ਮੁੰਬਈ: ਅਦਾਕਾਰ ਅਕਸ਼ੈ ਕੁਮਾਰ ਦੀ ਨਵੀਂ ਫਿਲਮ ‘ਪ੍ਰਿਥਵੀਰਾਜ’ ਦਾ ਟਰੇਲਰ ਅੱਜ ਮੁੰਬਈ ਸਥਿਤ ਵਾਈਆਰਐੱਫ ਦੇ ਸਟੂਡੀਓ ਵਿੱਚ ਰਿਲੀਜ਼ ਕੀਤਾ ਗਿਆ। ਇਤਿਹਾਸਕ ਘਟਨਾਵਾਂ ‘ਤੇ ਆਧਾਰਿਤ ਇਹ ਫਿਲਮ ਚੰਦਰਪ੍ਰਕਾਸ਼ ਦਿਵੇਦੀ ਵੱਲੋਂ ਤਿਆਰ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਇਤਿਹਾਸਕ ਘਟਨਾਵਾਂ ‘ਤੇ ਆਧਾਰਿਤ ਕਈ ਸਫ਼ਲ ਫਿਲਮਾਂ ਬਣਾ ਚੁੱਕਿਆ ਹੈ। ਇਨ੍ਹਾਂ ਵਿੱਚ 2003 ‘ਚ ਆਈ ਫਿਲਮ ‘ਪਿੰਜਰ’ ਅਤੇ ਇਤਿਹਾਸਕ ਟੀਵੀ ਡਰਾਮਾ ‘ਪਾਂਚਾਰੀ’ ਸਭ ਤੋਂ ਮਕਬੂਲ ਹੋਏ ਹਨ। ਫਿਲਮ ਦਾ ਟਰੇਲਰ ਲਾਂਚ ਹੋਣ ਮੌਕੇ ਫਿਲਮ ਦੇ ਨਿਰਦੇਸ਼ਕ ਨਾਲ ਅਕਸ਼ੈ ਕੁਮਾਰ, ਸਾਬਕਾ ਵਿਸ਼ਵ ਸੁੰਦਰੀ ਮਾਨੁਸ਼ੀ ਛਿੱਲਰ ਹਾਜ਼ਰ ਸਨ, ਜਿਨ੍ਹਾਂ ਫਿਲਮ ਵਿੱਚ ਪ੍ਰਿਥਵੀਰਾਜ ਤੇ ਰਾਜਕੁਮਾਰੀ ਸੰਯੋਗਿਤਾ ਦਾ ਕਿਰਦਾਰ ਨਿਭਾਇਆ ਹੈ। ਇਸ ਮੌਕੇ ਚੰਦਰਪ੍ਰਕਾਸ਼ ਦਿਵੇਦੀ ਨੇ ਦੱਸਿਆ ਕਿ ਉਹ ਇਸ ਫਿਲਮ ‘ਤੇ ਪਿਛਲੇ 18 ਸਾਲਾਂ ਤੋਂ ਕੰਮ ਕਰ ਰਿਹਾ ਸੀ ਤੇ ਅੱਜ ਉਹ ਆਪਣੀ ਮਿਹਨਤ ਦਾ ਸਿੱਟਾ ਸਾਹਮਣੇ ਦੇਖ ਕੇ ਬਹੁਤ ਖੁਸ਼ ਹੈ। ਉਸ ਨੇ ਦੱਸਿਆ ਕਿ ਉਸ ਨੂੰ ਇਸ ਫਿਲਮ ਦੀ ਪ੍ਰੇਰਨਾ ‘ਪ੍ਰਿਥਵੀਰਾਜ ਰਾਸੋ’ ਅਤੇ ਬ੍ਰਜ ਭਾਸ਼ਾ ਵਿੱਚ ਪ੍ਰਿਥਵੀਰਾਜ ਚੌਹਾਨ ਦੇ ਜੀਵਨ ‘ਤੇ ਲਿਖੇ ਮਹਾਕਾਵਿ ਤੋਂ ਮਿਲੀ। -ਆਈਏਐੱਨਐੱਸ