ਕਮਲ ਸਰਾਵਾਂ
ਚੰਗੀ ਚੀਜ਼ ਨੂੰ ਮਸ਼ਹੂਰ ਹੋਣ ਵਿੱਚ ਸਮਾਂ ਲੱਗਦੈ ਤੇ ਕਈ ਵਾਰ ਚੰਗੀ ਚੀਜ਼ ਮਸ਼ਹੂਰ ਹੁੰਦੀ ਨਹੀਂ। ਚੰਗੀ ਚੀਜ਼ ਨੂੰ ਚੰਗੇ ਲੋਕ ਹੀ ਪਸੰਦ ਕਰਦੇ ਹਨ। ਚੰਗਿਆਈ ਤੇ ਬੁਰਿਆਈ ਵਿੱਚ ਮੁਕਾਬਲਾ ਪੂਰੀ ਟੱਕਰ ਦਾ ਹੈ। ਇਸ ਯੁੱਗ ਵਿੱਚ ਹੀ ਨਹੀਂ, ਹਰ ਯੁੱਗ ਵਿੱਚ ਨੇਕੀ ਤੇ ਬਦੀ ਦਾ ਇਹ ਯੁੱਧ ਬੇਰੋਕ ਚੱਲਦਾ ਰਹਿੰਦਾ ਹੈ। ਸਹੀ ਗਲਤ ਦਾ ਫ਼ੈਸਲਾ ਕਰਨਾ ਇਸ ਕਰਕੇ ਮੁਮਕਿਨ ਨਹੀਂ ਹੁੰਦਾ ਕਿਉਂਕਿ ਸਹੀ ਗਲਤ, ਚੰਗਾ ਮਾੜਾ, ਸੱਚਾ ਝੂਠਾ ਜਾਣਨ ਲਈ ਬਣਾਏ ਗਏ ਪੈਮਾਨੇ ਸਮੇਂ ਤੇ ਸਥਿਤੀ ਅਨੁਸਾਰ ਬਦਲਦੇ ਰਹਿੰਦੇ ਹਨ। ਹਮੇਸ਼ਾਂ ਸੱਚ ਬੋਲੋ, ਪਰ ਜਿਸ ਝੂਠ ਨਾਲ ਕਿਸੇ ਦੇ ਚਿਹਰੇ ‘ਤੇ ਮੁਸਕਾਨ ਆਵੇ, ਉਹ ਝੂਠ ਵੀ ਮਾੜਾ ਨਹੀਂ।
ਇਹ ਜ਼ਿੰਦਗੀ ਦਾ ਆਮ ਵਰਤਾਰਾ ਹੈ। ਭਗਤ ਸਿੰਘ ਤਾਂ ਚਾਹੀਦਾ ਹੈ, ਪਰ ਅਸੀਂ ਨਹੀਂ ਬਣ ਸਕਦੇ। ਹੀਰ ਤਾਂ ਜਨਮ ਲਵੇ, ਪਰ ਸਾਡੇ ਘਰ ਨਹੀਂ। ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ ਵੀ ਦੂਜਿਆਂ ਦੀਆਂ ਕਮੀਆਂ ਕੱਢਦੇ ਨਜ਼ਰ ਆ ਜਾਂਦੇ ਹਨ। ਕੰਮ ਕਰਨ ਤੋਂ ਭੱਜਣ ਵਾਲੇ ਵੀ ਦੂਜੇ ਦੇ ਕੰਮਚੋਰ ਹੋਣ ‘ਤੇ ਤਨਜ਼ ਕੱਸਦੇ ਹਨ।
ਸਾਨੂੰ ਖੁਸ਼ਬੂ ਚਾਹੀਦੀ ਐ, ਫੁੱਲ ਅਸੀਂ ਬੀਜਣੇ ਨਹੀਂ। ਛਾਂ, ਫ਼ਲ, ਫੁੱਲ ਸਾਨੂੰ ਚਾਹੀਦੇ ਹਨ, ਪਰ ਦਰੱਖਤ ਅਸੀਂ ਲਾਉਣੇ ਨਹੀਂ। ਅਸੀਂ ਦਰੱਖਤ ਵੀ ਕੱਟਣੇ ਹਨ, ਰਾਹਾਂ ਵਿੱਚ ਛਾਂਦਾਰ ਸੰਘਣੇ ਰੁੱਖ ਵੀ ਚਾਹੀਦੇ ਹਨ। ਦੁਨੀਆ ਬਦਲਣ ਦੀ ਸੋਚਦੇ ਹਾਂ, ਪਰ ਆਪਣੀ ਕੋਈ ਇੱਕ ਵੀ ਆਦਤ ਬਦਲਣ ਲਈ ਕਿਹਾ ਜਾਵੇ ਤਾਂ ਪੱਲਾ ਝਾੜ ਦਿੰਦੇ ਹਾਂ। ਗਲਤੀ ਲੀਡਰਾਂ ਦੀ ਕੱਢ ਦਿੰਦੇ ਹਾਂ, ਸਹੀ ਅਸੀਂ ਖੁਦ ਵੀ ਨਹੀਂ। ਲੀਡਰ, ਸਿਆਸਤਦਾਨ ਇਸੇ ਸਮਾਜ ਵਿੱਚੋਂ ਨੇ, ਜਿੱਥੇ ਗੱਲ ਗੱਲ ਉੱਤੇ ਝੂਠ ਬੋਲ ਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਲਿਆ ਜਾਂਦਾ। ਮਿੱਠੀਆਂ ਗੱਲਾਂ ਕਰ ਕੇ ਭਰੋਸਾ ਜਿੱਤਦੇ ਹਾਂ ਤੇ ਮਤਲਬ ਕੱਢ ਕੇ ਆਪਣਾ ਚਿਹਰਾ ਇੰਝ ਬਦਲ ਲੈਂਦੇ ਹਾਂ, ਜਿਵੇਂ ਅਸੀਂ ਕੋਈ ਹੋਰ ਹਾਂ ਤੇ ਪਹਿਲਾਂ ਵਾਲਾ ਇਨਸਾਨ ਕੋਈ ਹੋਰ ਸੀ। ਸਾਡਾ ਇਹ ਕੰਮ ਸਿਆਣਪ ਤੇ ਹੁਸ਼ਿਆਰੀ ਲੱਗਦਾ ਹੈ।
ਬੱਚਿਆਂ ਅੱਗੇ ਝੂਠ ਤੂਫ਼ਾਨ ਬੋਲ ਕੇ ਮਾਂ ਪਿਉ ਉਮੀਦ ਰੱਖਦੇ ਹਨ ਕਿ ਬੱਚੇ ਸਾਡੇ ਅੱਗੇ ਹਮੇਸ਼ਾਂ ਸੱਚ ਬੋਲਣ। ਬੱਚਿਆਂ ਅੱਗੇ ਆਪਣੇ ਮਾਂ ਬਾਪ ਦੀ ਬੇਕਦਰੀ ਤੇ ਜ਼ਲਾਲਤ ਕਰ ਕੇ ਮਾਂ ਬਾਪ ਆਪਣੇ ਬੱਚਿਆਂ ਤੋਂ ਉਮੀਦ ਰੱਖਦੇ ਹਨ ਕਿ ਸਾਡੇ ਬੱਚੇ ਬੁਢਾਪੇ ਵਿੱਚ ਸਾਡੀ ਸੇਵਾ ਕਰਨਗੇ। ਜੋ ਬੀਜਿਆ ਹੈ, ਓਹੀ ਵੱਢਣਾ ਪੈਂਦਾ ਹੈ। ਜੋ ਬੋਲਿਆ ਹੈ, ਉਹੀ ਸੁਣਨਾ ਪੈਂਦਾ ਹੈ। ਇਨਸਾਨ ਜੋ ਕੁਝ ਕਹਿੰਦਾ ਹੈ, ਜੋ ਕੁਝ ਸੁਣਦਾ ਹੈ, ਜ਼ਿੰਦਗੀ ਭਰ ਉਹੀ ਗੱਲਾਂ ਇਨਸਾਨ ਦਾ ਪਿੱਛਾ ਕਰਦੀਆਂ ਰਹਿੰਦੀਆਂ ਹਨ।
