ਮੁੰਬਈ: ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਪੀਪਲ ਫਾਰ ਦਿ ਐਥੀਕਲ ਟਰੀਟਮੈਂਟ ਆਫ ਐਨੀਮਲਜ਼ (ਪੇਟਾ) ਇੰਡੀਆ ਲਈ ਇੱਕ ਨਵੀਂ ਮੁਹਿੰਮ ਵਿੱਚ ਭਾਗ ਲਿਆ ਹੈ, ਜੋ ਪ੍ਰਸ਼ੰਸਕਾਂ ਨੂੰ ਚਮੜੇ ਦੀ ਵਰਤੋਂ ਦੀ ਥਾਂ ਚਮੜੇ ਤੋਂ ਬਿਨਾ ਬਣੇ ਹੋਰ ਉਤਪਾਦ ਪਹਿਨਣ ਲਈ ਪ੍ਰੇਰਿਤ ਕਰ ਰਹੀ ਹੈ। ਇਸ ਮੁਹਿੰਮ ਲਈ ਸੋਨਾਕਸ਼ੀ ਇੱਕ ਬੈਗ ਫੜੀ ਦਿਖਾਈ ਦੇ ਰਹੀ ਹੈ, ਜਿਸ ‘ਚੋਂ ਖ਼ੂਨ ਟਪਕ ਰਿਹਾ ਹੈ। ਇਸ ਨਾਲ ਉਹ 1.4 ਅਰਬ ਤੋਂ ਵੱਧ ਗਾਵਾਂ, ਕੁੱਤਿਆਂ, ਬਿੱਲੀਆਂ, ਭੇਡਾਂ ਅਤੇ ਬੱਕਰੀਆਂ ਸਮੇਤ ਲੱਖਾਂ ਹੋਰ ਜਾਨਵਰਾਂ ਵੱਲ ਲੋਕਾਂ ਦਾ ਧਿਆਨ ਖਿੱਚ ਰਹੀ ਹੈ, ਜਿਨ੍ਹਾਂ ਨੂੰ ਹਰ ਸਾਲ ਚਮੜੇ ਲਈ ਮਾਰ ਦਿੱਤਾ ਜਾਂਦਾ ਹੈ। ਸੋਨਾਕਸ਼ੀ ਨੇ ਕਿਹਾ, ”ਗਾਂ ਅਤੇ ਮੱਝ ਬੁੱਧੀਮਾਨ, ਭਾਵੁਕ ਜਾਨਵਰ ਹਨ, ਜੋ ਆਪਣੇ ਪਰਿਵਾਰ ਤੋਂ ਵਿੱਛੜਨ ਦਾ ਸੋਗ ਮਨਾਉਂਦੀਆਂ ਹਨ। ਇਸ ਲਈ ਜਦੋਂ ਵੀ ਮੈਂ ਖ਼ਰੀਦਦਾਰੀ ਕਰਦੀ ਹਾਂ ਤਾਂ ਸੋਚ ਸਮਝ ਕੇ ਗੈਰ-ਚਮੜੇ ਵਾਲੇ ਉਤਪਾਦਾਂ ਦੀ ਚੋਣ ਕਰਦੀ ਹਾਂ। ਮੈਨੂੰ ਉਮੀਦ ਹੈ ਕਿ ਅਸੀਂ ਪੇਟਾ ਇੰਡੀਆ ਨਾਲ ਇਸ ਮੁਹਿੰਮ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਾਂਗੇ।” -ਆਈਏਐੱਨਐੱਸ