ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਇੱਕ ਕੰਪਨੀ ਨੂੰ ਫਿਲਮ ‘ਸ਼ੋਅਲੇ’ ਦੇ ਨਾਂ ਦੀ ਵਰਤੋਂ ਕਰਨ ਦੇ ਦੋਸ਼ ਹੇਠ 25 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਉੱਚ ਅਦਾਲਤ ਨੇ ਕਿਹਾ ਹੈ ਕਿ ‘ਸ਼ੋਅਲੇ’ ਇੱਕ ਸਫ਼ਲ ਫਿਲਮ ਦਾ ਨਾਂ ਹੈ ਜੋ ਆਪਣੀ ਇੱਕ ਵੱਖਰੀ ਪਛਾਣ ਸਥਾਪਤ ਕਰ ਚੁੱਕਿਆ ਹੈ ਤੇ ਇਸ ਦੀ ਵਰਤੋਂ ਇੱਕ ਟਰੇਡਮਾਰਕ ਵਾਂਗ ਹੁੰਦੀ ਹੈ। ਇਸ ਲਈ ਕਿਸੇ ਦੂਸਰੇ ਵੱਲੋਂ ਆਪਣੇ ਕਾਰੋਬਾਰ ਦੀ ਤਰੱਕੀ ਲਈ ਇਸ ਨਾਂ ਦੀ ਵਰਤੋਂ ਕਰਨਾ ਗ਼ਲਤ ਹੈ। ਇਕ ਕੇਸ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਇਸ ਨਾਮ ਦੀ ਵਰਤੋਂ ਕਰਨ ਵਾਲੀ ਕੰਪਨੀ ਨੂੰ ਸ਼ੋਅਲੇ ਮੀਡੀਆ ਐਂਟਰਟੇਨਮੈਂਟ ਪ੍ਰਾਈਵੇਟ ਲਿਮਿਟਡ ਅਤੇ ਸਿੱਪੀ ਫਿਲਮਜ਼ ਪ੍ਰਾਈਵੇਟ ਲਿਮਿਟਡ ਨੂੰ 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਇਸ ਨਾਂ ਹੇਠ ਇੱਕ ਡੀਵੀਡੀ ਬਣਾਉਣ ਵਾਲੀ ਕੰਪਨੀ ਨੇ ਵੀਹ ਸਾਲ ਤੱਕ ਆਪਣੀ ਵੈੱਬਸਾਈਟ ਰਾਹੀਂ ਡੀਵੀਡੀਜ਼ ਵੇਚਣ ਦਾ ਕਾਰੋਬਾਰ ਕੀਤਾ ਹੈ, ਜਿਸ ਦੇ ਮੱਦੇਨਜ਼ਰ ਜਸਟਿਸ ਪ੍ਰਤਿਭਾ ਐੱਮ ਸਿੰਘ ਨੇ ਕੰਪਨੀ ਮਾਲਕ ਨੂੰ ਤਿੰਨ ਮਹੀਨਿਆਂ ਅੰਦਰ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। -ਪੀਟੀਆਈ