ਮੁੰਬਈ: ਫਿਲਮ ਅਦਾਕਾਰ ਸਨੀ ਦਿਓਲ ਆਪਣੀ ਨਵੀਂ ਫ਼ਿਲਮ ‘ਸੂਰਿਆ’ ਦੀ ਸ਼ੂਟਿੰਗ ਲਈ ਜੈਪੁਰ ਵਿੱਚ ਹੈ। ਇਹ ਫ਼ਿਲਮ ਮਲਿਆਲਮ ਕ੍ਰਾਈਮ ਥ੍ਰਿਲਰ ‘ਜੋਸਫ’ ਦਾ ਹਿੰਦੀ ਰੀਮੇਕ ਹੈ ਅਤੇ ਇਸ ਫਿਲਮ ਲਈ ਸਨੀ ਦਿਓਲ ਵੱਲੋਂ ਅਪਣਾਈ ਗਈ ਦਿੱਖ ਸਾਹਮਣੇ ਆਈ ਹੈ। ਤਸਵੀਰ ਵਿੱਚ ਸਨੀ ਦਿਓਲ ਨੇ ਸੰਘਣੀ ਦਾੜ੍ਹੀ ਰੱਖੀ ਹੋਈ ਹੈ ਤੇ ਵਾਲ ਪਿੱਛੇ ਨੂੰ ਵਾਹੇ ਹੋਏ ਹਨ। ਅਦਾਕਾਰ ਸਾਧਾਰਨ ਭੂਰੇ ਰੰਗ ਦੀ ਕਮੀਜ਼, ਸਲੇਟੀ ਰੰਗ ਦੀ ਪੈਂਟ ਤੇ ਭੂਰੇ ਰੰਗ ਦੇ ਸੈਂਡਲ ਪਾ ਕੇ ਪੌੜੀਆਂ ‘ਤੇ ਬੈਠਾ ਨਜ਼ਰ ਆ ਰਿਹਾ ਹੈ। ਫ਼ਿਲਮ ਦੇ ਇਕ ਸੂਤਰ ਨੇ ਸਨੀ ਦੇ ਫਿਲਮ ਵਿਚਲੇ ਕਿਰਦਾਰ ਬਾਰੇ ਦੱਸਿਆ, ”ਉਸ (ਸਨੀ ਦਿਓਲ) ਕੋਲ ਸਾਰੀਆਂ ਖੁਸ਼ੀਆਂ ਸਨ, ਜੋ ਜ਼ਿੰਦਗੀ ਦੇ ਸਫ਼ਰ ਨੇ ਉਸ ਤੋਂ ਖੋਹ ਲਈਆਂ ਅਤੇ ਉਸ ਕੋਲ ਸਿਰਫ਼ ਨਫ਼ਰਤ, ਗੁੱਸਾ ਅਤੇ ਬਦਲਾ ਹੀ ਰਹਿ ਗਿਆ। ਪਰ ਫਿਰ ‘ਸੂਰਿਆ’ ਨੂੰ ਇਕ ਮਕਸਦ ਮਿਲਦਾ ਹੈ।’ ਫਿਲਮ ਦਾ ਨਿਰਦੇਸ਼ਨ ਐੱਮ. ਪਦਮ ਕੁਮਾਰ ਕਰਨਗੇ। ਮੂਲ ਫਿਲਮ ਦਾ ਨਿਰਦੇਸ਼ਨ ਵੀ ਉਨ੍ਹਾਂ ਹੀ ਕੀਤਾ ਹੈ। ਫਿਲਮ ਬਾਰੇ ਹੋਰ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਇਸ ਤੋਂ ਇਲਾਵਾ ਸਨੀ ਦਿਓਲ ‘ਗਦਰ 2’ ਅਤੇ ‘ਅਪਨੇ 2’ ਵਿੱਚ ਵੀ ਦਿਖਾਈ ਦੇਵੇਗਾ। -ਆਈਏਐੱਨਐੱਸ