ਪੈਰਿਸ, 23 ਮਈ
ਆਸਟਰੀਆ ਦਾ ਡੌਮੀਨਿਕ ਥੀਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਗੇੜ ਦੇ ਪਹਿਲੇ ਦੌਰ ਵਿੱਚ ਹੀ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਥੀਮ ਨੂੰ ਦੁਨੀਆਂ ਦੇ 194ਵੇਂ ਨੰਬਰ ਦੇ ਖ਼ਿਡਾਰੀ ਹੂਗੋ ਡੈਲੀਅਨ ਨੇ ਸਿੱਧੇ ਸੈੱਟਾਂ ਵਿੱਚ 3-6, 2-6, 4-6 ਨਾਲ ਹਰਾਇਆ। ਡੌਮੀਨਿਕ ਥੀਮ ਦੀ ਇਹ ਲਗਾਤਾਰ 10ਵੀਂ ਹਾਰ ਹੈ। ਇਸੇ ਦੌਰਾਨ ਸਪੇਨ ਦੇ ਕਾਰਲੋਸ ਅਲਕਾਰੇਜ ਨੇ ਯੁਆਨ ਇਗਨਾਸਿਯੋ ਲੌਂਡੇਰੋ ਨੂੰ 6-4, 6-2, 6-0 ਨਾਲ ਮਾਤ ਦਿੱਤੀ। ਦੂਜੇ ਪਾਸੇ ਅਮਰੀਕਾ ਦੀ ਕੋਕੋ ਗਫ਼ ਨੇ ਰਿਬੈਕਾ ਮਾਰਿਨੋ ਨੂੰ 7-5, 6-0 ਨਾਲ ਹਰਾ ਕੇ ਮਹਿਲਾ ਸਿੰਗਲ ਵਰਗ ਦੇ ਦੂਜੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ। ਜਦਕਿ ਗਾਰਬਾਈਨ ਮੁਗੂਰੁਜਾ ਨੂੰ ਇਸਟੋਨੀਆ ਦੀ ਖਿਡਾਰਨ ਕੇ. ਕੈਨੇਪੀ ਹੱਥੋਂ 2-6, 6-3, 6-4 ਨਾਲ ਹਾਰ ਮਿਲੀ ਹੈ। ਕੈਨੇਡਾ ਦੇ ਐੱਫ.ਏ. ਐਲਿਆਸਿਮ ਨੇ ਪੇਰੂ ਦੇ ਜੁਆਨ ਪਾਬਲੋ ਵੇਰੀਲਾਸ ਨੂੰ 2-6, 2-6, 6-1, 6-3, 6-3 ਨਾਲ ਹਰਾਇਆ। ਇਸੇ ਦੌਰਾਨ ਮਹਿਲਾ ਵਰਗ ‘ਚ ਸਲੋਏਨ ਸਟੀਫਨਜ਼, ਸੋਰਾਨਾ ਕ੍ਰਿਸਟੀਆ ਅਤੇ ਪੁਰਸ਼ਾਂ ਵਿੱਚ ਗ੍ਰਿਗੋਰ ਦਿਮਤ੍ਰੋਵ, ਬੋਟਿਕ ਵੇਨ ਡੀ ਜੈਂਡਸ਼ਲਪ ਨੇ ਵੀ ਜਿੱਤ ਦਰਜ ਕੀਤੀ ਹੈ। -ੲੇਪੀ