿੱਚ ਆਉਂਦਾ, ਕੋਈ ਕਿਸੇ ਛੋਟੇ ਬੱਚੇ ਨੂੰ ਜਮੂਰੇ ਦੇ ਰੂਪ ਵਿੱਚ ਮਦਾਰੀ ਬਣ ਕੇ ਆਉਂਦਾ ਜਾਂ ਬਾਜ਼ੀਗਰ ਪਿੰਡਾਂ ਦੇ ਵੱਡੇ ਇਕੱਠਾ ਵਿੱਚ ਬਾਜ਼ੀ ਪਾ ਕੇ ਦਿਖਾਉਣ ਦਾ ਕੰਮ ਕਰਦੇ। ਇਹ ਸਭ ਲੋਕ ਪੈਸੇ ਦੀ ਥਾਂ ਅਨਾਜ ਨੂੰ ਤਰਜੀਹ ਦਿੰਦੇ ਅਤੇ ਸਭ ਘਰਾਂ ‘ਚੋਂ ਜੋ ਬੱਚੇ ਇਨ੍ਹਾਂ ਦੇ ਤਮਾਸ਼ੇ ਦੇਖਣ ਆਉਂਦੇ, ਤਮਾਸ਼ਾ ਖਤਮ ਹੁੰਦਿਆਂ ਹੀ ਦਾਣਿਆਂ ਦੀਆਂ ਬਾਟੀਆਂ ਭਰ-ਭਰ ਲੈ ਆਉਂਦੇ। ਥੋੜ੍ਹੇ ਸਮੇਂ ਵਿੱਚ ਹੀ ਉਸ ਤਮਾਸ਼ਾ ਦਿਖਾਉਣ ਵਾਲੇ ਦੀ ਝੋਲੀ ਦਾਣਿਆਂ ਨਾਲ ਭਰ ਜਾਂਦੀ। ਗਰਮੀ ਦੇ ਦਿਨਾਂ ਵਿੱਚ ਤਾਂ ਉਹ ਪਿੰਡ ਦੇ ਦਰਵਾਜ਼ੇ ਦੁਪਹਿਰ ਨੂੰ ਟਿਕ ਜਾਂਦੇ, ਨਾਲ ਹੀ ਉਨ੍ਹਾਂ ਨੂੰ ਪਿੰਡ ਵਿੱਚੋਂ ਖਾਣ-ਪੀਣ ਲਈ ਖੁੱਲ੍ਹਾ ਮਿਲ ਜਾਂਦਾ। ਇਸੇ ਬਹਾਨੇ ਪਿੰਡ ਦੇ ਬੱਚੇ ਖੁਸ਼ ਹੋ ਜਾਂਦੇ ਅਤੇ ਉਹ ਕਈ-ਕਈ ਦਿਨ ਉਸ ਤਮਾਸ਼ੇ ਬਾਰੇ ਗੱਲਾਂ ਕਰਦੇ ਰਹਿੰਦੇ।
ਜਦੋਂ ਵੀ ਕੋਈ ਤਮਾਸ਼ੇ ਵਾਲਾ ਪਿੰਡ ਵਿੱਚ ਆ ਕੇ ਡੁਗਡੁਗੀ ਵਜਾਉਂਦਾ ਤਾਂ ਪਿੰਡ ਦੇ ਨਿਆਣੇ ਘਰਾਂ ‘ਚੋਂ ਨਿਕਲ ਪਿੰਡ ਦੀ ਸੱਥ ਵਿੱਚ ਪਹੁੰਚ ਜਾਂਦੇ ਅਤੇ ਤਮਾਸ਼ੇ ਵਾਲੇ ਦੇ ਗਿਰਦ ਝੁਰਮਟ ਬਣਾ ਲੈਂਦੇ। ਜਦੋਂ ਤਮਾਸ਼ੇ ਵਾਲਾ ਆਪਣੇ ਜਮੂਰੇ ਨੂੰ ਫੜ ਕੇ ਉਸ ਦੇ ਕੰਨਾਂ ਵਿੱਚੋਂ ਜਾਂ ਕੱਛਾਂ ਥੱਲਿਓਂ ਸਿੱਕੇ ਕੱਢਦਾ ਤਾਂ ਬੱਚੇ ਹੈਰਾਨੀ ਵਿੱਚ ਖੁਸ਼ ਹੋ ਕੇ ਤਾੜੀਆਂ ਮਾਰਦੇ। ਜਦੋਂ ਕਦੇ ਬਾਂਦਰ-ਬਾਂਦਰੀ ਵਾਲਾ ਆਪਣੇ ਬਾਂਦਰ ਨੂੰ ਬਾਂਦਰੀ ਨੂੰ ਲਿਆਉਣ ਲਈ ਸਹੁਰੇ ਭੇਜਦਾ ਅਤੇ ਬਾਂਦਰੀ ਉਸ ਦੇ ਨਾਲ ਆਉਣ ਤੋਂ ਇਨਕਾਰ ਕਰ ਦਿੰਦੀ ਤਾਂ ਬਾਂਦਰ ਸੋਟੀ ਲੈ ਕੇ ਬਾਂਦਰੀ ਨੂੰ ਮਾਰਨ ਦੌੜਦਾ, ਇਹ ਦੇਖ ਬੱਚੇ ਕਿਲਕਾਰੀਆਂ ਮਾਰ-ਮਾਰ ਹੱਸਦੇ ਅਤੇ ਫਿਰ ਦਾਣਿਆਂ ਨਾਲ ਮਦਾਰੀ ਦੀ ਝੋਲੀ ਭਰ ਦਿੰਦੇ। ਪਿੰਡਾਂ ਵਿੱਚ ਇਨ੍ਹਾਂ ਤਮਾਸ਼ਿਆਂ ਨੂੰ ਕੇਵਲ ਬੱਚੇ ਹੀ ਨਹੀਂ ਸਨ ਦੇਖਦੇ ਸਗੋਂ ਵੱਡੇ ਅਤੇ ਔਰਤਾਂ ਵੀ ਬੜੇ ਚਾਅ ਨਾਲ ਦੇਖਦੀਆਂ। ਕਈ ਵਾਰ ਤਾਂ ਪਿੰਡਾਂ ਵਿੱਚ ਸੱਪ ਦਿਖਾਉਣ ਵਾਲੇ ਜੋਗੀ ਆ ਕੇ ਮਜਮਾਂ ਲਗਾਉਂਦੇ ਅਤੇ ਪਿੰਡ ਵਾਲੇ ਜ਼ਹਿਰੀਲੇ ਸੱਪਾਂ ਦੇ ਕਰਤੱਵ ਦੇਖ, ਸਪੇਰੇ ਦੀ ਵਾਹ-ਵਾਹ ਕਰਦੇ ਅਤੇ ਉਸ ਨੂੰ ਵੱਧ ਤੋਂ ਵੱਧ ਦਾਣੇ ਪਾਉਂਦੇ।
ਜਿੱਥੇ ਇਹ ਤਮਾਸ਼ੇ ਵਾਲੇ ਆਪਣੇ ਘਰ ਪਰਿਵਾਰਾਂ ਲਈ ਦਾਣੇ ਇਕੱਠੇ ਕਰ ਲੈਂਦੇ, ਉੱਥੇ ਉਹ ਉਨ੍ਹਾਂ ਦਾਣਿਆਂ ਬਦਲੇ ਪਿੰਡ ਵਾਲਿਆਂ ਦਾ ਭਰਪੂਰ ਮਨੋਰੰਜਨ ਕਰਦੇ। ਪਿੰਡ ਵਾਲੇ ਵੀ ਖੂਬ ਆਨੰਦ ਮਾਣਦੇ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਪਿੰਡਾਂ ਵਿੱਚ ਮਨੋਰੰਜਨ ਦੇ ਸਾਧਨ ਸੀਮਤ ਸਨ। ਇਸ ਤਰ੍ਹਾਂ ਪਿੰਡ ਦੇ ਨਿਆਣਿਆਂ ਲਈ ਤਾਂ ਇਹ ਤਮਾਸ਼ੇ ਵਾਲੇ ਖੁਸ਼ੀ ਦਾ ਪੈਗ਼ਾਮ ਲੈ ਕੇ ਆਉਂਦੇ ਅਤੇ ਬੱਚੇ ਵੀ ਨਵੇਂ-ਨਵੇਂ ਤਮਾਸ਼ੇ ਵਾਲਿਆਂ ਨੂੰ ਉਡੀਕਦੇ ਰਹਿੰਦੇ। ਉਹ ਤਾਂ ਸਮਝਦੇ ਸਨ ਕਿ ਉਨ੍ਹਾਂ ਦਾ ਜੀਵਨ ਇੱਕ ਰੰਗ ਤਮਾਸ਼ਾ ਹੀ ਹੈ ਅਤੇ ਉਹ ਇਨ੍ਹਾਂ ਤਮਾਸ਼ਿਆਂ ਬਾਰੇ ਗੱਲਾਂ ਕਰਦੇ ਨਾ ਥੱਕਦੇ। ਇੱਥੋਂ ਤੱਕ ਕਿ ਜਦੋਂ ਇਕੱਤੀ ਮਾਰਚ ਨੂੰ ਉਨ੍ਹਾਂ ਦੇ ਸਕੂਲਾਂ ਵਿੱਚ ਸਾਲਾਨਾ ਨਤੀਜਾ ਆਉਣਾ ਹੁੰਦਾ ਤਾਂ ਉਹ ਇਸ ਨੂੰ ਵੀ ਤਮਾਸ਼ੇ ਨਾਲ ਜੋੜ ਦਿੰਦੇ ਅਤੇ ਸਵੇਰੇ-ਸਵੇਰੇ ਹੀ ਗਾਉਂਦੇ ਫਿਰਦੇ:
ਅੱਜ ਖੇਲ ਤਮਾਸ਼ਾ ਹੋਵੇਗਾ
ਕੋਈ ਹੱਸੇਗਾ ਕੋਈ ਰੋਵੇਗਾ।
ਸੱਚ ਵਿੱਚ ਹੀ ਪੇਂਡੂ ਬੱਚਿਆਂ ਨੇ ਤਾਂ ਇਨ੍ਹਾਂ ਤਮਾਸ਼ਿਆਂ ਨੂੰ ਆਪਣੇ ਜੀਵਨ ਵਿੱਚ ਹੀ ਅਪਣਾ ਲਿਆ ਸੀ। ਸਰਦੀਆਂ ਵਿੱਚ ਖੇਤਾਂ ਵਿੱਚ ਜੰਮੀਆਂ ਛੋਟੀਆਂ-ਛੋਟੀਆਂ ਹਰੀਆਂ ਕਣਕਾਂ-ਛੋਲਿਆਂ ਨੂੰ ਦੇਖ ਉਹ ਉਡੀਕਾਂ ਕਰਦੇ ਕਿ ਕਦੋਂ ਇਹ ਵੱਡੇ ਹੋ ਕੇ ਵਾਢੀ ਆਵੇਗੀ ਅਤੇ ਫਿਰ ਸਭ ਦੇ ਘਰ ਦਾਣਿਆਂ ਨਾਲ ਭਰ ਜਾਣਗੇ ਅਤੇ ਫਿਰ ਇਨ੍ਹਾਂ ਦਾਣਿਆਂ ਵਾਸਤੇ ਆਉਣਗੇ ਤਰ੍ਹਾਂ-ਤਰ੍ਹਾਂ ਦੇ ਖੇਲ ਤਮਾਸ਼ੇ ਦਿਖਾਉਣ ਵਾਲੇ। ਵਾਢੀਆਂ ਆਉਣ ‘ਤੇ ਉਨ੍ਹਾਂ ਦੇ ਮਨ ਚਾਵਾਂ ਨਾਲ ਭਰ ਜਾਂਦੇ ਅਤੇ ਸ਼ੁਰੂ ਹੋ ਜਾਂਦੀ ਉਡੀਕ ਉਨ੍ਹਾਂ ਤਮਾਸ਼ੇ ਵਾਲਿਆਂ ਦੀ। ਅਜਿਹੇ ਹਰ ਸਾਲ ਵਾਪਰਨ ਵਾਲੇ ਮਾਹੌਲ ਨੂੰ ਦੇਖ ਕੇ ਕਈ ਵਾਰ ਬਜ਼ੁਰਗ ਵੀ ਕਹਿੰਦੇ ਰਹਿੰਦੇ:
ਜਦੋਂ ਘਰ ਆਉਣਗੇ ਦਾਣੇ
ਸ਼ੁਰੂ ਹੋਣਗੇ ਤਮਾਸ਼ੇ ਵਾਲੇ ਆਉਣੇ
ਤਾਂ ਖੁਸ਼ ਹੋਣਗੇ ਪਿੰਡਾਂ ਦੇ ਨਿਆਣੇ।
ਸੰਪਰਕ: 98764-52223