ਮੁੰਬਈ: ਫ਼ਿਲਮ ਨਿਰਮਾਤਾ ਹੰਸਲ ਮਹਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਮਰੀਕਾ ਦੇ ਸਾਂ ਫਰਾਂਸਿਸਕੋ ਵਿੱਚ ਲੰਬੇ ਸਮੇਂ ਦੀ ਸਾਥੀ ਸਫੀਨਾ ਹੁਸੈਨ ਨਾਲ ਵਿਆਹ ਕਰਵਾ ਲਿਆ ਹੈ। ‘ਸ਼ਾਹਿਦ’, ‘ਅਲੀਗੜ੍ਹ’ ਅਤੇ ਲੜੀਵਾਰ ‘ਸਕੈਮ 1992’ ਨਾਲ ਜੁੜੇ 54 ਸਾਲਾ ਫ਼ਿਲਮ ਨਿਰਮਾਤਾ ਨੇ ਸੋਸ਼ਲ ਮੀਡੀਆ ‘ਤੇ ਹੁਸੈਨ ਨਾਲ ਆਪਣੇ ਵਿਆਹ ਦੀ ਖ਼ਬਰ ਸਾਂਝੀ ਕੀਤੀ। ਸਫੀਨਾ ਹੁਸੈਨ, ਮਰਹੂਮ ਅਭਿਨੇਤਾ ਯੂਸਫ ਹੁਸੈਨ ਦੀ ਧੀ ਹੈ। ਹੰਸਲ ਨੇ ਲਿਖਿਆ,”ਆਖਿਰਕਾਰ 17 ਸਾਲ ਨਾਲ-ਨਾਲ ਰਹਿਣ ਅਤੇ ਆਪਣੇ ਪੁੱਤਰਾਂ ਨੂੰ ਵੱਡਿਆਂ ਹੁੰਦਿਆਂ ਦੇਖਦੇ ਹੋਏ, ਆਪਣੇ ਸੁਫ਼ਨਿਆਂ ਨੂੰ ਪੂਰੇ ਕਰਨ ਲਈ ਅਸੀਂ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ। ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਇਹ ਫ਼ੈਸਲਾ ਅਚਾਨਕ ਕੀਤਾ ਹੈ।” ਫਿਲਮ ਨਿਰਮਾਤਾ ਨੇ ਸਾਂ ਫਰਾਂਸਿਸਕੋ ਦੇ ਤਾਜ ਕੈਂਪਟਨ ਪਲੇਸ ਵਿੱਚ ਕੀਤੇ ਵਿਆਹ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਹ ਲੜਕੀਆਂ ਦੀ ਸਿੱਖਿਆ ਦੇ ਲਈ ਕੰਮ ਕਰਨ ਵਾਲੀ ਸੰਸਥਾ ‘ਐਜੂਕੇਟ ਗਰਲਜ਼’ ਦੀ ਸੰਸਥਾਪਕ ਹੈ। ਹੰਸਲ ਅਤੇ ਸਫੀਨਾ ਦੀਆਂ ਦੋ ਧੀਆਂ ਵੀ ਹਨ। ਫਿਲਮਸਾਜ਼ ਵਿਸ਼ਾਲ ਭਾਰਦਵਾਜ ਅਤੇ ਅਨੁਭਵ ਸਿਨਹਾ ਤੋਂ ਇਲਾਵਾ ਅਦਾਕਾਰ ਰਾਜਕੁਮਾਰ ਰਾਓ, ਮਨੋਜ ਵਾਜਪਈ ਅਤੇ ਪ੍ਰਤੀਕ ਗਾਂਧੀ ਨੇ ਹੰਸਲ ਮਹਿਤਾ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਹੰਸਲ ਮਹਿਤਾ ਦਾ ਪਹਿਲਾਂ ਸੁਨੀਤਾ ਮਹਿਤਾ ਨਾਲ ਵਿਆਹ ਹੋਇਆ ਸੀ। ਜੈ ਅਤੇ ਪੱਲਵ ਉਸ ਦੇ ਦੋ ਪੁੱਤਰ ਹਨ। -ਆਈਏਐੱਨਐੱਸ