ਚੰਗੇ ਅਫ਼ਸਰ ਸਾਨੂੰ ਚਾਹੀਦੇ ਹਨ, ਚੰਗੇ ਅਧਿਆਪਕ ਸਾਨੂੰ ਚਾਹੀਦੇ ਹਨ, ਚੰਗੇ ਡਾਕਟਰ ਸਾਨੂੰ ਚਾਹੀਦੇ ਹਨ, ਪਰ ਚੰਗਿਆਂ ਨੂੰ ਚੰਗਾ ਰਹਿ ਕੇ ਕੰਮ ਨਹੀਂ ਕਰਨ ਦਿੰਦੇ, ਚੰਗਿਆਂ ਨੂੰ ਚੰਗੇ ਰਹਿਣ ਨਹੀਂ ਦਿੰਦੇ। ਬੁਰਿਆਂ ਤੋਂ ਨਹੀਂ, ਸਾਨੂੰ ਚੰਗਿਆਂ ਤੋਂ ਡਰ ਲੱਗਦਾ ਹੈ। ਝੂਠਿਆਂ ਤੋਂ ਨਹੀਂ ਸਾਨੂੰ ਸੱਚੇ ਬੰਦਿਆਂ ਤੋਂ ਭੈਅ ਆਉਂਦਾ ਹੈ। ਅਸੀਂ ਜ਼ਿੰਮੇਵਾਰੀਆਂ ਤੋਂ ਭੱਜਣ ਵਾਲੇ ਹਾਂ, ਇਸ ਕਰਕੇ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਵਾਲਿਆਂ ਤੋਂ ਸਾਨੂੰ ਡਰ ਲੱਗਦਾ ਹੈ।
ਅਸੀਂ ਜਿਸ ਤਰ੍ਹਾਂ ਦਾ ਮਾਹੌਲ ਆਉਣ ਵਾਲੀ ਨਸਲ ਨੂੰ ਦੇਵਾਂਗੇ, ਉਹੋ ਜਿਹਾ ਉਸ ਨੇ ਬਣ ਜਾਣੈ। ਸਾਨੂੰ ਲੱਗਦਾ ਹੈ ਕਿ ਪੈਸਾ ਹੀ ਸਭ ਕੁਝ ਹੈ। ਸੋ ਬੱਚੇ ਇਹੀ ਸੱਚ ਮੰਨ ਕੇ ਬੈਠ ਗਏ। ਪੈਸੇ ਅੱਗੇ ਸਭ ਰਿਸ਼ਤੇ ਨਾਤੇ ਫਾਲਤੂ ਹਨ। ਅਸੀਂ ਬੱਚਿਆਂ ਨੂੰ ਸਿਰਫ਼ ਜਿੱਤਣਾ ਸਿਖਾਇਆ ਹੈ, ਅਸੀਂ ਬੱਚਿਆਂ ਨੂੰ ਸਿਰਫ਼ ਲੜਨਾ ਸਿਖਾਇਆ, ਅਸੀਂ ਗੁੱਸਾ ਕਰਨਾ, ਨਫ਼ਰਤ ਕਰਨੀ ਸਿਖਾਈ, ਅਸੀਂ ਉਨ੍ਹਾਂ ਨੂੰ ਸਿਰਫ਼ ਦੌੜਨਾ ਸਿਖਾਇਆ ਹੈ। ਸੋ ਅੱਜ ਇਹ ਆਲਮ ਹੈ ਕਿ ਜਦੋਂ ਉਹ ਹਾਰ ਜਾਂਦੇ ਹਨ ਤਾਂ ਖੁਦਕੁਸ਼ੀ ਕਰਨ ਦੀ ਸੋਚਦੇ ਹਨ। ਬੱਚੇ ਇੱਕ ਦੂਜੇ ਨਾਲ ਲੜਦੇ ਹਨ, ਸ਼ਾਂਤ ਹੋ ਕੇ ਰਲ ਮਿਲ ਕੇ ਬੈਠਣਾ ਉਨ੍ਹਾਂ ਨੂੰ ਨਹੀਂ ਆਉਂਦਾ, ਅਸੀਂ ਉਨ੍ਹਾਂ ਨੂੰ ਸਭ ਕੁਝ ਦੇ ਕੇ ਤੋਰਦੇ ਹਾਂ ਕਿ ਕਿਸੇ ਨੂੰ ਬੁਲਾਉਣਾ ਤੱਕ ਨਹੀਂ, ਕਿਸੇ ਤੱਕ ਲੋੜ ਨਾ ਪਵੇ, ਉਨ੍ਹਾਂ ਨੂੰ ਅਸੀਂ ਇਕੱਲੇ ਰਹਿਣ ‘ਤੇ ਮਜਬੂਰ ਕਰਦੇ ਹਾਂ, ਗੁੱਸਾ ਤੇ ਨਫ਼ਰਤ ਕਰਨ ਵਿੱਚ ਉਹ ਇੰਨੇ ਮਸ਼ਰੂਫ਼ ਹੋ ਜਾਂਦੇ ਹਨ ਕਿ ਪਿਆਰ ਲਈ ਉਨ੍ਹਾਂ ਕੋਲ ਸਮਾਂ ਨਹੀਂ ਰਹਿੰਦਾ। ਉਹ ਪਿਆਰ ਦਾ ਅਹਿਸਾਸ ਤੱਕ ਭੁੱਲ ਜਾਂਦੇ ਹਨ, ਫਿਰ ਕਿਸੇ ਨੂੰ ਵੀ ਪਿਆਰ ਨਹੀਂ ਕਰ ਪਾਉਂਦੇ, ਸਾਨੂੰ ਵੀ ਨਹੀਂ, ਦੌੜਦੇ ਦੌੜਦੇ ਉਹ ਬੇਵੱਸ ਹੋ ਕੇ ਡਿੱਗ ਪੈਂਦੇ ਹਨ। ਅਸੀਂ ਰੁਕ ਕੇ ਆਸੇ ਪਾਸੇ ਦੇਖਣਾ, ਆਰਾਮ ਕਰਨਾ, ਭੱਜਣ ਦੀ ਦਿਸ਼ਾ ਨੂੰ ਦੇਖਣਾ ਤੱਕ ਨਹੀਂ ਸਿਖਾਉਂਦੇ।
ਬਾਬਾ ਸਾਹਿਬ ਕਹਿੰਦੇ ਨੇ ਕਿ ਕਿੰਨੀ ਦੂਰੀ ਤੈਅ ਕਰ ਲਈ, ਇਹ ਮਹੱਤਵਪੂਰਨ ਨਹੀਂ, ਬਲਕਿ ਕਿਸ ਦਿਸ਼ਾ ਵੱਲ ਅਸੀਂ ਜਾ ਰਹੇ ਹਾਂ, ਇਹ ਮਹੱਤਵਪੂਰਨ ਹੈ। ਲੰਮੇ ਰਸਤੇ ਤਾਂ ਉਹ ਤੈਅ ਕਰ ਲੈਂਦੇ ਹਨ, ਪਰ ਰਸਤੇ ਬਿਖੜੇ ਤੇ ਦਿਸ਼ਾ ਗਲਤ। ਰਾਹ ਐਸੇ ਫੜ ਲੈਂਦੇ ਹਨ ਕਿ ਵਾਪਸੀ ਮੁਮਕਿਨ ਨਹੀਂ ਰਹਿੰਦੀ। ਇਸ ਵਿੱਚ ਉਨ੍ਹਾਂ ਦੀ ਗਲਤੀ ਘੱਟ, ਸਾਡਾ ਗੁਨਾਹ ਜ਼ਿਆਦਾ ਹੁੰਦਾ। ਤੰਗੀਆਂ ਤੁਰਸ਼ੀਆਂ ਝੱਲਣ ਵਾਲੇ ਸਹੂਲਤਾਂ ਹਾਸਲ ਕਰਨ ਦੀ ਖਾਹਿਸ਼ ਵਿੱਚ ਆਪਣੀ ਮੰਜ਼ਿਲ ਦਾ ਰਸਤਾ ਫੜ ਲੈਂਦੇ ਹਨ। ਅਸੀਂ ਬੱਚਿਆਂ ਨੂੰ ਸਭ ਸਹੂਲਤਾਂ ਦੇ ਕੇ ਇਹ ਸ਼ਿਕਾਇਤ ਕਰਦੇ ਹਾਂ ਕਿ ਬੱਚੇ ਕੋਈ ਕੰਮ ਨਹੀਂ ਕਰਦੇ, ਬੱਚੇ ਪੜ੍ਹਦੇ ਨਹੀਂ। ਸਵਾਲ ਇਹ ਪੈਦਾ ਹੁੰਦਾ ਕਿ ਉਹ ਕਿਉਂ ਪੜ੍ਹਨ, ਕਾਹਦੇ ਲਈ ਪੜ੍ਹਨ? ਸਭ ਕੁਝ ਦੇ ਕੇ, ਹਰ ਸਹੂਲਤ ਅਦਾ ਕਰ ਕੇ ਅਸੀਂ ਉਨ੍ਹਾਂ ਤੋਂ ਕੀ ਕਰਵਾ ਲਵਾਂਗੇ। ਥੁੜ੍ਹਾਂ, ਤੰਗੀਆਂ ਤੇ ਵਕਤ ਦੀਆਂ ਮਾਰਾਂ ਝੱਲਣ ਵਾਲਿਆਂ ਨੂੰ ਜ਼ਿੰਦਗੀ ਵਿੱਚ ਮਕਸਦ ਬਚਪਨ ਤੋਂ ਹੀ ਮਿਲ ਜਾਂਦੇ ਹਨ। ਉਹ ਬਚਪਨ ਵਿੱਚ ਹੀ ਔਖੇ ਤੇ ਲੰਮੇ ਰਸਤਿਆਂ ਉੱਪਰ ਚੱਲ ਪੈਂਦੇ ਹਨ। ਜ਼ਿਆਦਾ ਆਸਾਨ ਹਾਲਤਾਂ ਵਿੱਚ ਜੰਮੇ ਪਲੇ ਬੱਚੇ ਜ਼ਿਆਦਾ ਲੰਮੇ ਸਫ਼ਰ ਤੈਅ ਨਹੀਂ ਕਰਦੇ, ਉਹ ਬਹੁਤ ਜਲਦੀ ਜ਼ਿੰਦਗੀ ਤੋਂ ਉਕਤਾਅ ਜਾਇਆ ਕਰਦੇ ਹਨ। ਮੁਸ਼ਕਿਲਾਂ ਮਾਰਦੀਆਂ ਨਹੀਂ, ਮਜ਼ਬੂਤ ਕਰਦੀਆਂ ਹਨ। ਕੱਚੇ ਰੰਗ ਜਲਦੀ ਲਹਿ ਜਾਂਦੇ ਹਨ, ਕਮਜ਼ੋਰ ਇਰਾਦਿਆਂ ਵਾਲੇ ਜਲਦੀ ਹਾਰ ਮੰਨ ਲੈਂਦੇ ਹਨ, ਜ਼ਿੰਦਗੀ ਦੇ ਲੰਮੇਰੇ ਸਫ਼ਰ ਲਈ ਮਜ਼ਬੂਤ ਇਰਾਦਾ, ਉੱਚੀ ਸੋਚ ਤੇ ਸਬਰਦਾਰ ਹੋਣਾ ਬਹੁਤ ਲਾਜ਼ਮੀ ਹੈ। ਸਹੂਲਤਾਂ ਤੇ ਪੈਸਾ ਇਨਸਾਨ ਨੂੰ ਲੈ ਕੇ ਕਿਤੇ ਨਹੀਂ ਜਾਂਦੇ। ਜੇ ਬੱਚੇ ਦਾ ਮਿਹਨਤ ਕਰਨ ਦਾ ਸੁਭਾਅ ਹੋਵੇਗਾ ਤਾਂ ਉਹ ਤੁਹਾਡੀ ਜਾਇਦਾਦ ਵਿੱਚ ਦਿਲਚਸਪੀ ਨਹੀਂ ਦਿਖਾਏਗਾ, ਪਰ ਜੇ ਔਲਾਦ ਮਿਹਨਤੀ ਨਹੀਂ ਤਾਂ ਚਾਹੇ ਕਰੋੜਾਂ ਦੀ ਜਾਇਦਾਦ ਛੱਡ ਜਾਵੋ, ਉਹ ਵੀ ਉਸ ਲਈ ਘੱਟ ਰਹੇਗੀ। ਮੁਸ਼ਕਿਲਾਂ ਸਭ ਲਈ ਇੱਕੋ ਜਿਹੀਆਂ ਹੀ ਹੁੰਦੀਆਂ ਹਨ, ਫ਼ਰਕ ਨਜ਼ਰੀਏ ਦਾ ਹੁੰਦਾ ਹੈ। ਤੁਰਦਿਆਂ, ਚੱਲਦਿਆਂ, ਦੌੜਦਿਆਂ ਡਿੱਗਣਾ ਕੁਦਰਤੀ ਹੀ ਹੈ, ਪਰ ਡਿੱਗਣ ਤੋਂ ਬਾਅਦ ਡਿੱਗੇ ਹੀ ਰਹਿਣਾ ਹੈ ਜਾਂ ਉੱਠ ਫਿਰ ਤੋਂ ਖੜ੍ਹੇ ਹੋਣਾ ਤੇ ਚੱਲਣਾ ਹੈ, ਇਹ ਸਾਡਾ ਆਪਣਾ ਫੈਸਲਾ ਹੁੰਦਾ ਹੈ।
ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 99156-81496