ਮੁੰਬਈ: ਅਦਾਕਾਰਾ ਹਿਨਾ ਖ਼ਾਨ ਕੋਲ ਹੁਣ ਤੱਕ ਦੋ ਕਾਂਸ ਫਿਲਮ ਫੈਸਟੀਵਲ ਦਾ ਤਜਰਬਾ ਹੈ। ਹਿਨਾ ਕਹਿੰਦੀ ਹੈ ਕਿ ਉਸ ਦਾ ਫਰੈਂਚ ਰਿਵੇਰਾ ਵਿੱਚ ਸਾਲ 2019 ਦਾ ਸ਼ੁਰੂਆਤੀ ਅਤੇ 2022 ਵਿੱਚ ਵੀ ਦੂਜੀ ਵਾਰ ਦਾ ਅਜਿਹਾ ਤਜਰਬਾ ਰਿਹਾ ਹੈ, ਜੋ ਉਸ ਨੂੰ ਹਮੇਸ਼ਾ ਯਾਦ ਰਹੇਗਾ। ਹਿਨਾ ਨੇ ਕਿਹਾ, ”ਗਲੋਬਲ ਪਲੈਟਫਾਰਮ ‘ਤੇ ਭਾਰਤ ਦੀ ਪ੍ਰਤੀਨਿਧਤਾ ਕਰਨਾ ਬਹੁਤ ਵੱਡੀ ਗੱਲ ਹੈ ਅਤੇ ਮੈਂ ਇਸ ਨੂੰ ਬਹੁਤ ਵੱਡਾ ਸਨਮਾਨ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਦੋ ਕਾਂਸ ਫੈਸਟੀਵਲ ‘ਚ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ। ਮੈਨੂੰ ਪੂਰੀ ਉਮੀਦ ਹੈ ਕਿ ਇਹ ਮੌਕਾ ਮੈਨੂੰ ਹਰ ਵਾਰ ਮਿਲਦਾ ਰਹੇਗਾ।” ਹਿਨਾ ਦੀ ਇੰਡੋ-ਇੰਗਲਿਸ਼ ਫਿਲਮ ‘ਕੰਟਰੀ ਆਫ ਬਲਾਈਂਡ’ ਦਾ ਪੋਸਟਰ ਇਸ ਵੱਕਾਰੀ ਫਿਲਮ ਫੈਸਟੀਵਲ ਦੌਰਾਨ ਲਾਂਚ ਕੀਤਾ ਗਿਆ। ਹਿਨਾ ਨੇ ਪੋਸਟਰ ਲਾਂਚ ਬਾਰੇ ਖੁਲਾਸਾ ਕੀਤਾ, ”ਮੈਨੂੰ ਲਾਇਨਜ਼ ਦਾ ਪੋਸਟਰ ਲਾਂਚ ਕਰਨਾ ਯਾਦ ਹੈ ਅਤੇ ਉਸ ਦੇ ਨਾਲ ਹੋਈ ਸ਼ਲਾਘਾ ਬੇਅੰਤ ਸੀ। ਅਤੇ ਇਹ ਉਦੋਂ ਹੋਰ ਕਈ ਗੁਣਾ ਵਧ ਗਈ, ਜਦੋਂ ਮੈਂ ‘ਕੰਟਰੀ ਆਫ ਬਲਾਇੰਡ’ ਦਾ ਪੋਸਟਰ ਲਾਂਚ ਕੀਤਾ। ਦੋਵੇਂ ਫਿਲਮਾਂ ਵੱਖ-ਵੱਖ ਕਾਰਨਾਂ ਕਰ ਕੇ ਮੇਰੇ ਦਿਲ ਦੇ ਬਹੁਤ ਨੇੜੇ ਰਹੀਆਂ ਹਨ ਅਤੇ ਦੋਵਾਂ ਦਾ ਕਾਂਸ ਵਿੱਚ ਹੋਣਾ, ਉਨ੍ਹਾਂ ਨੂੰ ਹੋਰ ਵੀ ਖਾਸ ਬਣਾ ਦਿੰਦਾ ਹੈ। ਮੈਂ ਉਸ ਪਲ ਕੁਝ ਹੋਰ ਨਹੀਂ ਮੰਗ ਸਕਦੀ ਸੀ।” ਹਿਨਾ ਨੇ ਕਿਹਾ ਕਿ ਕਾਂਸ ਇੱਕ ਅਜਿਹਾ ਪਲੈਟਫਾਰਮ ਹੈ, ਜਿੱਥੇ ਵੱਖ ਵੱਖ ਫਿਲਮੀ ਭਾਈਚਾਰੇ ਸਿਨੇਮਾ ਦਾ ਜਸ਼ਨ ਮਨਾਉਣ ਅਤੇ ਆਪਣੇ-ਆਪਣੇ ਦੇਸ਼ਾਂ ਦੀ ਨੁਮਾਇੰਦਗੀ ਕਰਨ ਲਈ ਇਕੱਠੇ ਹੁੰਦੇ ਹਨ। ਉਸ ਨੇ ਕਿਹਾ ਕਿ ਉਹ ਆਪਣੇ-ਆਪ ਨੂੰ ਖੁਸ਼ਕਿਮਸਤ ਸਮਝਦੀ ਹੈ ਕਿ ਉਸ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ। -ਆਈੲੇਐੱਨਐੱਸ