ਨਵੀਂ ਦਿੱਲੀ: ਆਦਿਤਿਆ ਵਿਕਰਮ ਸੇਨਗੁਪਤਾ ਦੀ ਫ਼ਿਲਮ ‘ਵੰਸ ਅਪੌਨ ਏ ਟਾਈਮ ਇਨ ਕੈਲਕਟਾ’ ਨੇ ਸਾਲ 2022 ਦੇ ‘ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਲਾਸ ਏਂਜਲਸ (ਆਈਐੱਫਐੱਫਐੱਲਏ) ਦੇ ਸਮਾਪਤੀ ਸਮਾਗਮ ਦੌਰਾਨ ਸਰਬੋਤਮ ਫੀਚਰ ਫ਼ਿਲਮ ਲਈ ‘ਗਰੈਂਡ ਜ਼ਿਊਰੀ ਪ੍ਰਾਈਜ਼’ ਆਪਣੇ ਨਾਂ ਕੀਤਾ ਹੈ। ਇਸ ਫ਼ਿਲਮ ਫੈਸਟੀਵਲ ਦਾ 20ਵਾਂ ਐਡੀਸ਼ਨ ਇਸ ਸਾਲ ਪ੍ਰਤੱਖ ਤੌਰ ‘ਤੇ 28 ਅਪਰੈਲ ਤੋਂ ਪਹਿਲੀ ਮਈ ਤੱਕ ਕਰਵਾਇਆ ਗਿਆ। ਸਮਾਪਤੀ ਸਮਾਗਮ ਦੌਰਾਨ ਅਨਮੋਲ ਸਿੱਧੂ ਦੀ ਫ਼ਿਲਮ ‘ਜੱਗੀ’ ਨੂੰ ਪਹਿਲੀ ਸਰਬੋਤਮ ਫ਼ਿਲਮ ਵਜੋਂ ‘ਉਮਾ ਦਾ ਕੁਨਹਾ’ ਐਵਾਰਡ ਤੇ ‘ਔਡੀਐਂਸ ਚੁਆਇਸ ਐਵਾਰਡ’ ਮਿਲਿਆ। ਸ੍ਰੀ ਸੇਨਗੁਪਤਾ ਦੀ ਫ਼ਿਲਮ ‘ਵੰਸ ਅਪੌਨ ਏ ਟਾਈਮ ਇਨ ਕੈਲਕਟਾ’ ਦਾ ਵਿਸ਼ਾ ਨਿਰਾਸ਼ਾ, ਨਵੀਂ ਸ਼ੁਰੂਆਤ ਤੇ ਉਮੀਦ ਸੀ, ਜਿਸ ਦੀ ਆਈਐੱਫਐੱਫਐੱਲਏ ਦੇ ਜੱਜਾਂ ਨੇ ਵੀ ਸ਼ਲਾਘਾ ਕੀਤੀ। ਸਿੱਧੂ ਦੀ ਫ਼ਿਲਮ ‘ਜੱਗੀ’ ਦੀ ਕਹਾਣੀ ਪੰਜਾਬ ਦੇ ਇੱਕ ਪੇਂਡੂ ਸਕੂਲੀ ਲੜਕੇ ਦੀ ਜ਼ਿੰਦਗੀ ‘ਤੇ ਆਧਾਰਤ ਹੈ ਜਿਸ ਨੂੰ ਸਮਲਿੰਗੀ ਸਮਝੇ ਜਾਣ ‘ਤੇ ਕੌੜਾ ਤਜਰਬਾ ਤੇ ਜਿਨਸੀ ਸ਼ੋਸ਼ਣ ਹੰਢਾਉਣਾ ਪੈਂਦਾ ਹੈ। ਇਸੇ ਤਰ੍ਹਾਂ ਇਰਫਾਨਾ ਮਜੂਮਦਾਰ ਦੀ ਫ਼ਿਲਮ ‘ਸ਼ੰਕਰ’ਜ਼ ਫੇਰੀਜ਼’ ਦਾ ਜ਼ਿਕਰ ਵੀ ਚੰਗੀ ਫ਼ਿਲਮ ਵਜੋਂ ਕੀਤਾ ਗਿਆ, ਜੋ ਇੱਕ ਲੜਕੀ ਅਤੇ ਇੱਕ ਚੰਗੇ ਇਨਸਾਨ ਦੇ ਰਿਸ਼ਤੇ ‘ਤੇ ਆਧਾਰਤ ਹੈ, ਜੋ ਉਸ ਦੇ ਪਰਿਵਾਰ ਦੀ ਫ਼ਿਕਰ ਕਰਦਾ ਹੈ। ਜਿਊਰੀ ‘ਚ ਲਕਸ਼ਮੀ ਆਇੰਗਰ, ਸਮਰਿਤੀ ਮੁੰਦੜਾ ਤੇ ਜੋਨਾਥਨ ਵਾਈਸੌਕੀ ਸ਼ਾਮਲ ਸਨ। ਲਘੂ ਫ਼ਿਲਮ ਦੀ ਸ਼੍ਰੇਣੀ ਵਿੱਚ ‘ਦਿ ਗਰੈਂਡ ਜਿਊਰੀ ਪ੍ਰਾਈਜ਼’ ਅੰਮ੍ਰਿਤਾ ਬਾਗਚੀ ਦੀ ਫ਼ਿਲਮ ‘ਸਕੁਲੈਂਟ’ ਨੂੰ ਮਿਲਿਆ ਜਦਕਿ ਮੇਘਾ ਰਾਮਾਸਵਾਮੀ ਦੀ ਲਘੂ ਫ਼ਿਲਮ ‘ਲਲਾਨਾ’ਜ਼ ਸੌਂਗ’ ਅਤੇ ਅਕਾਂਕਸ਼ਾ ਕਰੂਜ਼ਿੰਕਸੀ ਵੱਲੋਂ ਨਿਰਦੇਸ਼ਿਤ ਲਘੂ ਫ਼ਿਲਮ ‘ਕਲੋਜ਼ ਟਾਈਜ਼ ਟੂ ਹੋਮ ਕੰਟਰੀ’ ਦੇ ਨਾਵਾਂ ਦਾ ਜ਼ਿਕਰ ਚੰਗੀਆਂ ਫ਼ਿਲਮਾਂ ਵਜੋਂ ਕੀਤਾ ਗਿਆ। ਸਰਬੋਤਮ ਲਘੂ ਫ਼ਿਲਮ ਲਈ ‘ਔਡੀਐਂਸ ਚੁਆਇਸ ਐਵਾਰਡ’ ਨਿਰਦੇਸ਼ਕ ਵੈਸ਼ਾਲੀ ਨਾਇਕ ਵੱਲੋਂ ਨਿਰਦੇਸ਼ਤ ‘7 ਸਟਾਰ ਡਾਇਨੋਸੋਰ ਐਂਟਰਟੇਨਮੈਂਟ’ ਨੂੰ ਮਿਲਿਆ। -ਪੀਟੀਆਈ