ਕਾਨ: ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਦੋਨ ਨੇ ਕਾਨ ਫ਼ਿਲਮ ਫੈਸਟੀਵਲ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਉਹ ਪਰਮਾਤਮਾ ਦੀ ਸ਼ੁਕਰਗੁਜ਼ਾਰ ਹੈ ਕਿ ਉਸ ਨੂੰ ਇਸ ਫੈਸਟੀਵਲ ਵਿੱਚ ਜੱਜਾਂ ਦੇ ਪੈਨਲ ਦਾ ਹਿੱਸਾ ਬਣਨ ਦਾ ਸੁਭਾਗ ਪ੍ਰਾਪਤ ਹੋਇਆ, ਪਰ ਇਸ ਦੇ ਨਾਲ ਹੀ ਉਸ ਨੂੰ ਉਸ ਦਿਨ ਦੀ ਵੀ ਉਡੀਕ ਹੈ, ਜਦੋਂ ਭਾਰਤ ਨੂੰ ਵੀ ਸਿਨੇ ਜਗਤ ਵਿੱਚ ਓਹੀ ਕੇਂਦਰੀ ਮੁਕਾਮ ਪ੍ਰਾਪਤ ਹੋਵੇਗਾ, ਜਿੰਨਾ ਇਸ ਸ਼ਹਿਰ ਨੂੰ ਪ੍ਰਾਪਤ ਹੈ। ਕਾਨ ਫਿਲਮ ਫੈਸਟੀਵਲ ‘ਚ ਜੱਜਾਂ ਦੇ ਅੱਠ ਮੈਂਬਰੀ ਪੈਨਲ ਵਿੱਚ ਸ਼ਾਮਲ ਅਦਾਕਾਰਾ ਨੇ ਕਿਹਾ ਕਿ ਭਾਰਤ ਨੂੰ ਵੀ ਆਪਣਾ ਹੁਨਰ ਦ੍ਰਿੜਤਾ ਨਾਲ ਅੱਗੇ ਲਿਆਉਣ ਦੀ ਲੋੜ ਹੈ। ਇਥੇ ਭਾਰਤੀ ਪੈਵੇਲੀਅਨ ਦੇ ਉਦਘਾਟਨੀ ਸਮਾਗਮ ਵਿੱਚ ਸ਼ਿਰਕਤ ਕਰਨ ਮਗਰੋਂ ਦੀਪਿਕਾ ਨੇ ਕਿਹਾ, ‘ਮੈਂ ਇੱਕ ਭਾਰਤੀ ਹੋਣ ਨਾਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਖ਼ੁਦ ‘ਤੇ ਮਾਣ ਮਹਿਸੂਸ ਕਰ ਰਹੀ ਹਾਂ। ਜੇਕਰ ਅਸੀਂ ਕਾਨ ਦੇ 75 ਸਾਲਾਂ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਗਿਣਤੀ ਦੇ ਭਾਰਤੀ ਅਦਾਕਾਰਾਂ ਤੇ ਫਿਲਮਾਂ ਨੂੰ ਹੀ ਇੱਥੇ ਤੱਕ ਪਹੁੰਚਣ ਦਾ ਮਾਣ ਪ੍ਰਾਪਤ ਹੋਇਆ ਹੈ।’ ਅਦਾਕਾਰਾ ਨੇ ਕਿਹਾ, ‘ਮੈਨੂੰ ਯਕੀਨ ਹੈ ਕਿ ਜੇਕਰ ਅਸੀਂ ਪੂਰੇ ਯਕੀਨ ਨਾਲ ਆਪਣੇ ਹੁਨਰ ਤੇ ਯੋਗਤਾ ‘ਤੇ ਕੰਮ ਕਰੀਏ ਤਾਂ ਉਹ ਦਿਨ ਦੂਰ ਨਹੀਂ, ਜਦੋਂ ਕਾਨ ਫਿਲਮ ਫੈਸਟੀਵਲ ‘ਚ ਸ਼ਾਮਲ ਹੋਣ ਲਈ ਭਾਰਤ ਇੱਥੇ ਨਹੀਂ ਆਵੇਗਾ, ਸਗੋਂ ਕਾਨ ਫਿਲਮ ਫੈਸਟੀਵਲ ਭਾਰਤ ਵਿੱਚ ਹੀ ਹੋਵੇਗਾ।’ ਇਸ ਪੈਵੇਲੀਅਨ ਦਾ ਉਦਘਾਟਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੀਤਾ। ਇਸ ਦੌਰਾਨ ਸੰਗੀਤਕਾਰ ਏਆਰ ਰਹਿਮਾਨ, ਫਿਲਮ ਨਿਰਮਾਤਾ ਸ਼ੇਖਰ ਕਪੂਰ, ਸੀਬੀਐੱਫਸੀ ਚੀਫ਼ ਪ੍ਰਸੁਨ ਜੋਸ਼ੀ, ਅਦਾਕਾਰ ਆਰ ਮਾਧਵਨ, ਨਵਾਜ਼ੂਦੀਨ ਸਿੱਦਿਕੀ, ਪੂਜਾ ਹੇਗੜੇ, ਉਰਵਸ਼ੀ ਰੌਟੇਲਾ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਇਸ ਵਰ੍ਹੇ ਫੈਸਟੀਵਲ ਦੌਰਾਨ ਭਾਰਤ ਨੂੰ ਕੰਟਰੀ ਆਫ ਆਨਰ ਦਾ ਦਰਜਾ ਵੀ ਪ੍ਰਾਪਤ ਹੋਇਆ ਹੈ। -ਪੀਟੀਆਈ
ਸੋਸ਼ਲ ਮੀਡੀਆ ‘ਤੇ ਦੀਪਿਕਾ ਦੀ ‘ਬੰਗਾਲ ਟਾਈਗਰ’ ਸਾੜੀ ਦੇ ਚਰਚੇ
ਨਵੀਂ ਦਿੱਲੀ: ਕਾਨ ਫਿਲਮ ਫੈਸਟੀਵਲ ਦੀ ਸ਼ੁਰੂਆਤ ਮੌਕੇ ਅਦਾਕਾਰਾ ਦੀਪਿਕਾ ਪਾਦੂਕੋਨ ਨੇ ਡਿਜ਼ਾਈਨਰ ਸੱਭਿਆਸਾਚੀ ਮੁਖਰਜੀ ਦੀ ‘ਬੰਗਾਲ ਟਾਈਗਰ ਸਾੜੀ’ ਪਹਿਨੀ ਹੋਈ ਸੀ। ਇਸ ਸਾੜੀ ‘ਚ ਕਾਲੇ ਤੇ ਸੁਨਹਿਰੀ ਰੰਗ ਦੀਆਂ ਧਾਰੀਆਂ ਹਨ। ਅਦਾਕਾਰਾ ਨੇ ਕਾਲੇ ਰੰਗ ਦਾ ਬਲਾਊਜ਼ ਪਾਇਆ ਹੋਇਆ ਸੀ। ਦੀਪਿਕਾ ਦੀਆਂ ਤਸਵੀਰਾਂ ਨਸ਼ਰ ਹੋਣ ਮਗਰੋਂ ਇਸ ਸਾੜੀ ਨੂੰ ਤਿਆਰ ਕਰਨ ਵਾਲੇ ਡਿਜ਼ਾਈਨਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੀਪਿਕਾ ਦੀ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਾੜੀ ਉਸ ਦੀ ਕੁਲੈਕਸ਼ਨ ‘ਆਕਾਸ਼ ਤਾਰਾ’ ਵਿੱਚ ਸ਼ਾਮਲ ਸੀ ਅਤੇ ਇਸ ਮਾਡਰਨ ਸਾੜੀ ‘ਚੋਂ ਭਾਰਤ ਦੀ ਵਿਰਾਸਤ, ਕਲਾ ਤੇ ਤਕਨੀਕ ਦੀ ਝਲਕ ਪੈਂਦੀ ਹੈ। -ਆਈਏਐੱਨਐੱਸ