ਚੰਡੀਗੜ੍ਹ: ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਨੇ ਆਖਿਆ ਕਿ ਦੁਨੀਆ ਦੇ ਹਰੇਕ ਮਾਤਾ-ਪਿਤਾ ਵਾਂਗ ਉਹ ਵੀ ਆਪਣੇ ਪੁੱਤਰ ਇਬਰਾਹਿਮ ਅਲੀ ਖ਼ਾਨ ਦੇ ਭਵਿੱਖ ਬਾਰੇ ਚਿੰਤਤ ਹੈ। ਇਬਰਾਹਿਮ ਇਸ ਵੇਲੇ ਫ਼ਿਲਮ ‘ਰੌਕੀ ਔਰ ਰਾਨੀ ਦੀ ਪ੍ਰੇਮ ਕਹਾਨੀ’ ਵਿੱਚ ਕਰਨ ਜੌਹਰ ਨਾਲ ਸਹਾਇਕ ਨਿਰਦੇਸ਼ਕ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਇੱਕ ਇੰਟਰਵਿਊ ਦੌਰਾਨ ਸੈਫ਼ ਨੇ ਕਿਹਾ, ‘ਮੈਂ ਉਸ ਦੇ ਭਵਿੱਖ ਲਈ ਚਿੰਤਤ ਹਾਂ ਅਤੇ ਮੈਂ ਖੁਸ਼ ਹਾਂ ਕਿ ਉਹ ਮਿਹਨਤ ਕਰ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਬਰਾਹਿਮ ਨੇ ਸਕੂਲ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਹਰ ਮਾਤਾ-ਪਿਤਾ ਵਾਂਗ ਮੈਨੂੰ ਇਹ ਚਿੰਤਾ ਹੈ ਕਿ ਉਸ ਦਾ ਭਵਿੱਖ ਚੰਗਾ ਹੋਵੇ।’ ਸੈਫ਼ ਨੇ ਕਿਹਾ, ”ਇੱਕ ਖ਼ਾਸ ਉਮਰ ਤੱਕ ਤੁਹਾਡਾ ਸਿੱਧਾ-ਸਾਧਾ ਤੇ ਸਧਾਰਨ ਹੋਣਾ ਬਹੁਤ ਸੁਭਾਵਿਕ ਗੱਲ ਹੈ, ਜੋ ਮੈਨੂੰ ਇਬਰਾਹਿਮ ਵਿੱਚ ਦਿਖਾਈ ਵੀ ਦਿੰਦਾ ਹੈ, ਪਰ ਇਹੀ ਆਦਤ ਵੱਡੀ ਉਮਰੇ ਹੋਣਾ ਚੰਗੀ ਗੱਲ ਨਹੀਂ।’ ਇਬਰਾਹਿਮ ਅਲੀ ਖ਼ਾਨ ਤੇ ਉਸ ਦੀ ਭੈਣ ਸਾਰਾ ਅਲੀ ਖ਼ਾਨ, ਅੰਮ੍ਰਿਤਾ ਸਿੰਘ ਤੇ ਸੈਫ਼ ਅਲੀ ਖ਼ਾਨ ਦੇ ਬੱਚੇ ਹਨ। ਪੁੱਤਰ ਦਾ ਮੜੰਗਾ ਉਸ ਵਰਗਾ ਹੋਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਸੈਫ਼ ਨੇ ਕਿਹਾ, ਉਹ ਵੀ ਅਕਸਰ ਇਹੀ ਕਹਿੰਦਾ ਹੈ ਕਿ ਉਹ ਜਵਾਨ ਸੈਫ਼ ਅਲੀ ਖ਼ਾਨ ਵਰਗਾ ਦਿਖਦਾ ਹੈ। –ਟ੍ਰਿਬਿਊਨ ਵੈੱਬ ਡੈਸਕ