ਚੰਡੀਗੜ੍ਹ: ਨਵ-ਵਿਆਹੀ ਅਦਾਕਾਰਾ ਆਲੀਆ ਭੱਟ ਹਾਲੇ ਵੀ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਉਸ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ (ਆਈਜੀਆਈ) ‘ਤੇ ਆਪਣੀ ਸਾਮਾਨ ਵਾਲੀ ਟਰਾਲੀ ਲੈ ਕੇ ਤੇਜ਼-ਤੇਜ਼ ਤੁਰਦੀ ਦਿਖਾਈ ਦੇ ਰਹੀ ਹੈ। ਯਾਤਰੀ ਆਲੀਆ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਇਸ ਦ੍ਰਿਸ਼ ਨੂੰ ਆਪਣੇ ਮੋਬਾਈਲ ਫੋਨਾਂ ਅਤੇ ਕੈਮਰਿਆਂ ਵਿੱਚ ਕੈਦ ਕਰ ਲਿਆ। ਅਸਲ ਵਿੱਚ ਆਲੀਆ ਨੂੰ ਕੋਈ ਕਾਹਲੀ ਨਹੀਂ ਸੀ ਸਗੋਂ ਜਦੋਂ ਬੀਤੇ ਐਤਵਾਰ ਲੋਕਾਂ ਨੇ ਉਸ ਦੀ ਵੀਡੀਓ ਬਣਾਈ ਉਦੋਂ ਉਹ ਆਪਣੀ ਆਉਣ ਵਾਲੀ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਨੀ’ ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਸੀ। ਅਜਿਹੀਆਂ ਹੋਰ ਵੀ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚੋਂ ਇੱਕ ਵਿੱਚ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ ਵੀ ਨਿਰਦੇਸ਼ਨ ਕਰਦਾ ਨਜ਼ਰ ਆ ਰਿਹਾ ਹੈ। ਆਲੀਆ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਵੀਡੀਓ ਵਿੱਚ ਬਾਕੀ ਟੀਮ ਵੀ ਸ਼ੂਟਿੰਗ ਦੌਰਾਨ ਭੱਜ-ਦੌੜ ਕਰਦੀ ਦਿਖਾਈ ਦਿੱਤੀ। ਹਵਾਈ ਅੱਡੇ ਦੇ ਸਟਾਫ਼ ਮੈਂਬਰ ਵੀ ਸੰਤਰੀ ਰੰਗ ਦੇ ਬਲੇਜ਼ਰ ਪਹਿਨੀ ਆਲੀਆ ਨਾਲ ਦੌੜਦਿਆਂ ਉਸ ਦੀ ਵੀਡੀਓ ਬਣਾਉਂਦੇ ਦਿਖਾਈ ਦੇ ਰਹੇ ਹਨ। ਕਰਨ ਜੌਹਰ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਰਣਵੀਰ ਸਿੰਘ, ਜਯਾ ਬੱਚਨ, ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਕਰਨ ਜੌਹਰ ਨੇ ਨਿਰਦੇਸ਼ਕ ਵਜੋਂ ਕਈ ਸਾਲਾਂ ਬਾਅਦ ਵਾਪਸੀ ਕੀਤੀ ਹੈ। ਇਹ ਫ਼ਿਲਮ 10 ਫਰਵਰੀ 2023 ਨੂੰ ਰਿਲੀਜ਼ ਹੋਵੇਗੀ। -ਟ੍ਰਿਬਿਊਨ ਵੈੱਬ ਡੈਸਕ